ਝਾਰਖੰਡ ਦੇ ਚੋਣ ਨਤੀਜੇ ਭਾਜਪਾ ਦੀ ਫੁਟਪਾਊ ਸਿਆਸਤ ਖਿਲਾਫ਼ ਫਤਵਾ : ਕੈਪਟਨ

12/23/2019 11:21:01 PM

ਚੰਡੀਗੜ੍ਹ/ਜਲੰਧਰ (ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ-ਝਾਰਖੰਡ ਮੁਕਤੀ ਮੋਰਚਾ-ਰਾਸ਼ਟਰੀ ਜਨਤਾ ਦਲ ਦੀ ਜਿੱਤ ਦਾ ਸਵਾਗਤ ਕਰਦਿਆਂ ਇਸ ਨੂੰ ਭਾਰਤੀ ਜਨਤਾ ਪਾਰਟੀ ਦੀ ਫੁੱਟਪਾਊ ਸਿਆਸਤ ਵਿਰੁੱਧ ਲੋਕ ਫਤਵਾ ਕਰਾਰ ਦਿੱਤਾ। ਇਨ੍ਹਾਂ ਚੋਣ ਨਤੀਜਿਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਦੀ ਪੁੱਠੀ ਗਿਣਤੀ ਇਸ ਸਾਲ ਦੇ ਆਰੰਭ 'ਚ ਸ਼ੁਰੂ ਹੋਈ ਸੀ ਤੇ ਇਨ੍ਹਾਂ ਚੋਣਾਂ ਨਾਲ ਇਸ ਦੀ ਪ੍ਰੋੜਤਾ ਹੋ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਭਾਜਪਾ ਦੀਆਂ ਦੇਸ਼ ਦੇ ਕੋਨੇ-ਕੋਨੇ ਤੱਕ ਆਪਣੇ ਖੰਬ ਫੈਲਾਉਣ ਦੀਆਂ ਇੱਛਾਵਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ ਜਿਸ ਨਾਲ ਭਾਜਪਾ ਮੁਕਤ ਭਾਰਤ ਦੀ ਸਿਰਜਣਾ ਲਈ ਰਾਹ ਪੱਧਰਾ ਹੋ ਗਿਆ। ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਨਾ ਸਿਰਫ਼ ਭਾਜਪਾ ਦੇ ਫੁੱਟਪਾਊ ਏਜੰਡੇ ਦਾ ਪਰਦਾਫਾਸ਼ ਕੀਤਾ ਸਗੋਂ ਲੋਕਾਂ ਨੇ ਇਸ ਨੂੰ ਮੁੱਢੋਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਫਤਵਾ ਸੱਤਾਧਾਰੀ ਪਾਰਟੀ ਦੀ ਫਿਰਕੂ ਸਿਆਸਤ ਦੀ ਹਾਰ ਦੀ ਗਵਾਹੀ ਭਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਆ ਰਿਹਾ ਹੈ ਜਦੋਂ ਮੁਲਕ ਭਰ 'ਚ ਭਾਜਪਾ ਵਿਰੋਧੀ ਲਹਿਰ ਮਜ਼ਬੂਤੀ ਨਾਲ ਫੈਲ ਰਹੀ ਹੈ ਤੇ ਇਸ ਦਾ ਪ੍ਰਗਟਾਵਾ ਕੇਂਦਰ ਸਰਕਾਰ ਦੇ ਕੌਮੀ ਨਗਰਿਕਤਾ ਕਾਨੂੰਨ ਤੇ ਕੌਮੀ ਨਾਗਰਿਕਤਾ ਰਜਿਸਟਰ ਵਰਗੇ ਗੈਰ-ਸੰਵਿਧਾਨਿਕ ਕਦਮਾਂ ਵਿਰੁੱਧ ਵੱਡੀ ਪੱਧਰ 'ਤੇ ਫੈਲੇ ਜਨ ਅੰਦੋਲਨ ਤੋਂ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਝਾਰਖੰਡ ਦੇ ਨਤੀਜਿਆਂ ਨੇ ਕਾਂਗਰਸ ਪਾਰਟੀ ਦੇ ਧਰਮ ਨਿਰਪੱਖ ਏਜੰਡੇ 'ਤੇ ਮੋਹਰ ਲਾਈ ਹੈ।
ਕੈ. ਅਮਰਿੰਦਰ ਸਿੰਘ ਨੇ ਅਨੇਕਤਾ 'ਚ ਏਕਤਾ ਦੇ ਸੰਵਿਧਾਨਿਕ ਸੰਕਲਪ ਦੇ ਪਿਛੋਕੜ 'ਚ ਲੋਕ ਵਿਕਾਸ ਤੇ ਤਰੱਕੀ ਚਾਹੁੰਦੇ ਹਨ ਨਾ ਕਿ ਧਰਮ ਦੇ ਨਾਮ 'ਤੇ ਸੌੜੇ ਹਿੱਤਾਂ ਲਈ ਵੰਡੀਆਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀ ਨਬਜ਼ ਟੋਹਣ 'ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਖਾਸ ਕਰਕੇ ਵੱਡਾ ਨੌਜਵਾਨ ਵਰਗ ਭਾਜਪਾ ਦੀਆਂ ਹਰ ਖੇਤਰ 'ਚ ਰਹੀਆਂ ਨਾਕਾਮੀਆਂ ਨਾਲ ਇਸ ਦੀ ਅਸਲੀਅਤ ਨੂੰ ਪਛਾਣ ਚੁੱਕਾ ਹੈ ਕਿਉਂਕਿ ਬੇਰੁਜ਼ਗਾਰੀ ਵੱਧ ਰਹੀ ਹੈ, ਆਰਥਿਕ ਸਮੱਸਿਆਵਾਂ ਹੋਰ ਗੰਭੀਰ ਹੋ ਰਹੀਆਂ ਹਨ ਤੇ ਕੀਮਤਾਂ ਵਧ ਰਹੀਆਂ ਹਨ ਜਿਸ ਕਰਕੇ ਵੋਟਰਾਂ ਨੇ ਵਿਕਾਸ ਅਤੇ ਤਰੱਕੀ ਦੇ ਹੱਕ ਵਿਚ ਵੋਟਾਂ ਪਾ ਕੇ ਪਿਛਾਂਹ ਖਿੱਚੂ ਨੀਤੀਆਂ ਖਿਲਾਫ਼ ਫਤਵਾ ਦਿੱਤਾ ਹੈ। ਮੁੱਖ ਮੰਤਰੀ ਨੇ ਭਵਿੱਖਵਾਣੀ ਕਰਦਿਆਂ ਆਖਿਆ ਕਿ ਇਹ ਹੁਣ ਕੁਝ ਸਮੇਂ ਦੀ ਹੀ ਗੱਲ ਹੈ ਕਿ ਰਾਸ਼ਟਰ ਦੇ ਚਿਹਰੇ ਤੋਂ ਭਗਵਾਂ ਰੰਗ ਹਟ ਜਾਵੇਗਾ ਅਤੇ ਇਥੋਂ ਦੇ ਲੋਕਾਂ ਲਈ ਸੁਨਹਿਰੇ ਭਵਿੱਖ ਦਾ ਰਾਹ ਖੁੱਲ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਝੂਠੇ ਵਾਅਦੇ ਤੇ ਫੋਕੇ ਦਾਅਵੇ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਤਾ ਲੰਮਾ ਸਮਾਂ ਨਹੀਂ ਚਲਾ ਸਕਦੇ ਅਤੇ ਇਸ ਨੂੰ ਭਾਜਪਾ ਸਪੱਸ਼ਟ ਤੌਰ 'ਤੇ ਕਬੂਲਣ 'ਚ ਅਸਫਲ ਰਹੀ ਹੈ।


KamalJeet Singh

Content Editor

Related News