ਸ. ਬਾਦਲ ਦੇ ਭੋਗ ਸਮਾਗਮ ਮੌਕੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ, ਉਨ੍ਹਾਂ ਦੀ ਸੋਚ ''ਤੇ ਡਟ ਕੇ ਪਹਿਰਾ ਦੇਣ ਦੀ ਲੋੜ

05/04/2023 6:31:47 PM

ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ) : ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਸਾਰ ਹੈ ਤੇ ਇਸ ਸੰਸਾਰ 'ਚ ਕੋਈ ਸਥਿਰ ਨਹੀਂ ਰਿਹਾ। ਵੱਡੀਆਂ-ਵੱਡੀਆਂ ਉਮਰਾਂ ਵਾਲੇ ਪੁਰਖ ਇਸ ਜਗਤ 'ਚ ਪੈਦਾ ਹੋਏ ਤੇ ਜਦੋਂ ਅਕਾਲ ਪੁਰਖ ਦਾ ਸੱਦਾ ਆਇਆ ਤਾਂ ਉਹ ਅਕਾਲ ਪੁਰਖ ਦੇ ਹੁਕਮ 'ਤੇ ਸੰਸਾਰ 'ਚੋਂ ਚੱਲੇ ਗਏ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਿਨ੍ਹਾਂ ਆਸਣਾਂ 'ਤੇ ਅਸੀਂ ਬੈਠੇ ਹਾਂ ਪਤਾ ਨਹੀਂ ਇਨ੍ਹਾਂ ਆਸਣਾਂ 'ਤੇ ਪਹਿਲਾਂ ਕਿੰਨੇ ਵਿਅਕਤੀ ਬੈਠੇ ਸਨ ਤੇ ਕਿੰਨੇ ਬੈਠਣਗੇ। ਜਿਹੜੇ ਜੀਵ ਆਉਂਦੇ ਨੇ ਉਹ ਆਪਣੇ ਤੇ ਆਪਣੇ ਪਰਿਵਾਰ ਲਈ ਜੀਵਨ ਜਿਉਂਦੇ ਹਨ ਪਰ ਉਹ ਜੀਵ ਕਦੇ ਯਾਦ ਨਹੀਂ ਰੱਖੇ ਜਾਂਦੇ ਸਗੋਂ ਯਾਦ ਉਹ ਰੱਖੇ ਜਾਂਦੇ ਹਨ, ਜੋ ਸਮਾਜ, ਲੋਕਾਈ, ਮਨੁੱਖਤਾ ਅਤੇ ਮਾਨਵਤਾ ਲਈ ਜ਼ਿੰਦਗੀ ਜਿਉਂਦੇ ਹਨ।

ਇਹ ਵੀ ਪੜ੍ਹੋ-  ਪਟਿਆਲਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ PRTC ਠੇਕੇਦਾਰ ਦਾ ਗੋਲ਼ੀਆਂ ਮਾਰ ਕੇ ਕਤਲ

ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਇਸ ਏਜੰਡੇ 'ਤੇ ਪਹਿਰਾ ਦਿੰਦੇ ਸਨ ਕਿ ਦੇਸ਼ ਦਾ ਭਲਾ, ਉਨੱਤੀ ਤੇ ਤਰੱਕੀ, ਇਸ ਗੱਲ 'ਚ ਛੁਪੀ ਹੋਏ ਹੈ ਕਿ ਸੂਬਿਆਂ ਨੂੰ ਪੂਰਾ ਅਧਿਕਾਰ ਮਿਲਣੇ ਚਾਹੀਦੇ ਹਨ। ਜੇ ਸੂਬੇ ਮਜ਼ਬੂਤ ਹੋਣਗੇ ਤਾਂ ਕੇਂਦਰ ਮਜ਼ਬੂਤ ਹੋਵੇਗਾ ਪਰ ਜੇਕਰ ਸੂਬੇ ਕਮਜ਼ੋਰ ਹੋ ਗਏ ਤਾਂ ਕੇਂਦਰ ਤੇ ਦੇਸ਼ ਮਜ਼ਬੂਤ ਨਹੀਂ ਹੋ ਸਕੇਗਾ। ਹਾਲਾਂਕਿ ਜਦੋਂ ਅਕਾਲੀ ਨੇ ਸੂਬਿਆਂ ਨੂੰ ਅਧਿਕਾਰ ਦੇਣ ਦੀ ਗੱਲ ਕੀਤੀ ਤਾਂ ਕਈਆਂ ਨੇ ਪਾਰਟੀ ਨੂੰ ਵੱਖਵਾਦੀ ਤੇ ਅੱਤਵਾਦੀ ਆਖਿਆ ਤੇ ਇਹ ਵੀ ਆਖਿਆ ਕਿ ਇਹ ਅਧਿਕਾਰਾਂ ਦੇ ਨਾਂ 'ਤੇ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਡਟ ਕੇ ਇਸ ਗੱਲ 'ਤੇ ਪਹਿਰਾ ਦਿੰਦੇ ਰਹੇ ਕਿ ਸੂਬਿਆਂ ਨੂੰ ਸੁਤੰਤਰਤਾ ਤੇ ਵੱਧ ਅਧਿਕਾਰ ਮਿਲਣਾ ਚਾਹੀਦਾ ਹੈ। 

ਇਹ ਵੀ ਪੜ੍ਹੋ- ਜੱਦੀ ਪਿੰਡ ਬਾਦਲ ਵਿਖੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਹੋਈ ਅੰਤਿਮ ਅਰਦਾਸ, ਅਮਿਤ ਸ਼ਾਹ ਸਣੇ ਪੁੱਜੇ ਕਈ ਸਿਆਸੀ ਆਗੂ

ਜਥੇਦਾਰ ਅਕਾਲ ਤਖ਼ਤ ਨੇ ਕਿਹਾ ਕਿ ਜੋ ਗੱਲ 1947 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਕਰਦਾ ਆਇਆ ਹੈ ਉਹ ਹੁਣ ਦੂਸਰੇ ਸੂਬੇ ਵੀ ਕਰਨ ਲੱਗ ਗਏ ਹਨ ਤੇ ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੂੰ ਕੋਈ ਅੱਤਵਾਦੀ ਜਾਂ ਵੱਖਵਾਦੀ ਨਹੀਂ ਆਖਦਾ। ਉਨ੍ਹਾਂ ਦੱਸਿਆ ਕਿ ਜਥੇਦਾਰ ਦਿਆਲ ਸਿੰਘ ਜੀ ਦੀ ਯਾਦ 'ਚ ਪਰਿਵਾਰ ਨੇ ਪਾਠ ਰਖਾਇਆ ਗਿਆ ਸੀ ਤੇ ਮੇਰੀ ਮੁਲਾਕਾਤ ਉੱਥੇ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਸੀ ਅਤੇ ਉਨ੍ਹਾਂ ਨੇ ਉਸ ਸਮੇਂ ਬਹੁਤ ਖ਼ੂਬਸੂਰਤ ਗੱਲਾਂ ਕੀਤੀਆਂ ਸਨ। ਇਕ ਅਜਿਹੇ ਲੀਡਰ ਜਿਨ੍ਹਾਂ ਨੇ ਬਾਕੀ ਸੂਬਿਆਂ ਦੇ ਲੀਡਰਾਂ ਨੂੰ ਮਾਰਗ ਦਿਖਾਇਆ, ਉਨ੍ਹਾਂ ਦੇ ਚਲੇ ਜਾਣ ਨਾਲ ਪਾਰਟੀ, ਸੰਗਤਾਂ ਤੇ ਹਿੱਤੀਆਂ ਨੂੰ ਘਾਟਾ ਪੈਣਾ ਹੈ ਉਹ ਯਕੀਨਨ ਹੈ ਪਰ ਅਜਿਹੇ ਵਿਅਕਤੀ ਲੋਕ ਚੇਤਿਆਂ 'ਚ ਯਾਦ ਰੱਖੇ ਜਾਂਦੇ ਹਨ। 

ਇਹ ਵੀ ਪੜ੍ਹੋ- ਸ. ਬਾਦਲ ਦੇ ਭੋਗ ਸਮਾਗਮ 'ਚ ਬੋਲੇ ਅਮਿਤ ਸ਼ਾਹ, ਸਿੱਖ ਪੰਥ ਨੇ ਆਪਣਾ ਇਕ ਸੱਚਾ ਸਿਪਾਹੀ ਖੋਹਿਆ

ਸਿੰਘ ਸਾਹਿਬ ਨੇ ਕਿਹਾ ਕਿ ਸਾਨੂੰ ਅੱਜ ਵੀ ਲੋੜ ਹੈ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਸੋਚ 'ਤੇ ਡਟ ਕੇ ਪਹਿਰਾ ਦੇਈਏ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਇਹ ਵੀ ਆਖਦੇ ਸਨ ਕਿ ਖੇਤਰੀ ਪਾਰਟੀ ਹੀ ਸੂਬੇ ਦੇ ਲੋਕਾਂ ਦੇ ਹਿੱਤਾਂ ਦੀ ਗੱਲ ਕਰ ਸਕਦੀ ਹੈ ਤੇ ਲੋਕਾਂ ਦੀ ਬਿਹਤਰੀ 'ਤੇ ਕੰਮ ਕਰ ਸਕਦੀ ਹੈ ਤੇ ਇਹ ਗੱਲ 100 ਫ਼ੀਸਦੀ ਸੱਚ ਹੈ। ਇਸ ਲਈ ਅੱਜ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਲੋੜ ਹੈ, ਜੇਕਰ ਅਸੀਂ ਸੂਬਾ ਬਚਾਉਣਾ ਹੈ ਤਾਂ। ਜਥੇਦਾਰ ਨੇ ਆਖਿਆ ਕਿ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਚਰਨਾਂ 'ਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ, ਸਮੁੱਚੀ ਪਾਰਟੀ ਲੀਡਰਸ਼ਿਪ ਅਤੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto