ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 521ਵੇਂ ਟਰੱਕ ਦੀ ਰਾਹਤ ਸਮੱਗਰੀ

08/17/2019 5:22:32 PM

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭਾਰਤੀ ਇਲਾਕਿਆਂ 'ਚ ਸਥਿਤੀ ਆਮ ਵਰਗੀ ਹੋਣ ਦੀ ਬਜਾਏ ਅਜੇ ਹੋਰ ਸੰਕਟ ਭਰੀ ਹੁੰਦੀ ਜਾਪਦੀ ਹੈ। ਇਨ੍ਹਾਂ ਇਲਾਕਿਆਂ ਦੇ ਪਿੰਡਾਂ 'ਚ ਰਹਿਣ ਵਾਲੇ ਲੋਕ 1947 ਤੋਂ ਹੀ ਪਾਕਿਸਤਾਨ ਦੀਆਂ ਵਧੀਕੀਆਂ ਅਤੇ ਘਟੀਆ ਸਾਜ਼ਿਸ਼ਾਂ ਦੇ ਸ਼ਿਕਾਰ ਬਣਦੇ ਆ ਰਹੇ ਹਨ। ਕਈ ਵਾਰ ਅਜਿਹੇ ਮੌਕੇ ਆ ਜਾਂਦੇ ਹਨ ਜਦੋਂ ਸਰਹੱਦੀ ਪਿੰਡਾਂ 'ਤੇ ਖਤਰੇ ਦੇ ਬੱਦਲ ਹੋਰ ਸੰਘਣੇ ਹੋ ਜਾਂਦੇ ਹਨ ਅਤੇ ਬਾਕੀ ਦੇਸ਼ ਵਾਸੀਆਂ ਲਈ ਵੀ ਮੁੱਦਾ ਗੰਭੀਰਤਾ ਨਾਲ ਸੋਚਣ ਵਾਲਾ ਬਣ ਜਾਂਦਾ ਹੈ।

ਅੱਜਕਲ ਵੀ ਸਰਹੱਦਾਂ 'ਤੇ, ਖਾਸ ਕਰਕੇ ਜੰਮੂ-ਕਸ਼ਮੀਰ ਵਿਚ ਪਾਕਿਸਤਾਨ ਦੀਆਂ ਹਰਕਤਾਂ ਖਤਰਨਾਕ ਸੁਨੇਹੇ ਦੇ ਰਹੀਆਂ ਹਨ। ਪਿਛਲੇ ਕਈ ਸਾਲਾਂ ਤੋਂ ਅਜਿਹਾ ਸਿਲਸਿਲਾ ਚੱਲਿਆ ਆ ਰਿਹਾ ਹੈ ਕਿ ਪਾਕਿਸਤਾਨੀ ਸੈਨਿਕ ਜੰਮੂ-ਕਸ਼ਮੀਰ ਦੇ ਨਿਹੱਥੇ ਨਾਗਰਿਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੀ ਧਰਤੀ 'ਤੇ ਬੈਠੇ ਅੱਤਵਾਦੀ ਸਰਗਣੇ ਭਾਰਤ ਵਿਰੁੱਧ ਜ਼ਹਿਰ ਉਗਲਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਚੇਲਿਆਂ ਦੇ ਟੋਲੇ ਵੱਖ-ਵੱਖ ਭਾਰਤੀ ਖੇਤਰਾਂ 'ਚ ਖੂਨ-ਖਰਾਬੇ ਦੀਆਂ ਸਾਜ਼ਿਸ਼ਾਂ ਨੂੰ ਅਮਲੀ ਰੂਪ ਦੇਣ ਲਈ ਲਾਸ਼ਾਂ ਵਿਛਾਉਂਦੇ ਰਹਿੰਦੇ ਹਨ।
ਪਾਕਿਸਤਾਨ ਦੀ ਇਸ ਘਿਨਾਉਣੀ ਖੇਡ ਤੋਂ ਪ੍ਰਭਾਵਿਤ ਹੋਣ ਵਾਲੇ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 521ਵੇਂ ਟਰੱਕ ਦੀ ਰਾਹਤ ਸਮੱਗਰੀ ਪਿਛਲੇ ਦਿਨੀਂ ਦਿਨੀਂ ਆਰ. ਐੱਸ. ਪੁਰਾ ਸੈਕਟਰ ਦੇ ਸਰਹੱਦੀ ਪਿੰਡਾਂ ਨਾਲ ਸਬੰਧਤ ਪਰਿਵਾਰਾਂ ਲਈ ਭਿਜਵਾਈ ਗਈ।
ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਗਰੇਟ ਪੰਜਾਬ ਪ੍ਰਿੰਟਰਜ਼ ਮੋਗਾ ਵਲੋਂ ਐੱਮ. ਡੀ. ਸ਼੍ਰੀ ਨਵੀਨ ਸਿੰਗਲਾ ਦੀ ਦੇਖ-ਰੇਖ ਹੇਠ ਅਤੇ ਆਰ. ਕੇ. ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ) ਵੱਲੋਂ ਚੇਅਰਮੈਨ ਸ਼੍ਰੀ ਸੰਜੀਵ ਸੂਦ ਅਤੇ ਪ੍ਰਧਾਨ ਰਾਜੀਵ ਸੂਦ ਵਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸ਼੍ਰੀ ਰਾਜਨ ਸੂਦ, ਰਾਜ ਕਮਲ ਕਪੂਰ, ਹੁਕਮ ਚੰਦ ਅਗਰਵਾਲ, ਸੁਰਿੰਦਰ ਡੱਬੂ ਅਤੇ ਅਸ਼ੋਕ ਅਰੋੜਾ ਨੇ ਵੀ ਅਹਿਮ ਭੂਮਿਕਾ ਨਿਭਾਈ।

ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਜੀ ਵੱਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 5 ਕਿੱਲੋ ਚਾਵਲ, ਇਕ ਕੰਬਲ ਅਤੇ ਇਕ ਪੈਕਟ ਨਮਕ ਸ਼ਾਮਲ ਸੀ। ਰਾਹਤ ਵੰਡ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਪ੍ਰਭਾਵਿਤ ਖੇਤਰਾਂ 'ਚ ਜਾਣ ਵਾਲੇ ਮੈਂਬਰਾਂ 'ਚ ਸ਼੍ਰੀ ਸੰਜੀਵ ਸੂਦ, ਦਵਿੰਦਰ ਸਿੰਘ ਸੋਨੂੰ, ਅਵਤਾਰ ਸਿੰਘ ਖੁਰਮੀ, ਰਾਜਨ ਸੂਦ, ਇੰਜੀ. ਰਾਜੇਸ਼ ਭਗਤ, ਐਡਵੋਕੇਟ ਵਰਿੰਦਰ ਪਰਾਸ਼ਰ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਆਰ. ਐੱਸ. ਪੁਰਾ ਦੇ ਪ੍ਰਤੀਨਿਧੀ ਮੁਕੇਸ਼ ਰੈਣਾ ਅਤੇ ਰਾਮਗੜ੍ਹ (ਜੰਮੂ) ਦੇ ਸਮਾਜ ਸੇਵੀ ਸਰਬਜੀਤ ਸਿੰਘ ਜੌਹਲ ਵੀ ਸ਼ਾਮਲ ਸਨ।

shivani attri

This news is Content Editor shivani attri