ਜਥੇਦਾਰ ਹਰਪ੍ਰੀਤ ਸਿੰਘ ਵਲੋਂ ਦਿੱਤੇ ਬਿਆਨ ਦੇ ਅਰਥਾਂ ਨੂੰ ਸਮਝੇ ਅਕਾਲੀ ਦਲ : ਜੀ. ਕੇ.

11/18/2020 7:36:39 PM

ਚੰਡੀਗੜ੍ਹ/ਨਵੀਂ ਦਿੱਲੀ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੀ ਸ਼ਤਾਬਦੀ ਮੌਕੇ ਹੋਏ ਸਮਾਗਮ ਦੌਰਾਨ ਕੱਲ੍ਹ ਅੰਮ੍ਰਿਤਸਰ 'ਚ ਦਿੱਤੇ ਗਏ ਬਿਆਨ ਦੇ ਡੂੰਘੇ ਅਰਥਾਂ ਨੂੰ ਸਮਝਣ ਦੀ ਜਾਗੋ ਨੇ ਅਪੀਲ ਕੀਤੀ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਦੇ ਬਿਆਨ ਨੂੰ ਇਕ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸ਼ੀਸ਼ਾ ਦਿਖਾਉਣ ਵਾਲੇ ਬਿਆਨ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਹੈ। ਜੀ. ਕੇ. ਨੇ ਕਿਹਾ ਕਿ ਜਥੇਦਾਰ ਨੇ ਅਕਾਲੀ ਦਲ ਨੂੰ 'ਪੰਥ ਟੂ ਪੰਜਾਬ' ਚੱਲਣ ਦੀ ਹਿਦਾਇਤ ਸਹੀ ਦਿੱਤੀ ਹੈ ਕਿਉਂਕਿ ਜਥੇਦਾਰ ਨੂੰ ਪਤਾ ਹੈ ਕਿ ਅਕਾਲੀ ਦਲ ਪੰਥ ਤੇ ਪੰਜਾਬ ਦੇ ਨਾਲ ਨਹੀਂ ਹੈ ਅਤੇ ਪੰਜਾਬ ਦੀ ਸੱਤਾ ਲਈ ਪੰਥ ਜ਼ਰੂਰੀ ਹੈ। ਜੀ. ਕੇ. ਨੇ ਕਿਹਾ ਕਿ ਜਦੋਂ ਪੰਥ ਨੇ ਅਕਾਲੀ ਦਲ ਨੂੰ ਪੰਜਾਬ ਸੌਂਪਿਆ ਸੀ, ਉਦੋ ਤੋਂ ਇਥੇ ਲੋਕ ਪੰਥ ਨੂੰ ਮਾਰਨ ਅਤੇ ਆਪਣੇ ਵਪਾਰ ਨੂੰ ਉਭਾਰਣ ਲਈ ਪੰਜਾਬ ਦਾ ਇਸਤੇਮਾਲ ਕਰ ਰਹੇ ਸਨ। ਇਸ ਲਈ ਹੁਣ ਪੰਥ ਇਨ੍ਹਾਂ ਦੇ ਝਾਂਸੇ 'ਚ ਨਹੀਂ ਆਉਣ ਵਾਲਾ।

ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਪਹਿਲੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਆਪਸ ’ਚ ਟਕਰਾਈਆਂ ਅੱਧੀ ਦਰਜਨ ਗੱਡੀਆਂ 

30 ਸਾਲ ਤੋਂ ਬਾਦਲ ਪਰਿਵਾਰ ਨੇ ਅਕਾਲੀ ਦਲ, ਪੰਜਾਬ ਤੇ ਪੰਥ ਨੂੰ ਆਪਣੀ ਨਿੱਜੀ ਜਾਗੀਰ ਬਣਾ ਕੇ ਰੱਖਿਆ ਸੀ, ਜਿਸ ਨੂੰ ਹੁਣ ਜਥੇਦਾਰ ਵਲੋਂ ਅਪ੍ਰੱਤਖ ਤਰੀਕੇ ਨਾਲ ਸਵੀਕਾਰ ਕਰਕੇ ਬਾਦਲਾਂ ਨੂੰ ਨਸੀਹਤ ਦਿੱਤੀ ਜਾ ਰਹੀ ਹੈ। ਮੋਦੀ ਸਰਕਾਰ ਨੂੰ ਜਥੇਦਾਰ ਵਲੋਂ ਈ. ਵੀ. ਐਮ. ਸਰਕਾਰ ਦੱਸਣ 'ਤੇ ਚੁਟਕੀ ਲੈਂਦੇ ਹੋਏ ਜੀ. ਕੇ. ਨੇ ਕਿਹਾ ਕਿ ਫਿਰ 2019 'ਚ ਈ. ਵੀ. ਐਮ. ਨਾਲ ਜਿੱਤਣ ਵਾਲੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਸੰਸਦ ਮੈਂਬਰ ਅਹੁਦੇ ਤੋਂ ਅਸਤੀਫਾ ਦੇ ਕੇ ਨੈਤਿਕਤਾ ਦਾ ਸਬੂਤ ਦੇਣਾ ਚਾਹੀਦਾ ਹੈ। ਇਸ ਈ. ਵੀ. ਐਮ. ਸਰਕਾਰ 'ਚ 6.5 ਸਾਲ ਤਕ ਹਰਸਿਮਰਤ ਕੌਰ ਬਾਦਲ ਮੰਤਰੀ ਰਹੀ ਹੈ ਪਰ ਅੱਜ ਸੱਤਾ ਤੋਂ ਬਾਹਰ ਹੁੰਦੇ ਹੀ ਪੰਥ ਤੇ ਪੰਜਾਬ ਖਤਰੇ 'ਚ ਆ ਗਿਆ ਹੈ। ਜੇਕਰ ਮੋਦੀ ਦੀ ਸਰਕਾਰ ਨੇ ਬਹੁਮਤ ਦਾ ਹਰਨ ਕੀਤਾ ਸੀ ਤਾਂ ਅਕਾਲੀ ਸੰਸਦ ਮੈਂਬਰਾਂ ਨੂੰ ਬਿਨਾ ਸਮਾਂ ਗੁਆਏ ਆਪਣੀ ਸੀਟ ਤੋਂ ਅਸਤੀਫਾ ਦੇ ਕੇ ਜਥੇਦਾਰ ਦੀ ਗੱਲ 'ਤੇ ਮੋਹਰ ਲਗਾਉਣੀ ਚਾਹੀਦੀ ਹੈ। ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਮਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਤਰ ਦੱਸ ਕੇ ਮਾਂ ਨੂੰ ਪੁੱਤਰ ਤੋਂ ਵੱਖਰਾ ਨਾ ਕਰਨ ਦੀ ਕੀਤੀ ਗਈ ਅਪੀਲ 'ਤੇ ਜੀ. ਕੇ. ਨੇ ਕਿਹਾ ਕਿ ਮਾਂ ਵੀ ਕਾਬਲ ਪੁੱਤਰ ਨੂੰ ਗਲੇ ਲਗਾਉਂਦੀ ਹੈ ਨਾ ਕਿ ਨਾਕਾਬਲ ਪੁੱਤਰ ਨੂੰ। ਜੀ. ਕੇ. ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 2 ਪੁੱਤਰ ਸਨ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀਚੰਦ ਪਰ ਗੁਰੂ ਸਾਹਿਬ ਨੇ ਗੁਰੂ ਗੱਦੀ ਆਪਣੇ ਪੁੱਤਰਾਂ ਨੂੰ ਦਰਕਿਨਾਰ ਕਰਕੇ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਦੀ ਵਿਚਾਰਧਾਰਾਂ ਆਪਣੇ ਪਿਤਾ ਦੇ ਉਲਟ ਸੀ।

ਇਹ ਵੀ ਪੜ੍ਹੋ : ਨਹੀਂ ਵੇਖਿਆ ਹੋਵੇਗਾ ਅਜਿਹਾ ਅਨੋਖਾ ਵਿਆਹ, ਬਰਾਤੀਆਂ ਨੇ ਹੱਥਾਂ 'ਚ ਝੰਡੇ ਚੁੱਕ ਲਾਏ ਮੋਦੀ ਵਿਰੁੱਧ ਨਾਅਰੇ

ਇਸ ਤਰ੍ਹਾਂ ਜਦੋਂ ਗੁਰੂ ਹਰੀਰਾਏ ਸਾਹਿਬ ਦੇ ਪੁੱਤਰ ਬਾਬਾ ਰਾਮਰਾਏ ਨੇ ਗੁਰਬਾਣੀ ਦੇ ਅਰਥ ਔਰੰਗਜੇਬ ਦੇ ਦਰਬਾਰ 'ਚ ਜਾ ਕੇ ਬਦਲ ਦਿੱਤੇ ਸਨ ਤਾਂ ਗੁਰੂ ਹਰੀਰਾਏ ਸਾਹਿਬ ਨੇ ਬਾਬਾ ਰਾਮਰਾਏ ਨੂੰ ਗੁਰੂ ਗੱਦੀ ਤੋਂ ਵਾਂਝਾ ਕਰਨ ਦੇ ਨਾਲ ਆਪਣੇ ਤੋਂ ਦੂਰ ਜਾਣ ਦਾ ਹੁਕਮ ਦੇ ਦਿੱਤਾ ਸੀ। ਅਕਾਲੀ ਦਲ 'ਤੇ ਤੰਜ ਕੱਸਦਿਆਂ ਜੀ. ਕੇ. ਨੇ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਫੜਿਆ ਗਿਆ ਅਤੇ ਇਨਸਾਫ ਮੰਗ ਰਹੀ ਸੰਗਤ 'ਤੇ ਅਕਾਲੀ ਸਰਕਾਰ ਦੀ ਪੁਲਸ ਵਲੋਂ ਗੋਲੀਆਂ ਚਲਾਈਆਂ ਗਈਆਂ। ਨਸ਼ੇ ਦਾ ਕਾਰੋਬਾਰ ਕਰਨ ਦੇ ਅਕਾਲੀ ਆਗੂਆਂ 'ਤੇ ਦੋਸ਼ ਲੱਗੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਬੰਧ ਵਾਲੀ ਸ਼੍ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਨਾ ਕਰ ਸਕੇ ਤਾਂ ਅਜਿਹੇ ਅਕਾਲੀ ਦਲ ਰੂਪੀ ਨਾਲਾਇਕ ਪੁੱਤਰ ਨੂੰ ਮਾਂ ਰੂਪੀ ਸ਼੍ਰੋਮਣੀ ਕਮੇਟੀ ਕਿਉਂ ਗਲੇ ਲਗਾਵੇ? ਪੁੱਤਰ ਮੋਹ ਨੂੰ ਤਾਂ ਗੁਰੂਆਂ ਨੇ ਨਹੀਂ ਪਾਲਿਆ ਸੀ, ਫਿਰ ਪੰਥ ਕਿਉਂ ਨਾਲਾਇਕ ਪੁੱਤਰ ਨੂੰ ਪਾਲੇ? ਜੀ. ਕੇ. ਨੇ ਕਿਹਾ ਕਿ ਪੰਜਾਬ ਦੇ ਲੋਕ ਸੂਝਵਾਨ ਅਤੇ ਸਹੀ ਨਿਜ਼ਾਮ ਚੁਣਨ 'ਚ ਸਮਰੱਥ ਹਨ। ਇਸ ਲਈ ਅਕਾਲੀ ਦਲ ਨੂੰ ਸਿਰਫ ਸੱਤਾ ਦੇ ਲਈ 'ਪੰਥ ਟੂ ਪੰਜਾਬ' ਜਾਣ ਦੀ ਜ਼ਰੂਰਤ ਨਹੀਂ ਹੈ।

Deepak Kumar

This news is Content Editor Deepak Kumar