ਕੀ ਹੁਣ ਕਾਂਗਰਸ ਵੀ ਖੇਡੇਗੀ ''ਪੰਥਕ ਬਨਾਮ ਪੰਥਕ'' ਚਿਹਰੇ ਦਾ ਪੱਤਾ?

03/15/2019 9:54:09 AM

ਝਬਾਲ (ਵਰਿੰਦਰ/ ਲਾਲੂਘੁੰਮਣ) : ਦੇਸ਼ ਦੀ 17ਵੀਂ ਲੋਕ ਸਭਾ ਦੇ ਗਠਨ ਲਈ ਹੋਏ ਚੋਣ ਐਲਾਨ ਦੇ ਤੁਰੰਤ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪੰਥਕ ਸ਼ਖਸੀਅਤ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪੰਜਾਬ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜਦ ਕਿ ਡੈਮੋਕ੍ਰੇਟਿਕ ਫਰੰਟ ਦੀ ਪੰਜਾਬ ਏਕਤਾ ਪਾਰਟੀ ਵੱਲੋਂ ਮਨੁੱਖੀ ਅਧਿਕਾਰਾਂ ਦੇ ਆਗੂ ਸਵ. ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰੇ ਜਾਣ ਤੋਂ ਬਾਅਦ ਸਥਿਤੀ ਦਿਲਚਸਪ ਬਣ ਗਈ ਹੈ। ਇਸ ਸਮੇਂ ਸਿਆਸੀ ਸੋਝੀ ਰੱਖਣ ਵਾਲਾ ਹਰ ਕੋਈ ਇਹ ਸੋਚ ਰਿਹਾ ਹੈ ਕਿ ਕੀ ਹੁਣ ਕਾਂਗਰਸ ਪਾਰਟੀ ਵੀ ਇਸ ਹਲਕੇ ਤੋਂ ਪੰਥਕ ਉਮੀਦਵਾਰ ਦਾ ਪੱਤਾ ਖੇਡੇਗੀ।

ਜ਼ਿਕਰਯੋਗ ਹੈ ਕਿ 1977 ਤੋਂ ਬਾਅਦ ਬੇਸ਼ੱਕ 1991 'ਚ ਐਮਰਜੈਂਸੀ ਦੇ ਹਾਲਾਤ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣਾਂ ਦਾ ਬਾਈਕਾਟ ਕਰਨ ਤੋਂ ਬਾਅਦ ਕਾਂਗਰਸ ਦੇ ਸੁਰਿੰਦਰ ਸਿੰਘ ਕੈਰੋਂ ਇਸ ਲੋਕ ਸਭਾ ਹਲਕੇ ਤੋਂ ਬਿਨਾਂ 
ਮੁਕਾਬਲਾ ਜੇਤੂ ਰਹੇ ਸਨ ਪਰ 1996 'ਚ ਹੋਈਆਂ ਚੋਣਾਂ ਦੌਰਾਨ ਇਸ ਹਲਕੇ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋ ਗਿਆ ਤੇ ਅੱਜ ਤੱਕ ਇਹ ਹਲਕਾ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ੇ ਹੇਠ ਹੀ ਹੈ। ਹੁਣ ਮੁੜ ਜਦ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਭਾਵੇਂ ਲੋਕ ਸਭਾ ਹਲਕਾ ਖਡੂਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਪਰ ਕਾਂਗਰਸ ਪਾਰਟੀ ਦੇ ਆਗੂਆਂ 'ਚ ਟਿਕਟ ਪ੍ਰਾਪਤੀ ਦੀ ਦੌੜ ਦੇ ਚੱਲ ਰਹੇ ਘਮਾਸਾਨ ਕਾਰਨ ਜਿਥੇ ਲੋਕਾਂ 'ਚ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਦਾ ਬਾਜ਼ਾਰ ਗਰਮ ਹੈ, ਉਥੇ ਹੀ ਪੰਜਾਬ ਕਾਂਗਰਸ ਹਾਈਕਮਾਂਡ ਵੀ ਇਸ ਅਹਿਮ ਮੰਨੇ ਜਾਂਦੇ ਹਲਕੇ ਤੋਂ ਇਸ ਵਾਰ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ, ਜਿਸ ਕਰ ਕੇ ਪਾਰਟੀ ਫੂਕ-ਫੂਕ ਕੇ ਪੈਰ ਰੱਖਣ 'ਚ ਹੀ ਸਿਆਣਪ ਸਮਝ ਰਹੀ ਹੈ।

ਇਸ ਹਲਕੇ ਦੀ ਗੱਲ ਕਰੀਏ ਤਾਂ ਇਹ ਹਲਕਾ 'ਚ ਮਾਝਾ, ਮਾਲਵਾ ਤੇ ਦੋਆਬਾ ਖੇਤਰ 'ਤੇ ਆਧਾਰਿਤ ਹੈ, ਜਿਸ ਵਿਚ 9 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ 'ਚੋਂ 6 ਮਾਝਾ, 2 ਦੋਆਬਾ ਤੇ 1 ਮਾਲਵਾ ਖੇਤਰ ਨਾਲ ਸਬੰਧਤ ਹੈ। ਮਾਝਾ ਖੇਤਰ 'ਚੋਂ ਜ਼ਿਲਾ ਅੰਮ੍ਰਿਤਸਰ ਨਾਲ ਸਬੰਧਤ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੇ ਬਾਬਾ ਬਕਾਲਾ ਸਾਹਿਬ ਹਨ, ਜ਼ਿਲਾ ਤਰਨਤਾਰਨ ਨਾਲ ਵਿਧਾਨ ਸਭਾ ਹਲਕੇ ਤਰਨਤਾਰਨ, ਖਡੂਰ ਸਾਹਿਬ, ਖੇਮਕਰਨ, ਪੱਟੀ ਪੈਂਦੇ ਹਨ ਅਤੇ ਦੋਆਬਾ ਖੇਤਰ ਨਾਲ ਜ਼ਿਲਾ ਕਪੂਰਥਲਾ 'ਚੋਂ ਕਪੂਰਥਾਲਾ ਵਿਧਾਨ ਸਭਾ ਤੇ ਸੁਲਤਾਨਪੁਰ ਲੋਧੀ ਪੈਂਦੇ ਹਨ, ਜਦੋਂ ਕਿ ਮਾਲਵਾ ਖੇਤਰ 'ਚੋਂ ਜ਼ਿਲਾ ਫਿਰੋਜ਼ਪੁਰ ਦਾ ਵਿਧਾਨ ਸਭਾ ਹਲਕਾ ਜ਼ੀਰਾ ਆਉਂਦਾ ਹੈ। ਬੇਸ਼ੱਕ ਕਾਂਗਰਸ ਪਾਰਟੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬਹੁਤ ਸੋਚ-ਸਮਝ ਕੇ ਆਪਣਾ ਉਮੀਦਵਾਰ ਚੋਣ ਮੈਦਾਨ 'ਚ ਉਤਾਰੇਗੀ ਪਰ ਇਸ ਵਾਰ ਕਾਂਗਰਸ ਨੂੰ ਅਕਾਲੀ ਦਲ (ਬ) ਸਮੇਤ ਅਕਾਲੀ ਦਲ (ਟਕਸਾਲੀ) ਦਾ ਵੀ ਸਾਹਮਣਾ ਕਰਨਾ ਪਵੇਗਾ।

ਦਾਅਵੇਦਾਰੀਆਂ ਨੂੰ ਲੈ ਕੇ ਉਮੀਦਵਾਰਾਂ 'ਚ 'ਇਕ ਅਨਾਰ ਸੌ ਬੀਮਾਰ' ਵਾਲੀ ਬਣੀ ਸਥਿਤੀ
ਬੇਸ਼ੱਕ ਕਾਂਗਰਸ ਪਾਰਟੀ 'ਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਦਾਅਵੇਦਾਰੀਆਂ ਨੂੰ ਲੈ ਕੇ ਉਮੀਦਵਰਾਂ 'ਚ ਸਥਿਤੀ ਇਕ ਅਨਾਰ ਸੌ ਬੀਮਾਰ ਵਾਲੀ ਬਣੀ ਹੋਈ ਹੈ ਅਤੇ ਟਿਕਟ ਦੇ ਚਾਹਵਾਨਾਂ ਦੀ ਲਿਸਟ ਕਾਫ਼ੀ ਲੰਮੀ ਹੋਈ ਪਈ ਹੈ ਪਰ ਕਾਂਗਰਸ ਪਿਛਲੇ ਕਰੀਬ 48 ਸਾਲਾਂ ਤੋਂ ਅਕਾਲੀ ਦਲ (ਬ) ਦੇ ਗਹਿਣੇ ਪਏ ਇਸ ਹਲਕੇ ਨੂੰ ਮੁਕਤ ਕਰਵਾਉਣ ਲਈ ਬਹੁਤ ਸੋਚ-ਸਮਝ ਤੋਂ ਕੰਮ ਲੈਣ ਦੇ ਰੌਂਅ 'ਚ ਦਿਸ ਰਹੀ ਹੈ। ਭਾਵੇਂ ਕਿ ਕਾਂਗਰਸ ਪਾਰਟੀ 'ਚ ਵੱਡਾ ਆਧਾਰ ਰੱਖਦੇ ਕੱਦਾਵਰ ਆਗੂ ਜਸਬੀਰ ਸਿੰਘ ਡਿੰਪਾ ਦਾ ਨਾਂ ਇਸ ਹਲਕੇ ਤੋਂ ਟਿਕਟ ਦੇ ਮਾਮਲੇ 'ਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪੰਥਕ ਚਿਹਰੇ ਵਜੋਂ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ 'ਚ ਉਤਾਰਨ ਕਰ ਕੇ ਕਾਂਗਰਸ ਪਾਰਟੀ ਵੀ 'ਪੰਥਕ ਬਨਾਮ ਪੰਥਕ' ਚਿਹਰੇ ਦਾ ਪੱਤਾ ਖੇਡ ਸਕਦੀ ਹੈ।

ਸੂਤਰਾਂ ਦੀ ਮੰਨੀਏ ਤਾਂ ਸਾਬਕਾ ਕੈਬਨਿਟ ਮੰਤਰੀ ਤੇ ਪੰਥਕ ਸ਼ਖਸੀਅਤ ਵਾਲੇ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਅਤੇ ਸਰਵਣ ਸਿੰਘ ਧੁੰਨ ਦੇ ਨਾਵਾਂ ਦੀਆਂ ਕਾਂਗਰਸ 'ਚ ਚਰਚਾਵਾਂ ਚੱਲ ਰਹੀਆਂ ਹਨ। ਜੇਕਰ ਸਰਵਣ ਸਿੰਘ ਧੁੰਨ ਦੀ ਗੱਲ ਕੀਤੀ ਜਾਵੇ ਤਾਂ ਉਹ ਜਿਥੇ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ (ਬ) 'ਚ ਵੱਡੇ ਜਨ-ਆਧਾਰ ਵਾਲੇ ਆਗੂ ਮੰਨੇ ਜਾਂਦੇ ਰਹੇ ਹਨ, ਉਥੇ ਹੀ ਉਨ੍ਹਾਂ ਦੀ ਪੰਜਾਬ ਦੀਆਂ ਪੰਥਕ ਧਿਰਾਂ ਨਾਲ ਵੀ ਕਾਫੀ ਨੇੜਤਾ ਦੱਸੀ ਜਾਂਦੀ ਹੈ। ਕਾਂਗਰਸ ਪਾਰਟੀ ਦੇ ਉਹ ਮੌਜੂਦਾ ਸਮੇਂ 'ਚ ਕਾਰਜਕਾਰਨੀ ਦੇ ਸੂਬਾ ਕਮੇਟੀ ਮੈਂਬਰ ਹਨ ਅਤੇ ਉਹ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਹੁਤ ਕਰੀਬੀ ਵੀ ਹਨ।

ਅਕਾਲੀ ਦਲ (ਟਕਸਾਲੀ) ਵੀ ਪੰਥਕ ਹਲਕਿਆਂ ਤੋਂ ਹੀ ਬਣਾਉਣਾ ਚਾਹੁੰਦੀ ਹੈ ਆਪਣਾ ਜਨ-ਆਧਾਰ
ਜੇਕਰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪੰਜਾਬ 'ਚ ਆਪਣਾ ਸਿਆਸੀ ਜਨ-ਆਧਾਰ ਬਣਾਉਣ ਲਈ ਪੰਥਕ ਹਲਕਿਆਂ ਸ੍ਰੀ ਅਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਨੂੰ ਨਹੀਂ ਛੱਡਣਾ ਚਾਹੁੰਦੀ। ਪਾਰਟੀ ਦਾ ਮੰਨਣਾ ਹੈ ਕਿ ਸ਼੍ਰੋ. ਅ .ਦ. (ਟਕਸਾਲੀ) ਜੇਕਰ ਆਪਣਾ ਸਿਆਸੀ ਵਜੂਦ ਪੂਰੇ ਪੰਜਾਬ 'ਚ ਪੈਦਾ ਕਰ ਸਕਦੀ ਹੈ ਤਾਂ ਇਹ 2 ਲੋਕ ਸਭਾ ਹਲਕੇ ਹੀ ਹਨ, ਜਿਥੋਂ ਉਨ੍ਹਾਂ ਦੀ ਸਿਆਸੀ ਪੈਦਾਇਸ਼ ਹੋ ਸਕਦੀ ਹੈ। ਇਸ ਕਰ ਕੇ ਹੀ ਭਾਵੇਂ ਆਮ ਆਦਮੀ ਪਾਰਟੀ ਨਾਲ ਅਕਾਲੀ ਦਲ (ਟਕਸਾਲੀ) ਦੇ ਗਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਪਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਤੋਂ ਪਹਿਲਾਂ ਹੀ ਕ੍ਰਮਵਾਰ ਸਾਬਕਾ ਲੋਕ ਸਭਾ ਸਪੀਕਰ ਬੀਰਦਵਿੰਦਰ ਸਿੰਘ ਤੇ ਸਾਬਕਾ ਫੌਜ ਮੁਖੀ ਜਨਰਲ ਜੇ. ਜੇ. ਸਿੰਘ ਨੂੰ ਚੋਣ ਮੈਦਾਨ 'ਚ ਉਤਾਰ ਚੁੱਕੀ ਹੈ, ਜਦੋਂ ਕਿ ਡੈਮੋਕ੍ਰੇਟਿਕ ਫਰੰਟ ਦੀ ਪੰਜਾਬ ਏਕਤਾ ਪਾਰਟੀ ਨੇ ਵੀ ਮਨੁੱਖੀ ਅਧਿਕਾਰਾਂ ਦੇ ਆਗੂ ਸਵ. ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਇਸ ਹਲਕੇ ਤੋਂ ਚੋਣ ਮੈਦਾਨ 'ਚ ਉਤਾਰ ਕੇ ਕਾਂਗਰਸ, ਅਕਾਲੀ ਦਲ (ਬ) ਤੇ ਅਕਾਲੀ ਦਲ (ਟਕਸਾਲੀ) ਲਈ ਕਈ ਅੜਚਣਾਂ ਪੈਦਾ ਕਰ ਦਿੱਤੀਆਂ ਹਨ।
 

Baljeet Kaur

This news is Content Editor Baljeet Kaur