'ਜੱਸੀ ਕਤਲ ਕਾਂਡ' : ਕੈਨੇਡਾ ਨੇ ਦੋਸ਼ੀਆਂ ਨੂੰ ਕੀਤਾ ਭਾਰਤ ਹਵਾਲੇ

01/24/2019 9:37:07 AM

ਓਟਾਵਾ, (ਏਜੰਸੀ)— ਭਾਰਤ-ਕੈਨੇਡਾ ਦੇ ਬਹੁ ਚਰਚਿਤ 'ਜੱਸੀ ਕਤਲ ਕੇਸ' 'ਚ ਨਵਾਂ ਮੋੜ ਆਇਆ ਹੈ। ਕੈਨੇਡਾ ਦੀ ਅਦਾਲਤ ਨੇ ਮੰਗਲਵਾਰ ਨੂੰ ਆਨਰ ਕਿਲਿੰਗ ਮਾਮਲੇ 'ਚ ਜੱਸੀ ਦੀ ਮਾਂ ਤੇ ਮਾਮੇ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਹੈ।  ਹੁਣ ਸੰਗਰੂਰ ਦੀ ਪੁਲਸ ਦੋਹਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰੇਗੀ। ਜੱਸੀ ਦੀ ਮਾਂ ਮਲਕੀਤ ਕੌਰ ਅਤੇ ਉਸ ਦੇ ਮਾਮੇ ਸੁਰਜੀਤ ਸਿੰਘ ਬਦੇਸ਼ਾ  ਨੇ ਕੈਨੇਡਾ ਦੀ ਸੁਪਰੀਮ ਕੋਰਟ 'ਚ 10 ਜਨਵਰੀ ਤਕ ਅਪੀਲ ਦਾਇਰ ਕਰਨੀ ਸੀ, ਜੋ ਉਹ ਨਹੀਂ ਕਰ ਸਕੇ। 

ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਜੰਮਪਲ ਅਤੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਜਸਵਿੰਦਰ ਕੌਰ ਜੱਸੀ ਨੂੰ ਸਾਲ 2000 'ਚ ਉਸ ਦੀ ਮਾਂ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੇ ਕਤਲ ਕਰਵਾ ਦਿੱਤਾ ਸੀ। ਜੱਸੀ ਨੇ ਸੁਖਵਿੰਦਰ ਸਿੰਘ ਮਿੱਠੂ ਨਾਂ ਦੇ ਡਰਾਈਵਰ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਸ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਜੱਸੀ ਮਿੱਠੂ ਨੂੰ ਕੈਨੇਡਾ ਲੈ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ ਪਰ ਉਸ ਦੇ ਪਰਿਵਾਰ ਨੂੰ ਪਤਾ ਲੱਗਦਿਆਂ ਹੀ ਉਨ੍ਹਾਂ ਨੇ ਜੱਸੀ ਤੇ ਮਿੱਠੂ ਨੂੰ ਮਰਵਾਉਣ ਲਈ ਸਾਜਿਸ਼ ਰਚੀ।

8 ਜੂਨ, 2000 ਨੂੰ ਪਿੰਡੀ ਨਾਰੀਕੇ (ਅਮਰਗੜ੍ਹ) ਨੇੜੇ ਮਿੱਠੂ ਅਤੇ ਜੱਸੀ 'ਤੇ ਉਸ ਦੀ ਮਾਂ ਤੇ ਮਾਮੇ ਨੇ ਭਾੜੇ ਦੇ ਗੁੰਡਿਆਂ ਤੋਂ ਹਮਲਾ ਕਰਵਾਇਆ। ਹਮਲਾਵਰਾਂ ਨੇ ਮਿੱਠੂ ਨੂੰ ਮਰਿਆ ਸਮਝ ਕੇ ਉੱਥੇ ਹੀ ਸੁੱਟ ਦਿੱਤਾ ਜਦ ਕਿ ਜੱਸੀ ਦੀ ਲਾਸ਼ ਨਹਿਰ ਨੇੜਿਓਂ ਮਿਲੀ। ਮਿੱਠੂ ਬਚ ਤਾਂ ਗਿਆ ਪਰ ਉਸ ਦੀ ਜ਼ਿੰਦਗੀ ਦਾ ਇਕ ਹੀ ਮਕਸਦ ਬਣ ਗਿਆ ਕਿ ਉਹ ਜੱਸੀ ਦੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਜੱਸੀ ਦੀ ਆਤਮਾ ਨੂੰ ਸ਼ਾਂਤੀ ਦੇਵੇਗਾ। ਹੁਣ ਸੰਗਰੂਰ ਪੁਲਸ ਵਲੋਂ ਇਸ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਸਾਲ 2017 'ਚ ਮਲਕੀਤ ਤੇ ਸੁਰਜੀਤ ਦੀ ਹਵਾਲਗੀ ਦੇ ਹੁਕਮ ਦਿੱਤੇ ਸਨ ਪਰ ਬਚਾਅ ਪੱਖ ਦੇ ਵਕੀਲਾਂ ਵਲੋਂ ਦਿੱਤੀ ਗਈ ਅਰਜ਼ੀ ਦੇ ਬਾਅਦ ਇਸ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਕੋਰਟ ਆਫ ਅਪੀਲ ਵਲੋਂ ਇਸ ਅਰਜ਼ੀ ਨੂੰ ਬਾਅਦ 'ਚ ਬੀਤੇ ਸਾਲ ਦਸੰਬਰ 'ਚ ਰੱਦ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਹੁਣ ਇਹ ਹਵਾਲਗੀ ਸੰਭਵ ਹੋਈ ਹੈ।