ਕਾਂਗਰਸ ਦੇ ਯੂਥ ਜ਼ਿਲਾ ਪ੍ਰਧਾਨ ਦੀ ਗੱਡੀ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੇ

02/07/2019 11:03:22 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) :  ਕਾਂਗਰਸ ਦੇ ਸੂਬਾ ਸਕੱਤਰ ਅਤੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪ੍ਰਮੁੱਖ ਕਾਂਗਰਸੀ ਆਗੂ ਹਰਸ਼ਰਨ ਸਿੰਘ ਮੱਲ੍ਹਾ ਸੋਹਲ ਦੇ ਲੜਕੇ ਅਤੇ ਕਾਂਗਰਸ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਉਂਕਾਰਦੀਪ ਸਿੰਘ ਮੱਲ੍ਹਾ ਅੱਜ ਉਸ ਵੇਲੇ ਵਾਲ-ਵਾਲ ਬਚ ਗਏ ਜਦੋਂ ਉਨ੍ਹਾਂ ਦੀ ਫਾਰਚੂਨਰ ਗੱਡੀ ਇਕ ਜ਼ਬਰਦਸਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੁਰਘਟਨਾ ਦੀ ਪੁਸ਼ਟੀ ਕਰਦਿਆਂ ਉਂਕਾਰਦੀਪ ਸਿੰਘ ਮੱਲ੍ਹਾ ਸੋਹਲ ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਹ ਆਪਣੇ ਦੋਸਤ ਲਾਡਾ ਤਰਨਤਾਰਨ ਸਮੇਤ ਉਕਤ ਫਾਰਚੂਨਰ ਗੱਡੀ ਨੰਬਰ ਪੀ.ਬੀ. 46 ਐੱਮ. 0008 'ਤੇ ਸਵਾਰ ਹੋ ਕੇ ਤਰਨਤਾਰਨ ਤੋਂ ਅੰਮ੍ਰਿਤਸਰ ਲਈ ਨਿਕਲੇ ਸਨ। ਉਸਨੇ ਦੱਸਿਆ ਕਿ ਜਦੋਂ ਉਹ ਕਸਬਾ ਨੂਰਦੀ ਨਜ਼ਦੀਕ ਪਿੰਡ ਲਾਲੂਘੁੰਮਣ ਵਾਲੇ ਰਸਤੇ ਰਾਹੀਂ ਅੰਮ੍ਰਿਤਸਰ ਨੂੰ ਜਾ ਰਹੇ ਸਨ ਤਾਂ ਪਿੰਡ ਮੰਨਣ ਤੋਂ ਕਰੀਬ 1 ਕਿਲੋਮੀਟਰ ਪਿੱਛੇ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਵਰਨਾ ਗੱਡੀ ਵਲੋਂ ਉਨ੍ਹਾਂ ਦੀ ਗੱਡੀ ਨੂੰ ਜ਼ਬਰਦਸਤ ਕੱਟ ਮਾਰਿਆ ਗਿਆ। ਇਸ ਉਪਰੰਤ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਨ੍ਹਾਂ ਦੀ ਗੱਡੀ ਸੜਕ ਨਜ਼ਦੀਕ ਖੇਤ 'ਚ ਲੱਗੇ ਇਕ ਬਿਜਲੀ ਦੇ ਟਰਾਂਸਫਾਰਮਰ ਨਾਲ ਜਾ ਟਕਰਾਈ। ਇਸ ਦਰਮਿਆਨ ਟਰਾਂਸਫਾਰਮਰ ਦੇ ਪੋਲ ਟੁੱਟ ਗਏ ਅਤੇ ਉਨ੍ਹਾਂ ਦੀ ਗੱਡੀ ਦੇ 'ਚ ਘੁਸ ਗਏ। ਉਸਨੇ ਦੱਸਿਆ ਕਿ ਹਾਦਸੇ ਦੌਰਾਨ ਉਸ ਸਣੇ ਉਸਦੇ ਸਾਥੀ ਲਾਡਾ ਤਰਨਤਾਰਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਥਾਣਾ ਝਬਾਲ ਦੀ ਪੁਲਸ ਨਾਲ ਸੰਪਰਕ ਕਰਨ 'ਤੇ ਡਿਊਟੀ ਅਫਸਰ ਮੁਤਾਬਕ ਉਕਤ ਹਾਦਸੇ ਸਬੰਧੀ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜਦੋਂ ਕਿ ਹਾਦਸਾ ਗ੍ਰਸਤ ਫਾਰਚੂਨਰ ਵੀ ਅਜੇ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਜੂਦ ਹੈ, ਜਿਸ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Baljeet Kaur

This news is Content Editor Baljeet Kaur