ਗੁਰਦੁਆਰਾ ਘੱਲੂਘਾਰਾ ਸਾਹਿਬ ਕਮੇਟੀ ਖਿਲਾਫ ਸੰਘਰਸ਼ ਕਰ ਰਹੇ ਜਥੇ ਨੇ ਖੋਲ੍ਹਿਆ ਮੋਰਚਾ

09/30/2017 6:09:42 AM

ਕਾਹਨੂੰਵਾਨ,(ਸੁਨੀਲ)- ਇਤਿਹਾਸਿਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਇਲਾਕੇ ਦੀ ਸੰਗਤ ਸੰਘਰਸ਼ ਕਰ ਰਹੀ ਹੈ। 
ਇਲਾਕੇ ਦੀ ਸੰਗਤ ਵੱਲੋਂ ਗਠਿਤ ਕੀਤੀ ਗਈ ਸੰਘਰਸ਼ ਕਮੇਟੀ ਦੇ ਮੁੱਖ ਆਗੂ ਰਜਵੰਤ ਸਿੰਘ ਖਾਲਸਾ ਦੀ ਅਗਵਾਈ ਵਿਚ ਅੱਜ ਇਲਾਕੇ ਦੀਆਂ ਸੰਗਤਾਂ ਅਤੇ ਬੀਬੀਆਂ ਦਾ ਜਥਾ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਨਤਮਸਤਕ ਹੋਇਆ।
 ਇਸ ਮੌਕੇ ਇਸ ਜਥੇ ਨੇ ਮੌਜੂਦਾ ਗੁਰਦੁਆਰਾ ਪ੍ਰਬੰਧਕਾਂ ਖਿਲਾਫ ਆਪਣੇ ਗੁੱਸੇ ਦਾ ਇਜ਼ਹਾਰ ਪ੍ਰਦਰਸ਼ਨ ਦੇ ਰੂਪ ਵਿਚ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਭਾਵੇਂ ਗੁਰਦੁਆਰਾ ਕੰਪਲੈਕਸ ਵਿਚ ਮੌਜੂਦ ਨਹੀਂ ਸਨ ਪਰ ਫਿਰ ਵੀ ਸੰਗਤ ਉਨ੍ਹਾਂ ਨਾਲ ਹਰ ਤਰ੍ਹਾਂ ਦਾ ਵਿਚਾਰ ਕਰਨ ਲਈ ਤਿਆਰ ਸੀ।
 ਇਸ ਮੌਕੇ ਭਾਈ ਰਜਵੰਤ ਸਿੰਘ ਖਾਲਸਾ ਅਤੇ ਸਾਥੀਆਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਉੱਪਰ ਕਾਬਜ਼ ਹਨ ਪਰ ਗੁਰਦੁਆਰਾ ਸਾਹਿਬ ਦੀ ਮਾਣ ਮਰਿਆਦਾ ਬਹਾਲ ਰੱਖਣ ਵਾਲੇ ਲੋਕਾਂ ਉੱਪਰ ਫੌਜਦਾਰੀ ਮਾਮਲੇ ਦਰਜ ਕਰ ਦਿੱਤੇ ਗਏ ਹਨ ਤਾਂ ਜੋ ਉਹ ਇਨ੍ਹਾਂ ਲੋਕਾਂ ਦਾ ਵਿਰੋਧ ਨਿਡਰ ਹੋ ਕੇ ਨਾ ਕਰ ਸਕਣ।
 ਇਸ ਮੌਕੇ ਬੀਬੀ ਦਵਿੰਦਰ ਕੌਰ ਨੇ ਕਿਹਾ ਕਿ ਗੁਰੂ ਘਰ ਦੀ ਮਾਣ-ਮਰਿਆਦਾ ਅਤੇ ਰਖਵਾਲੀ ਲਈ ਉਹ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਨੇ ਮੌਕੇ 'ਤੇ ਪਹੁੰਚੇ ਪੁਲਸ ਅਫਸਰਾਂ ਨੂੰ ਕਿਹਾ ਕਿ ਉਨ੍ਹਾਂ ਉੱਪਰ ਵੀ ਮਾਮਲੇ ਦਰਜ ਕਰ ਕੇ ਪੁਲਸ ਆਪਣਾ ਚਾਅ ਲਾਹ ਲਵੇ। ਇਸ ਮੌਕੇ ਹਲਕਾ ਡੀ. ਐੱਸ. ਪੀ. ਮਨਜੀਤ ਸਿੰਘ ਹਾਲਾਤ ਨੂੰ ਦੇਖਦੇ ਹੋਏ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਹਾਲਾਤ ਨੂੰ ਕਾਬੂ ਵਿਚ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਕਾਨੂੰਨ ਹੱਥ ਵਿਚ ਲੈਣ ਵਾਲੀ ਕਿਸੇ ਵੀ ਧਿਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ, ਜਸਬੀਰ ਸਿੰਘ, ਲਖਵਿੰਦਰ ਸਿੰਘ ਬਾਜਵਾ, ਗੁਰਪ੍ਰਤਾਪ ਸਿੰਘ, ਮਹਿੰਦਰ ਸਿੰਘ, ਜਗਦੇਵ ਸਿੰਘ, ਨਰਿੰਦਰ ਕੌਰ, ਬਲਬੀਰ ਕੌਰ, ਮਹਿੰਦਰ ਕੌਰ ਅਤੇ ਸੁਰਿੰਦਰ ਕੌਰ ਸਮੇਤ ਹੋਰ ਵੀ ਸੰਗਤਾਂ ਹਾਜ਼ਰ ਸਨ।