ਜੈਸਮੀਨ ਨੂੰ ਕੌਮਾ 'ਚ ਹੀ ਜਲੰਧਰ ਦੇ ਹਸਪਤਾਲ 'ਚ ਕੀਤਾ ਸ਼ਿਫਟ

01/18/2018 5:43:57 PM

ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਵਾਹਗਾ ਬਾਈਪਾਸ 'ਤੇ ਸਥਿਤ ਮੈਰੀਟੋਰੀਅਸ ਸਕੂਲ ਵਿਚ ਪੜ੍ਹਨ ਵਾਲੀ ਜੈਸਮੀਨ ਨਿਵਾਸੀ ਜੌਹਲ ਜਲੰਧਰ ਨੂੰ ਬੁੱਧਵਾਰ ਸਥਾਨਕ ਨਿੱਜੀ ਹਸਪਤਾਲ ਵੱਲੋਂ ਕੌਮਾ ਵਿਚ ਹੀ ਜਲੰਧਰ ਦੇ ਇਕ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ। ਪਿਛਲੇ 6 ਦਿਨਾਂ ਤੋਂ ਜੈਸਮੀਨ ਦੀ ਹਾਲਤ ਵਿਚ ਕੋਈ ਵੀ ਸੁਧਾਰ ਨਹੀਂ ਆ ਰਿਹਾ ਸੀ, ਜਿਸ ਕਾਰਨ ਉਸ ਦੇ ਪਰਿਵਾਰ ਵਾਲਿਆਂ ਨੇ ਅੱਜ ਫੈਸਲਾ ਲਿਆ ਅਤੇ ਸ਼ਾਮ 6 ਵਜੇ ਉਸ ਨੂੰ ਆਪਣੇ ਨਾਲ ਜਲੰਧਰ ਲੈ ਗਏ। ਜੈਸਮੀਨ ਵੱਲੋਂ ਕਿਉਂ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਗਈ ਇਸ ਬਾਰੇ ਵਿਚ ਪੁਲਸ ਅਜੇ ਤੱਕ ਨਾ ਤਾਂ ਕੋਈ ਕਾਰਨ ਲੱਭ ਸਕੀ ਹੈ ਅਤੇ ਨਾ ਹੀ ਕੋਈ ਸੁਰਾਗ ਹੱਥ ਲੱਗਾ ਹੈ।   ਵਰਨਣਯੋਗ ਹੈ ਕਿ 10 ਜਨਵਰੀ ਨੂੰ ਜੈਸਮੀਨ ਮੈਰੀਟੋਰੀਅਸ ਸਕੂਲ ਵਿਚ ਸਥਿਤ ਆਪਣੇ ਹੋਸਟਲ ਦੇ ਕਮਰੇ ਵਿਚ ਸਵੇਰੇ ਪੱਖੇ ਦੇ ਨਾਲ ਝੂਲਦੀ ਹੋਈ ਮਿਲੀ ਸੀ, ਜਿਸ ਨੂੰ ਵੇਖਦੇ ਹੀ ਸਕੂਲ ਪ੍ਰਬੰਧਨ ਪੱਖੇ ਤੋਂ ਉਤਾਰ ਤੁਰੰਤ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲੈ ਗਿਆ ਸੀ, ਜਿੱਥੇ ਇਲਾਜ ਦੇ ਇੰਤਜ਼ਾਮ ਨਾ ਹੋਣ ਕਾਰਨ ਉਸ ਨੂੰ ਸਥਾਨਕ ਅਮਨਦੀਪ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪਿਛਲੇ 6 ਦਿਨ ਤੋਂ ਜੈਸਮੀਨ ਵੈਂਟੀਲੇਟਰ 'ਤੇ ਸੀ ਅਤੇ ਉਸ ਦੀ ਹਾਲਤ ਵਿਚ ਕੁੱਝ ਵੀ ਸੁਧਾਰ ਨਹੀਂ ਹੋ ਰਿਹਾ ਸੀ। ਜੈਸਮੀਨ ਦਾ ਇਲਾਜ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਜੈਸਮੀਨ ਦੀ ਬਾਡੀ ਕੁੱਝ ਵੀ ਰਿਸਪਾਂਸ ਨਹੀਂ ਕਰ ਰਹੀ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।  
ਜੈਸਮੀਨ ਦੇ ਬਾਂਹ 'ਤੇ ਲਿਖਿਆ ਹੋਇਆ ਹੈ ਕਿਸੇ ਦਾ ਨਾਂ
ਜੈਸਮੀਨ ਦੀ ਬਾਂਹ 'ਤੇ ਕਿਸੇ ਦਾ ਨਾਂ ਲਿਖਿਆ ਹੋਇਆ ਹੈ, ਜਿਸ ਦੀ ਪੁਸ਼ਟੀ ਤਾਂ ਪੁਲਸ ਨੇ ਕੀਤੀ ਹੈ ਪਰ ਪੁਲਸ ਦਾ ਇਹ ਵੀ ਕਹਿਣਾ ਹੈ ਕਿ ਨਾਂ ਠੀਕ ਨਾਲ ਪੜ੍ਹਿਆ ਨਹੀਂ ਜਾ ਰਿਹਾ ਹੈ। ਜੈਸਮੀਨ ਦੇ ਕਮਰੇ 'ਚੋਂ ਪੁਲਸ ਨੂੰ ਆਤਮਹੱਤਿਆ ਦੀ ਕੋਸ਼ਿਸ਼ ਕਰਨ ਦੇ ਕੋਈ ਵੀ ਸੁਰਾਗ ਨਹੀਂ ਮਿਲ ਸਕੇ ਪਰ ਹੁਣ ਪੁਲਸ ਦੇ ਕੋਲ ਉਸ ਦੀ ਬਾਂਹ 'ਤੇ ਲਿਖਿਆ ਨਾਂ ਹੀ ਇਕ-ਮਾਤਰ ਸੁਰਾਗ ਹੈ। 
ਕੀ ਕਹਿਣਾ ਹੈ ਸਕੂਲ ਪ੍ਰਿੰਸੀਪਲ ਦਾ?
ਸਕੂਲ ਦੇ ਪ੍ਰਿੰਸੀਪਲ ਆਰ. ਸੀ. ਪਟਿਆਲਾ ਦਾ ਕਹਿਣਾ ਹੈ ਕਿ ਜੈਸਮੀਨ ਦੇ ਮਾਮਲੇ ਵਿਚ ਪੁਲਸ ਜਾਂਚ ਕਰ ਰਹੀ ਹੈ, ਜਿਨ੍ਹਾਂ ਦੀ ਜਾਂਚ ਉਪਰੰਤ ਹੀ ਜੈਸਮੀਨ ਵੱਲੋਂ ਆਤਮਹੱਤਿਆ ਦੀ ਕੋਸ਼ਿਸ਼ ਕਰਨ ਦਾ ਕਾਰਨ ਸਪੱਸ਼ਟ ਹੋ ਸਕੇਗਾ। ਅੱਜ ਉਨ੍ਹਾਂ ਦੇ ਪਰਿਵਾਰ ਵਾਲੇ ਜੈਸਮੀਨ ਨੂੰ ਜਲੰਧਰ ਦੇ ਇਕ ਹਸਪਤਾਲ ਵਿਚ ਲੈ ਗਏ ਹਨ ਅਤੇ ਸਕੂਲ ਪ੍ਰਬੰਧਨ ਵੱਲੋਂ ਸਥਾਨਕ ਹਸਪਤਾਲ ਦੇ ਇਲਾਜ ਦਾ ਬਿੱਲ ਦਿੱਤਾ ਗਿਆ ਹੈ।  
ਕੀ ਕਹਿਣਾ ਹੈ ਪੁਲਸ ਦਾ? : ਥਾਣਾ ਕੰਟੋਨਮੈਂਟ ਦੇ ਇੰਚਾਰਜ ਇੰਸਪੈਕਟਰ ਪ੍ਰਵੇਸ਼ ਚੋਪੜਾ ਦਾ ਕਹਿਣਾ ਹੈ ਕਿ ਅਜੇ ਤੱਕ ਪੁਲਸ ਜੈਸਮੀਨ ਵੱਲੋਂ ਕੀਤੀ ਗਈ ਆਤਮਹੱਤਿਆ ਦੀ ਕੋਸ਼ਿਸ਼ ਸਬੰਧੀ ਕੋਈ ਵੀ ਸੁਰਾਗ ਨਹੀਂ ਕੱਢ ਸਕੀ ਹੈ, ਜਦੋਂ ਕਿ ਪੁਲਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜੈਸਮੀਨ ਦੀ ਬਾਂਹ 'ਤੇ ਲਿਖੇ ਕਿਸੇ ਨਾਂ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਠੀਕ ਨਾਲ ਪੜ੍ਹਿਆ ਨਹੀਂ ਜਾਂਦਾ।