ਜਗਦੇ-ਬੁਝਦੇ ਦੀਵਿਆਂ ਦੇ ਗਵਾਹ ਨੇ ਸਰਹੱਦੀ ਘਰਾਂ ਦੇ ਬਨੇਰੇ

08/27/2019 5:54:15 PM

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)— ਘਰਾਂ ’ਚ ਖੇਡਦੇ ਬੱਚੇ ਅਤੇ ਬਨੇਰਿਆਂ ’ਤੇ ਜਗਦੇ ਦੀਵੇ ਕਿਸੇ ਹੱਸਦੇ-ਵੱਸਦੇ ਪਰਿਵਾਰ ਦਾ ਪ੍ਰਤੀਕ ਸਮਝੇ ਜਾ ਸਕਦੇ ਹਨ। ਭਾਰਤੀ ਸਮਾਜ ਵਿਚ ਕਮਾਊ ਗੱਭਰੂ ਪੁੱਤ ਨੂੰ ਵੀ ਰੌਸ਼ਨ-ਚਿਰਾਗ (ਬਲਦੇ ਦੀਵੇ) ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਕਿਸੇ ਕੁਦਰਤੀ ਜਾਂ ਗੈਰ-ਕੁਦਰਤੀ ਅਣਹੋਣੀ ਕਾਰਣ ਘਰ ਦਾ ਰੋਟੀ ਕਮਾਉਣ ਵਾਲਾ ਇਸ ਸੰਸਾਰ ਤੋਂ ‘ਤੋਰ’ ਦਿੱਤਾ ਜਾਵੇ ਤਾਂ ਇਹ ਦੀਵਾ ਬੁਝਣ ਵਰਗੀ ਹੀ ਤ੍ਰਾਸਦੀ ਹੁੰਦੀ ਹੈ, ਜਿਹੜੀ ਉਸ ਦੇ ਪਰਿਵਾਰ ਨੂੰ ਸਹਿਣ ਕਰਨੀ ਪੈਂਦੀ ਹੈ। ਸੁਹਾਗਣ ਔਰਤ ਦੇ ਮੱਥੇ ’ਤੇ ‘ਵਿਧਵਾ’ ਸ਼ਬਦ ਉਮਰ ਭਰ ਲਈ ਚਿਪਕ ਜਾਂਦਾ ਹੈ। ਬੱਚਿਆਂ ਦੇ ਹਾਸੇ, ਡਰ ਅਤੇ ਸਹਿਮ ਕਾਰਣ ਖਾਮੋਸ਼ ਹੋ ਜਾਂਦੇ ਹਨ ਅਤੇ ਬੁੱਢੇ ਮਾਂ-ਬਾਪ ਬੇਸਹਾਰਾ ਬਣ ਜਾਂਦੇ ਹਨ।

ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਅਤੇ ਜੰਮੂ- ਕਸ਼ਮੀਰ ਦੇ ਸੈਂਕੜੇ ਪਿੰਡਾਂ ’ਚ ਪਿਛਲੇ ਸਾਲਾਂ ਦੌਰਾਨ ਪੰਜਾਬ ਕੇਸਰੀ ਗਰੁੱਪ ਦੀ ਰਾਹਤ ਵੰਡ ਟੀਮ ਨਾਲ ਜਾਣ ਦਾ ਸਬੱਬ ਬਣਿਆ ਤਾਂ ਬਹੁਤ ਸਾਰੇ ਅਜਿਹੇ ਘਰਾਂ-ਪਰਿਵਾਰਾਂ ਦੀ ਤ੍ਰਾਸਦੀ ਸੁਣਨ-ਸਮਝਣ ਦਾ ਮੌਕਾ ਮਿਲਿਆ। ਇਨ੍ਹਾਂ ਘਰਾਂ ਦੇ ਬਨੇਰੇ ਜਗਦੇ-ਬੁਝਦੇ ਦੀਵਿਆਂ ਦੀ ਦਰਦ ਭਰੀ  ਵਿਥਿਆ ਦੀ ਗਵਾਹੀ ਭਰਦੇ ਜਾਪਦੇ ਹਨ। ਸਰਹੱਦੀ ਪਰਿਵਾਰਾਂ ਨੇ ਦਹਾਕਿਆਂ ਤੋਂ ਪਾਕਿਸਤਾਨ ਦੀਆਂ ਖਤਰਨਾਕ ਸਾਜ਼ਿਸ਼ਾਂ ਦਾ ਸੇਕ ਸਹਿਣ ਕੀਤਾ ਹੈ। ਅੱਤਵਾਦ ਅਤੇ ਸਰਹੱਦ ਪਾਰ ਤੋਂ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾਂਦੀ  ਗੋਲੀਬਾਰੀ ਨੇ ਹਜ਼ਾਰਾਂ ਪਰਿਵਾਰਾਂ ਦੇ ਕਮਾਊ ਪੁੱਤ ਖਾ ਲਏ। ਬਨੇਰੇ ਦੀਵਿਆਂ ਤੋਂ ਸੱਖਣੇ ਹੋ ਗਏ ਅਤੇ ਘਰਾਂ ’ਚ ਮੌਤ ਵਰਗਾ ਸੰਨਾਟਾ ਛਾ ਗਿਆ। ਸਰਹੱਦੀ ਖੇਤਰਾਂ ’ਚ ਅਜਿਹਾ ਮਾਹੌਲ ਪੱਸਰਿਆ ਦੇਖਣ ਨੂੰ ਮਿਲਦਾ ਹੈ, ਜਿਸ ਵਿਚ ਲੋਕ ਮਰ-ਮਰ ਕੇ ਜਿਊਂਦੇ ਹਨ। ਸ਼ਾਸਨ-ਪ੍ਰਸ਼ਾਸਨ ਨੇ ਇਨ੍ਹਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਆਪਣੇ ਹਾਲ ’ਤੇ ਛੱਡ ਦਿੱਤਾ ਹੈ। ਲੋਕਾਂ ਦੀਆਂ ਜਾਨਾਂ ਵੀ ਜਾਂਦੀਆਂ ਹਨ, ਕੰਮ-ਧੰਦੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ ਅਤੇ ਇਸ ਸਭ ਨੂੰ ਸਹਿਣ ਕਰਕੇ ਵੀ ਉਹ ਪਾਕਿਸਤਾਨੀ ਬੰਦੂਕਾਂ ਦੇ ਸਾਹਮਣੇ ਛਾਤੀ ਤਾਣ ਕੇ ਡਟੇ ਰਹਿੰਦੇ ਹਨ। ਇਸ ਗੈਰ-ਕੁਦਰਤੀ ਤ੍ਰਾਸਦੀ ਨੂੰ ਸਮਝ ਕੇ ਹੀ ਪੰਜਾਬ ਕੇਸਰੀ ਪੱਤਰ ਸਮੂਹ ਨੇ ਪ੍ਰਭਾਵਿਤ ਪਰਿਵਾਰਾਂ ਦਾ ਦਰਦ ਵੰਡਾਉਣ ਲਈ ਹੱਥ ਅੱਗੇ ਵਧਾਇਆ ਸੀ ਅਤੇ ਇਕ ਵਿਸ਼ੇਸ਼ ਰਾਹਤ-ਮੁਹਿੰਮ ਚਲਾ ਦਿੱਤੀ।

ਇਸ ਮੁਹਿੰਮ ਅਧੀਨ 522ਵੇਂ ਟਰੱਕ ਦੀ ਰਾਹਤ-ਸਮੱਗਰੀ ਬੀਤੇ ਦਿਨੀਂ ਪਠਾਨਕੋਟ ਜ਼ਿਲੇ ਦੇ ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਪਰਿਵਾਰਾਂ ਦਰਮਿਆਨ ਪਿੰਡ ਬਸਾਊ ਬਾੜਵਾਂ ਵਿਚ ਵੰਡੀ ਗਈ ਸੀ। ਇਹ ਸਮੱਗਰੀ ਹਿਮਾਚਲ ਪ੍ਰਦੇਸ਼ ਦੇ ਨਗਰ ਪ੍ਰਵਾਣੂੰ ਤੋਂ ਸ਼੍ਰੀ ਜੈਸ਼ੀ ਰਾਮ ਸ਼ਰਮਾ ਅਤੇ ਪਰਿਵਾਰ ਵੱਲੋਂ ਭਿਜਵਾਈ ਗਈ ਸੀ। ਇਸ ਮੌਕੇ ’ਤੇ ਵੱਖ-ਵੱਖ ਪਿੰਡਾਂ ਨਾਲ ਸਬੰਧਤ 300 ਦੇ ਕਰੀਬ ਪਰਿਵਾਰਾਂ ਨੂੰ ਆਟਾ, ਚਾਵਲ ਅਤੇ ਕੰਬਲ ਮੁਹੱਈਆ ਕਰਵਾਏ ਗਏ।

ਰਾਹਤ ਵੰਡ ਆਯੋਜਨ ਦਰਮਿਆਨ ਵਿਸ਼ੇਸ਼ ਤੌਰ ’ਤੇ ਪੁੱਜੇ ਜ਼ਿਲਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਰਾਮ ਬੀਰ ਨੇ ਕਿਹਾ ਕਿ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਦੇ ਟਰੱਕ ਭਿਜਵਾ ਕੇ ਪੰਜਾਬ ਕੇਸਰੀ ਗਰੁੱਪ ਮਨੁੱਖਤਾ ਦੀ ਵੱਡੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਵਿਚ ਅਜਿਹੀ ਭਾਵਨਾ ਹੋਣੀ ਚਾਹੀਦੀ ਹੈ ਕਿ ਉਹ ਲੋੜ ਵੇਲੇ ਜਾਂ ਕਿਸੇ ਸੰਕਟ ਸਮੇਂ ਦੂਜਿਆਂ ਦੀ ਸਹਾਇਤਾ ਲਈ ਪਹੁੰਚੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਰਾਹਤ ਮੁਹਿੰਮ ਦੀ ਭਰਪੂਰ ਸ਼ਲਾਘਾ ਕਰਦਿਆਂ ਇਹ ਭਰੋਸਾ ਦਿਵਾਇਆ ਕਿ ਜਦੋਂ ਵੀ ਇਸ ਮੁਹਿੰਮ ’ਚ ਬੁਲਾਇਆ ਜਾਵੇਗਾ ਤਾਂ ਉਹ ਜ਼ਰੂਰ ਹਾਜ਼ਰ ਹੋਣਗੇ ਅਤੇ ਪ੍ਰਸ਼ਾਸਨ ਇਸ ਕਾਰਜ ਵਿਚ ਹਰ ਸੰਭਵ ਸਹਾਇਤਾ ਦੇਵੇਗਾ।

ਅੱਤਵਾਦ ਦਾ ਖ਼ਤਰਾ ਅਜੇ ਵੀ ਮੰਡਰਾ ਰਿਹੈ-ਇੰਦਰਜੀਤ ਗੁਪਤਾ
ਪੰਜਾਬ ਵਪਾਰ ਮੰਡਲ ਜ਼ਿਲਾ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ ਨੇ ਕਿਹਾ ਕਿ ਪੰਜਾਬ ਨੇ ਪਿਛਲੇ ਦਹਾਕਿਆਂ ਵਿਚ ਅੱਤਵਾਦ ਦਾ ਬਹੁਤ ਸੇਕ ਸਹਿਣ ਕੀਤਾ ਹੈ ਅਤੇ ਅੱਜ ਪਾਕਿਸਤਾਨ ਦੀ ਸ਼ਹਿ ਹੇਠ ਅੱਤਵਾਦੀਆਂ ਦੇ ਟੋਲੇ ਜੰਮੂ-ਕਸ਼ਮੀਰ ਦੀ ਧਰਤੀ ਨੂੰ ਖੂਨ ਨਾਲ ਰੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰ ’ਤੇ ਅਜੇ ਵੀ ਅੱਤਵਾਦ ਦਾ ਖ਼ਤਰਾ ਮੰਡਰਾ ਰਿਹਾ ਹੈ, ਜਿਸ ਪ੍ਰਤੀ ਸਾਨੂੰ ਸਭ  ਨੂੰ ਚੌਕਸ ਰਹਿਣਾ ਚਾਹੀਦਾ  ਹੈ ਅਤੇ ਸਰਕਾਰ ਨੂੰ ਵੀ ਇਸ ਬਾਰੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਗੁਪਤਾ ਨੇ ਕਿਹਾ ਕਿ ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਦਾ ਕੋਈ ਅੰਤ ਨਹੀਂ ਹੈ। ਇਨ੍ਹਾਂ ਖੇਤਰਾਂ ’ਚ ਜਿਥੇ ਸਹੂਲਤਾਂ ਅਤੇ ਰੋਜ਼ਗਾਰ ਦੀ ਭਾਰੀ ਘਾਟ ਹੈ, ਉਥੇ ਪਾਕਿਸਤਾਨ ਵੱਲੋਂ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਅਤੀਤ ਵਿਚ ਹੋਈਆ ਜੰਗਾਂ ਦੌਰਾਨ ਇਨ੍ਹਾਂ ਪਰਿਵਾਰਾਂ ਨੂੰ ਜਿਹੜਾ ਘਾਟਾ ਸਹਿਣ ਕਰਨਾ ਪਿਆ ਸੀ, ਅਜੇ ਉਸ ਦੀ ਪੂਰਤੀ ਵੀ ਨਹੀਂ ਹੋਈ ਅਤੇ ਉਪਰੋਂ ਨਵੇਂ ਖ਼ਤਰੇ ਬਣ ਰਹੇ ਹਨ। ਉਨ੍ਹਾਂ  ਕਿਹਾ ਕਿ ਸਰਕਾਰ ਨੂੰ ਇਨ੍ਹਾਂ ਖੇਤਰਾਂ ਪ੍ਰਤੀ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ ਹੈ।

ਪਠਾਨਕੋਟ ਦੇ ਐੈੱਸ. ਪੀ. ਹੇਮ ਪੁਸ਼ਪ ਸ਼ਰਮਾ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਅਮਨ-ਸ਼ਾਂਤੀ ਦੀ ਸਥਿਤੀ ਬਰਕਰਾਰ ਰੱਖਣ ਅਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਪੁਲਸ ਪ੍ਰਸ਼ਾਸਨ ਹਰ ਵੇਲੇ ਯਤਨਸ਼ੀਲ ਰਹਿੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਤਰ ’ਚ ਕਿਸੇ ਵੀ ਸ਼ੱਕੀ ਸਰਗਰਮੀ ਦੇ ਨਜ਼ਰ ਆਉਣ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦੇਣ। ਉਨ੍ਹਾਂ ਕਿਹਾ ਕਿ ਸਰਹੱਦ ਕੰਢੇ ਸਥਿਤ ਜ਼ਮੀਨਾਂ ’ਚ ਕੰਮ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਸੁਰੱਖਿਆ ਪ੍ਰਤੀ ਹਰ ਵੇਲੇ ਚੌਕਸ ਰਹਿਣਾ ਚਾਹੀਦਾ ਹੈ।

ਮੁਸੀਬਤਾਂ ਦਾ ਇਕਜੁੱਟ ਹੋ ਕੇ ਸਾਹਮਣਾ ਕਰਨਾ ਚਾਹੀਦੈ: ਵਰਿੰਦਰ ਸ਼ਰਮਾ
ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਕਿਹਾ ਕਿ ਦੇਸ਼ ’ਤੇ ਅੰਦਰੋਂ ਜਾਂ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਬਣੇ ਤਾਂ ਸਾਨੂੰ ਇਕਜੁੱਟ ਹੋ ਕੇ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ। ਏਕਤਾ ਹੀ ਸਭ ਮਸਲਿਆਂ ਦਾ ਹੱਲ ਹੈ ਅਤੇ ਜਦੋਂ ਦੇਸ਼ ਵਾਸੀ ਖੇਤਰਾਂ, ਵਰਗਾਂ, ਜਾਤਾਂ, ਧਰਮਾਂ ’ਚ ਵੰਡੇ ਜਾਣਗੇ ਤਾਂ ਉਸ ਦਾ ਫਾਇਦਾ ਦੁਸ਼ਮਣ ਉਠਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਲੜਾਈ ਸਾਨੂੰ ਭਾਰਤੀ ਬਣ ਕੇ ਲੜਨੀ ਚਾਹੀਦੀ ਹੈ ਤਾਂ ਹੀ ਜਿੱਤ ਨਸੀਬ ਹੋਵੇਗੀ।

ਸ਼ਰਮਾ ਨੇ ਸਰਹੱਦੀ ਲੋਕਾਂ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਬਿਨਾਂ ਤਨਖਾਹ ਅਤੇ ਬਿਨਾਂ ਹਥਿਆਰਾਂ ਦੇ ਹਰ ਵੇਲੇ ਦੁਸ਼ਮਣ ਦੇ ਸਾਹਮਣੇ ਡਟੇ ਰਹਿੰਦੇ ਹਨ। ਪਾਕਿਸਤਾਨ ਵੱਲੋਂ ਜਦੋਂ ਵੀ ਕੋਈ ਸ਼ਰਾਰਤ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸਰਹੱਦੀ ਲੋਕ ਹੀ ਉਸ ਦਾ ਨਿਸ਼ਾਨਾ ਬਣਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਦੀ ਸਾਨੂੰ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ। ਜਿਹੜੇ ਪਰਿਵਾਰ ਅਜੇ ਵੀ ਇਸ ਰਾਹਤ-ਸਮੱਗਰੀ ਤੋਂ ਵਾਂਝੇ ਹਨ, ਉਨ੍ਹਾਂ ਤੱਕ ਵੀ ਜਲਦੀ ਹੀ ਮਦਦ ਭਿਜਵਾਈ ਜਾਵੇਗੀ। ਸੀ. ਆਰ. ਪੀ. ਐੈੱਫ. ਦੇ ਰਿਟਾਇਰਡ ਅਧਿਕਾਰੀ ਸ. ਸੁਲਿੰਦਰ ਸਿੰਘ ਕੰਡੀ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਨੂੰ ਫੌਰੀ ਤੌਰ  ’ਤੇ ਕਦਮ ਚੁੱਕਣੇ ਚਾਹੀਦੇ ਹਨ। ਰਾਜੇਸ਼ ਭਗਤ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਸ ਮੁਹਿੰਮ ਅਧੀਨ ਕਿਸੇ ਪਾਰਟੀ, ਖੇਤਰ ਜਾਂ ਵਰਗ ਨੂੰ ਧਿਆਨ ’ਚ ਰੱਖੇ ਬਿਨਾਂ ਲੋੜਵੰਦਾਂ ਤਕ ਸਮੱਗਰੀ ਪਹੁੰਚਾਈ ਜਾ ਰਹੀ ਹੈ। ਰਾਹਤ ਵੰਡ ਆਯੋਜਨ ਦੌਰਾਨ ਪਿੰਡ ਦੀ ਸਰਪੰਚ ਬਿਮਲਾ ਦੇਵੀ ਅਤੇ ਉਸ ਦੇ ਪਤੀ ਰੋਮੇਸ਼ ਚੰਦਰ ਨੇ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਕੀਤੀ ਅਤੇ ਸਮੱਗਰੀ ਭਿਜਵਾਉਣ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ’ਤੇ ਪੰਜਾਬ ਕੇਸਰੀ ਦਫਤਰ ਪਠਾਨਕੋਟ ਦੇ ਇੰਚਾਰਜ ਸੰਜੀਵ ਸ਼ਾਰਦਾ, ਵਪਾਰ ਮੰਡਲ ਪਠਾਨਕੋਟ ਦੇ ਉਪ-ਪ੍ਰਧਾਨ ਅਜੈ ਬਾਗੀ, ਜਤਿੰਦਰ ਮਹਾਜਨ, ਕੇਵਲ ਸ਼ਰਮਾ, ਸਮੀਰ ਸ਼ਾਰਦਾ, ਦੀਨਾ ਨਗਰ ਦੇ ਪ੍ਰਤੀਨਿਧੀ ਦੀਪਕ ਸ਼ਰਮਾ, ਕਮਲ ਕਿਸ਼ੋਰ ਰਤਨਗੜ੍ਹ, ਗਣੇਸ਼ਵਰ ਸਿੰਘ, ਪ੍ਰਿੰਸੀਪਲ ਅਵਤਾਰ ਸਿੰਘ, ਬਲਦੇਵ ਰਾਜ, ਬਲਾਕ ਸੰਮਤੀ ਮੈਂਬਰ ਪ੍ਰਵੀਨ ਕੁਮਾਰੀ, ਵਿਨੋਦ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਮੌਜੂਦ ਹਨ।

shivani attri

This news is Content Editor shivani attri