3 ਲੱਖ ਠੱਗਣ ਵਾਲਾ ਜਸਵੀਰ ਸਿੰਘ ਕੰਗ ਅਦਾਲਤ ''ਚ ਪੇਸ਼

03/18/2018 3:09:42 AM

ਰਾਹੋਂ,   (ਪ੍ਰਭਾਕਰ)-  ਇਕ ਔਰਤ ਨਾਲ ਪਲਾਟ ਵੇਚਣ ਦੇ ਨਾਂ 'ਤੇ 3 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਪ੍ਰਾਪਰਟੀ ਡੀਲਰ ਜਸਵੀਰ ਸਿੰਘ ਕੰਗ ਨੂੰ ਇਕ ਹੋਰ ਮਾਮਲੇ 'ਚ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕੀਤਾ। 
ਥਾਣਾ ਰਾਹੋਂ ਦੇ ਐੱਸ.ਐੱਚ.ਓ. ਸੁਭਾਸ਼ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹੱਲਾ ਸਰਾਫਾ ਰਾਹੋਂ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਇਕ ਪਲਾਟ ਲੈਣ ਲਈ ਪ੍ਰਾਪਰਟੀ ਡੀਲਰ ਜਸਵੀਰ ਸਿੰਘ ਕੰਗ ਨੂੰ 3 ਲੱਖ ਰੁਪਏ ਦਿੱਤੇ ਸੀ ਪਰ ਉਸ ਨੇ ਪਲਾਟ ਦੀ ਰਜਿਸਟਰੀ ਨਹੀਂ ਕਰਵਾਈ। ਬਲਵਿੰਦਰ ਕੌਰ ਦੇ ਬਿਆਨਾਂ 'ਤੇ ਪ੍ਰਾਪਰਟੀ ਡੀਲਰ ਜਸਵੀਰ ਸਿੰਘ ਕੰਗ ਖਿਲਾਫ਼ ਏ.ਐੱਸ.ਆਈ. ਕਰਮਜੀਤ ਸਿੰਘ ਨੇ ਧੋਖਾਦੇਹੀ ਦਾ 14 ਦਸੰਬਰ, 2016 ਨੂੰ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਇਸ ਪ੍ਰਾਪਰਟੀ ਡੀਲਰ ਖਿਲਾਫ਼ 12 ਲੱਖ ਦੀ ਧੋਖਾਦੇਹੀ ਦਾ ਮਾਮਲਾ ਇਕ ਲੇਡੀਜ਼ ਕਾਂਸਟੇਬਲ ਹਰਮੀਤ ਕੌਰ ਪਤਨੀ ਸਵ. ਦਵਿੰਦਰ ਸਿੰਘ ਵੱਲੋਂ ਵੀ ਦਰਜ ਕਰਵਾਇਆ ਗਿਆ ਸੀ, ਜਿਸ 'ਤੇ ਏ.ਐੱਸ.ਆਈ. ਅਮਰ ਸਿੰਘ ਨੇ ਪ੍ਰਾਪਰਟੀ ਡੀਲਰ ਜਸਵੀਰ ਸਿੰਘ ਕੰਗ ਨੂੰ ਅਦਾਲਤ 'ਚ ਪੇਸ਼ ਕੀਤਾ ਸੀ, ਜੱਜ ਸਾਹਿਬ ਦੇ ਹੁਕਮਾਂ 'ਤੇ ਪ੍ਰਾਪਰਟੀ ਡੀਲਰ ਜਸਵੀਰ ਸਿੰਘ ਕੰਗ ਨੂੰ 17 ਮਾਰਚ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਤੇ ਏ.ਐੱਸ.ਆਈ. ਪਰਮਜੀਤ ਨੇ ਪ੍ਰਾਪਰਟੀ ਡੀਲਰ ਜਸਵੀਰ ਸਿੰਘ ਕੰਗ ਨੂੰ ਲੁਧਿਆਣਾ ਜੇਲ ਤੋਂ ਲਿਆ ਕੇ ਦੂਜੇ ਧੋਖਾਦੇਹੀ ਦੇ ਮਾਮਲੇ 'ਚ ਗ੍ਰਿਫ਼ਤਾਰੀ ਪਾ ਕੇ ਨਵਾਂਸ਼ਹਿਰ ਦੀ ਅਦਾਲਤ 'ਚ ਅੱਜ ਫਿਰ ਪੇਸ਼ ਕੀਤਾ। ਜੱਜ ਸਾਹਿਬ ਨੇ ਉਕਤ ਨੂੰ 30 ਮਾਰਚ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਲੁਧਿਆਣਾ ਜੇਲ ਭੇਜਿਆ।