ਬਾਦਲਾਂ ਨੇ ਸਿਰਸੇ ਵਾਲੇ ਸਾਧ ਨਾਲ ਇਕਜੁੱਟ ਹੋ ਕੇ ਪੰਜਾਬ ਦੇ ਨਾਲ ਧਰੋਹ ਕਮਾਇਆ : ਜਥੇ. ਮੰਡ
Sunday, Nov 11, 2018 - 03:45 PM (IST)

ਜੈਤੋ (ਸਤਵਿੰਦਰ) - ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਦਾਣਾ ਮੰਡੀ ਵਿਖੇ ਚੱਲ ਰਿਹਾ 'ਇਨਸਾਫ਼ ਮੋਰਚਾ ਬਰਗਾੜੀ' ਅੱਜ ਵੀ ਜਾਰੀ ਹੈ। ਇਸ ਮੌਕੇ ਜਥੇ. ਮੰਡ ਨੇ ਕਿਹਾ ਕਿ ਬਰਗਾੜੀ ਕਾਂਡ ਦੀ ਜਾਂਚ ਲਈ ਬਣਾਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਈਮਾਨਦਾਰੀ ਨਾਲ ਆਪਣਾ ਕੰਮ ਕਰਕੇ ਸਿੱਖ ਕੌਮ ਨਾਲ ਇਨਸਾਫ਼ ਕਰੇ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਖਿਲਾਫ਼ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਬਾਦਲਾਂ ਨੇ ਸਿਰਸੇ ਵਾਲੇ ਸਾਧ ਨਾਲ ਇਕਜੁੱਟ ਹੋ ਕੇ ਪੰਜਾਬ ਨਾਲ ਧਰੋਹ ਕਮਾਇਆ ਹੈ। ਕੌਮ ਕਦੇ ਵੀ ਪੰਥ ਦੋਖੀਆਂ ਨੂੰ ਮੁਆਫ਼ ਨਹੀਂ ਕਰੇਗੀ।
ਜਥੇ. ਮੰਡ ਨੇ ਸੂਬਾ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ, ਬਰਗਾੜੀ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰੇ ਅਤੇ ਕੌਮ ਨੂੰ ਇਨਸਾਫ਼ ਦੇਵੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਇਸ ਦੌਰਾਨ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਮੱਖਣ ਸਿੰਘ ਨੰਗਲ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਬਾਬਾ ਰਾਜਾ ਰਾਜ ਸਿੰਘ ਮਾਲਵਾ ਤਰਨਾ ਦਲ, ਬਾਬਾ ਮੋਹਨ ਦਾਸ ਬਰਗਾੜੀ ਆਦਿ ਹਾਜ਼ਰ ਸਨ।