ਲੱਖਾਂ ਦੀ ਸਮੈਕ ਸਮੇਤ ਝਾਰਖੰਡ ਨਿਵਾਸੀ ਗ੍ਰਿਫਤਾਰ, ਮਾਮਲਾ ਦਰਜ

12/31/2017 8:03:08 AM

ਕਪੂਰਥਲਾ, (ਭੂਸ਼ਣ)- ਜ਼ਿਲਾ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰ ਕੇ ਲੱਖਾਂ ਰੁਪਏ ਦੀ ਸਮੈਕ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲਾ ਪੁਲਸ ਲਾਈਨ 'ਚ ਬੁਲਾਏ ਗਏ ਪੱਤਰਕਾਰ ਸੰੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੇ ਹੁਕਮਾਂ ਤੇ ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਦੀ ਨਿਗਰਾਨੀ 'ਚ ਐੱਸ. ਐੱਚ. ਓ. ਢਿੱਲਵਾਂ ਭੂਸ਼ਣ ਸੇਖੜੀ ਨੇ ਪੁਲਸ ਟੀਮ ਨਾਲ ਰੇਲਵੇ ਫਾਟਕ ਢਿੱਲਵਾਂ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਢਿੱਲਵਾਂ ਰੇਲਵੇ ਸਟੇਸ਼ਨ ਤੋਂ ਆ ਰਹੇ ਇਕ ਨੌਜਵਾਨ ਦੇ ਬੈਗ ਦੀ ਤਲਾਸ਼ੀ ਲੈਣ ਲਈ ਉਸ ਨੂੰ ਰੋਕਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਜਮਾਲ ਸ਼ੇਖ ਪੁੱਤਰ ਤਾਲਿਬ ਸ਼ੇਖ ਨਿਵਾਸੀ ਕਟਲਹਲ ਵਾਰੀ ਥਾਣਾ ਰਾਧਾ ਨਗਰ ਜ਼ਿਲਾ ਸਾਹਿਬ ਗੰਜ ਝਾਰਖੰਡ ਦੱਸਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ 500 ਗ੍ਰਾਮ ਸਮੈਕ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ । ਪੁੱਛਗਿੱਛ ਕਰਨ 'ਤੇ ਉਕਤ ਵਿਅਕਤੀ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਡਰੱਗ ਵੇਚਣ ਦਾ ਧੰਦਾ ਕਰਦਾ ਹੈ ਅਤੇ ਉਹ ਝਾਰਖੰਡ ਤੋਂ ਸਮੈਕ ਲਿਆ ਕੇ ਸੂਬੇ ਭਰ 'ਚ ਆਪਣੇ ਖਾਸ ਗਾਹਕਾਂ ਨੂੰ ਵੇਚਦਾ ਸੀ ।ਇਸ ਮੌਕੇ ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਅਤੇ ਥਾਣਾ ਢਿੱਲਵਾਂ ਦੇ ਐੱਸ. ਐੱਚ. ਓ. ਭੂਸ਼ਣ ਸੇਖੜੀ ਮੌਜੂਦ ਸਨ।