ਗੁਟਕਾ ਸਾਹਿਬ ਦੀ ਬੇਅਦਬੀ, ਸ਼ਰਾਰਤੀ ਅਨਸਰਾਂ ਨੇ ਅੰਗ ਪਾੜ ਕੇ ਸੂਏ ''ਚ ਸੁੱਟੇ

04/10/2019 2:11:33 PM

ਝਬਾਲ (ਨਰਿੰਦਰ) : ਪੰਜਾਬ 'ਚ ਬੀਤੇ ਕੁਝ ਸਮੇਂ ਤੋਂ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨਾਲ ਛੇੜਛਾੜ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ । ਅਜਿਹਾ ਹੀ ਮਾਮਲਾ ਤਰਨਤਾਰਨ ਦੇ ਪਿੰਡ ਪੰਜਵੜ ਵਿਖੇ ਸਾਹਮਣੇ ਆਇਆ ਹੈ, ਜਿਥੇ ਪਿੰਡ ਦੇ ਬਾਹਰ ਬਣੇ ਪਾਣੀ ਵਾਲੇ ਸੁੱਕੇ ਸੂਏ ਦੇ 'ਚ ਪੁੱਲ ਨੇੜੇ ਕਿਸੇ ਸ਼ਰਾਰਤੀ ਅਨਸਰ ਨੇ ਗੁਰਬਾਣੀ ਦੇ ਦੋ ਗੁਟਕਾ ਸਾਹਿਬ ਨੂੰ ਪਾੜ ਕੇ ਉਸ ਦੇ ਅੰਗਾਂ ਨੂੰ ਸੂਏ 'ਚ ਸੁੱਟ ਦਿੱਤਾ। ਖੇਤਾ ਨੂੰ ਜਾ ਰਹੇ ਪਿੰਡ ਵਾਸੀ ਸਰਬਜੀਤ ਸਿੰਘ ਤੇ ਖਜਾਨ ਸਿੰਘ ਨੇ ਜਦੋਂ ਸੂਏ 'ਚ ਗੁਟਕਾ ਸਾਹਿਬ ਦੇਖੇ ਤਾਂ ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਦਿੱਤੀ। ਘਟਨਾ ਦਾ ਪਤਾ ਚੱਲਦਿਆਂ ਬਾਬਾ ਬੁੱਢਾ ਸਾਤਿਕਾਰ ਕਮੇਟੀ ਦੇ ਮੀਤ ਪ੍ਰਧਾਨ ਭਾਈ ਪ੍ਰਗਟ ਸਿੰਘ ਪੰਡੋਰੀ, ਕਿਸਾਨ ਸ਼ੰਘਰਸ਼ ਕਮੇਟੀ ਦੇ ਭਾਈ ਕੈਪਟਨ ਸਿੰਘ ਬਘਿਆੜੀ, ਵਿਸ਼ਾਲ ਸਿੰਘ, ਭਾਈਅਰਸ਼ਦੀਪ ਸਿੰਘ, ਭਾਈ ਬਾਲੀ ਸਿੰਘ ਬਾਬਾ ਸਿਧਾਣਾ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਮੌਕੇ 'ਤੇ ਪਹੁੰਚ ਗਈਆਂ। ਉਨ੍ਹਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਝਬਾਲ ਪੁਲਸ ਦੇ ਮੁਖੀ ਬਲਜੀਤ ਸਿੰਘ ਤੇ ਪੁਲਸ ਦੀ ਹਾਜ਼ਰੀ 'ਚ ਇਕੱਠਿਆਂ ਕਰਕੇ ਗੁਰਦੁਆਰਾ ਸ਼ਹੀਦ ਸਿੰਘਾਂ ਪੰਜਵੜ੍ਹ ਵਿਖੇ ਲਿਆਂਦਾ ਗਿਆ। ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਅਨੁਸਾਰ ਇਥੋਂ ਇਨ੍ਹਾਂ ਨੂੰ ਸਤਿਕਾਰ ਸਹਿਤ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲਿਜਾਇਆ ਜਾਵੇਗਾ। 

ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਬਾਬਾ ਬੁੱਢਾ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਝਬਾਲ, ਖਾਲੜਾ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ,ਵਿੱਕੀ ਪੰਜਵੜ੍ਹ, ਲਾਡੀ ਪੰਜਵੜ੍ਹ ਨੇ ਕਿਹਾ ਕਿ ਅਜਿਹੀ ਘਿਨਾਉਣੀ ਹਰਕਤ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਹੋਈ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟੀਆਂ ਹਰਕਤਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਸ ਸਬੰਧੀ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਝਬਾਲ ਬਲਜੀਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਘਟੀਆਂ ਹਰਕਤ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 

 

Baljeet Kaur

This news is Content Editor Baljeet Kaur