ਸਰਹੱਦੀ ਖੇਤਰਾਂ ਦੇ ਲੋਕਾਂ ''ਤੇ ਲਟਕ ਰਹੀ ਖਤਰੇ ਦੀ ਤਲਵਾਰ

08/12/2019 4:04:14 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਇਲਾਕਿਆਂ 'ਚ ਰਹਿਣ ਵਾਲੇ ਪਰਿਵਾਰ ਇਕ ਅਜਿਹੀ ਅੰਨ੍ਹੀ ਸੁਰੰਗ 'ਚ ਫਸ ਗਏ ਹਨ, ਜਿਸ ਵਿਚੋਂ ਨਿਕਲਣ ਦਾ ਕੋਈ ਪੱਕਾ ਰਸਤਾ ਹਾਲ ਦੀ ਘੜੀ ਦਿਖਾਈ ਨਹੀਂ ਦੇ ਰਿਹਾ। ਗੁਆਂਢੀ ਦੇਸ਼ ਦੀਆਂ ਘਟੀਆ ਸਾਜ਼ਿਸ਼ਾਂ ਅਤੇ ਭਾਰਤ-ਵਿਰੋਧੀ ਨੀਤੀਆਂ ਕਾਰਣ ਸਰਹੱਦੀ ਲੋਕਾਂ ਦੇ ਸਿਰ 'ਤੇ ਕਈ ਦਹਾਕਿਆਂ ਤੋਂ ਖਤਰੇ ਦੀ ਅਜਿਹੀ ਤਲਵਾਰ ਲਟਕ ਰਹੀ ਹੈ, ਜਿਸ ਨੇ ਅਣਗਿਣਤ ਲੋਕਾਂ ਦੀਆਂ ਜਾਨਾਂ ਲਈਆਂ ਅਤੇ ਉਨ੍ਹਾਂ ਦੇ ਕੰਮ-ਧੰਦੇ, ਕਾਰੋਬਾਰ ਬਰਬਾਦ ਕਰ ਦਿੱਤੇ। ਪਾਕਿਸਤਾਨ ਦੀ ਸ਼ਹਿ ਹੇਠ ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਕਤਲੋ-ਗਾਰਤ ਅਤੇ ਸੈਨਿਕਾਂ ਵੱਲੋਂ ਬੇਦੋਸ਼ੇ ਨਾਗਰਿਕਾਂ 'ਤੇ ਗੋਲੀਆਂ ਦੀ ਵਾਛੜ ਕਰਨ ਦਾ ਸਿਲਸਿਲਾ ਜਿਸ ਦਿਨ ਤੋਂ ਸ਼ੁਰੂ ਹੋਇਆ, ਉਸ ਪਿੱਛੋਂ ਹਰ ਦਿਨ ਇਸ 'ਚ ਤੇਜ਼ੀ ਹੀ ਆਈ ਹੈ। ਕੋਈ ਦਿਨ ਅਜਿਹਾ ਨਹੀਂ ਗੁਜ਼ਰਦਾ, ਜਿਸ ਦਿਨ ਭਾਰਤੀ ਸੁਰੱਖਿਆ ਬਲਾਂ ਦੀਆਂ ਚੌਕੀਆਂ ਅਤੇ ਜੰਮੂ-ਕਸ਼ਮੀਰ ਦੇ ਰਿਹਾਇਸ਼ੀ ਇਲਾਕਿਆਂ 'ਤੇ ਗੋਲੀਬਾਰੀ ਨਾ ਹੁੰਦੀ ਹੋਵੇ। ਇਨ੍ਹੀਂ ਦਿਨੀਂ ਪਾਕਿਸਤਾਨ ਵੱਲੋਂ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਅਤੇ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ, ਉਸ ਨਾਲ ਭਾਰਤੀ ਲੋਕਾਂ ਵਿਚ ਫਿਰ ਵੱਡੇ ਸਹਿਮ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਨੂੰ ਇਹੀ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਸ ਘੜੀ ਕੋਈ ਕਹਿਰ ਵਾਪਰ ਜਾਵੇ ਅਤੇ ਉਹ ਘਰ-ਘਾਟ ਛੱਡਣ ਲਈ ਮਜਬੂਰ ਹੋ ਜਾਣ।ਖਤਰੇ ਦਾ ਡਰ ਅਤੇ ਸਹਿਮ ਦੀਆਂ ਰੇਖਾਵਾਂ ਆਰ. ਐੱਸ. ਪੁਰਾ ਸੈਕਟਰ ਦੇ ਪਿੰਡ ਗੰਡਲੀ 'ਚ ਜੁੜੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੇ ਚਿਹਰਿਆਂ ਤੋਂ ਵੀ ਪੜ੍ਹੀਆਂ ਜਾ ਸਕਦੀਆਂ ਸਨ, ਜਿਹੜੇ ਉਥੇ ਹੀ 'ਪੰਜਾਬ ਕੇਸਰੀ' ਪੱਤਰ ਸਮੂਹ ਦੀ ਰਾਹਤ ਮੁਹਿੰਮ ਅਧੀਨ ਸਹਾਇਤਾ ਲੈਣ ਲਈ ਪੁੱਜੇ ਸਨ। ਇਥੇ 300 ਦੇ ਕਰੀਬ ਪਰਿਵਾਰਾਂ ਦਰਮਿਆਨ 520ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ ਸੀ, ਜਿਹੜੀ ਕਿ ਸ਼੍ਰੀ ਸ਼੍ਰੀ 1008 ਵੇਦਾਤਾਂਚਾਰੀਆ ਸੁਗਰੀਵਾਨੰਦ ਜੀ ਮਹਾਰਾਜ ਵੱਲੋਂ ਡੇਰਾ ਬਾਬਾ ਰੁਦਰਾਨੰਦ ਆਸ਼ਰਮ ਨਾਰੀ (ਊਨਾ-ਹਿਮਾਚਲ ਪ੍ਰਦੇਸ਼) ਤੋਂ ਭਿਜਵਾਈ ਗਈ ਸੀ।

ਇਸ ਮੌਕੇ 'ਤੇ ਇਕੱਠੇ ਹੋਏ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੀਆਂ ਹਰਕਤਾਂ ਨੇ ਹਜ਼ਾਰਾਂ ਪਰਿਵਾਰ ਤਬਾਹ ਕਰ ਦਿੱਤੇ ਹਨ। ਸਰਹੱਦੀ ਖੇਤਰਾਂ ਵਿਚ ਅੱਜ ਜਿਸ ਤਰ੍ਹਾਂ ਦੇ ਚਿੰਤਾਜਨਕ ਹਾਲਾਤ ਬਣੇ ਹੋਏ ਹਨ, ਉਸ ਲਈ ਪੂਰੀ ਤਰ੍ਹਾਂ ਪਾਕਿਸਤਾਨ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ 'ਚ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਨਾ ਕਰਵਾਉਣ ਲਈ ਸਾਡੀਆਂ ਸਰਕਾਰਾਂ ਨੇ ਵੀ ਖਾਸ ਯਤਨ ਨਹੀਂ ਕੀਤੇ। ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੀ ਗੋਲੀਬਾਰੀ ਕਾਰਨ ਸਭ ਤੋਂ ਮਾੜਾ ਅਸਰ ਲੋਕਾਂ 'ਤੇ ਇਹ ਪੈਂਦਾ ਹੈ ਕਿ ਉਨ੍ਹਾਂ ਦੇ ਮੈਂਬਰ ਮਾਰੇ ਜਾਂਦੇ ਹਨ, ਪਸ਼ੂ ਸ਼ਿਕਾਰ ਬਣਦੇ ਹਨ, ਫਸਲਾਂ ਪ੍ਰਭਾਵਿਤ ਹੁੰਦੀਆਂ ਹਨ ਅਤੇ ਬਹੁਤੀ ਵਾਰ ਉਨ੍ਹਾਂ ਨੂੰ ਆਪਣੇ ਹੱਸਦੇ-ਵੱਸਦੇ ਘਰ ਛੱਡ ਕੇ ਆਪਣੇ ਹੀ ਦੇਸ਼ ਵਿਚ ਸ਼ਰਨਾਰਥੀ ਬਣਨ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਹਫੜਾ-ਦਫੜੀ ਵਿਚ ਬੀਮਾਰ ਲੋਕ ਬਹੁਤ ਕਸ਼ਟ ਭੋਗਦੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ, ਉਦੋਂ ਤੱਕ ਸਰਹੱਦੀ ਖੇਤਰਾਂ ਦੇ ਹਾਲਾਤ ਆਮ ਵਰਗੇ ਨਹੀਂ ਹੋ ਸਕਦੇ।

ਗਰੀਬੀ ਅਤੇ ਗੋਲੀਆਂ ਦੀ ਮਾਰ ਸਹਿ ਰਹੇ ਨੇ ਲੋਕ: ਅਰੁਣ ਸ਼ਰਮਾ
ਜੰਮੂ-ਕਸ਼ਮੀਰ ਪੰਚਾਇਤ ਕਾਨਫਰੰਸ ਦੇ ਪ੍ਰਧਾਨ ਸ਼੍ਰੀ ਅਰੁਣ ਸ਼ਰਮਾ ਸੂਦਨ ਨੇ ਕਿਹਾ ਕਿ ਕਠੂਆ ਤੋਂ ਲੈ ਕੇ ਪੁੰਛ ਤੱਕ ਸੈਂਕੜੇ ਮੀਲ ਲੰਬਾ ਸਰਹੱਦੀ ਖੇਤਰ ਦੂਹਰੀ ਮਾਰ ਸਹਿਣ ਕਰ ਰਿਹਾ ਹੈ। ਇਕ ਪਾਸੇ ਲੋਕ ਗੋਲੀਬਾਰੀ ਝੱਲ ਰਹੇ ਹਨ ਅਤੇ ਦੂਜਾ ਪਾਸੇ ਉਹ ਗਰੀਬੀ ਦੀ ਮਾਰ ਸਹਿਣ ਕਰ ਰਹੇ ਹਨ। ਇਸ ਦੇ ਬਾਵਜੂਦ ਲੋਕ ਇਨ੍ਹਾਂ ਖਤਰਨਾਕ ਸਥਿਤੀਆਂ ਦਾ ਵੱਡੇ ਹੌਸਲੇ ਨਾਲ ਸਾਹਮਣਾ ਕਰ ਰਹੇ ਹਨ। ਅਰੁਣ ਨੇ ਕਿਹਾ ਕਿ ਸੂਬੇ ਦੀਆਂ ਪੰਚਾਇਤਾਂ ਕੋਲ ਬਹੁਤੇ ਅਧਿਕਾਰ ਨਾ ਹੋਣ ਕਰ ਕੇ ਉਹ ਆਪਣੇ ਪੱਧਰ 'ਤੇ ਪਿੰਡਾਂ ਦੇ ਵਿਕਾਸ ਲਈ ਕੋਈ ਕਦਮ ਨਹੀਂ ਚੁੱਕ ਸਕਦੀਆਂ। ਸੂਬੇ ਵਿਚ ਹੁਣ ਤੱਕ ਬਣੀਆਂ ਸਰਕਾਰਾਂ ਵੱਲੋਂ ਪੰਚਾਇਤੀ ਰਾਜ ਦੀ ਧਾਰਨਾ ਨੂੰ ਸਹੀ ਢੰਗ ਨਾਲ ਅਮਲ ਵਿਚ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਹੁਣ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਪੰਚਾਇਤੀ ਕਾਰਜ ਪ੍ਰਣਾਲੀ ਵਿਚ ਸੁਧਾਰ ਸਬੰਧੀ ਕੁਝ ਕਦਮ ਚੁੱਕੇ ਹਨ ਅਤੇ ਨਾਲ ਹੀ ਸਰਹੱਦੀ ਲੋਕਾਂ ਲਈ ਰਿਜ਼ਰਵੇਸ਼ਨ ਦਾ ਐਲਾਨ ਵੀ ਕੀਤਾ  ਹੈ। ਇਸ ਦੇ ਜ਼ਰੂਰ ਹੀ ਚੰਗੇ ਨਤੀਜੇ ਨਿਕਲਣਗੇ।
ਸਮਾਜ ਸੇਵੀ ਨੇਤਾ ਅਮਰ ਸਿੰਘ ਚਾੜਕ ਨੇ ਕਿਹਾ ਕਿ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ 75 ਫੀਸਦੀ ਲੋਕ ਬੇਜ਼ਮੀਨੇ ਹਨ, ਜਿਨ੍ਹਾਂ ਲਈ ਰੋਜ਼ੀ-ਰੋਟੀ ਕਮਾਉਣ ਦੇ ਵਸੀਲੇ ਬੇਹੱਦ ਸੀਮਤ ਹਨ। ਜਿਹੜੇ ਪਰਿਵਾਰਾਂ ਕੋਲ ਥੋੜ੍ਹੀ-ਬਹੁਤ ਜ਼ਮੀਨ ਹੈ, ਉਨ੍ਹਾਂ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਚੱਲਦਾ ਹੈ। ਸਰਕਾਰ ਨੂੰ ਇਨ੍ਹਾਂ ਇਲਾਕਿਆਂ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। 


ਰਾਹਤ ਵੰਡ ਮੁਹਿੰਮ ਮਹਾਨ ਕਾਰਜ ਹੈ: ਸੁਰਜੀਤ ਸਿੰਘ 
ਪਿੰਡ ਫਲੋਰਾ ਦੇ ਨੌਜਵਾਨ ਸਰਪੰਚ ਸ਼੍ਰੀ ਸੁਰਜੀਤ ਸਿੰਘ ਨੇ ਕਿਹਾ ਕਿ 'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਇਕ ਮਹਾਨ ਕਾਰਜ ਹੈ। ਇਸ ਦੁਨੀਆ 'ਚ ਸਭ ਤੋਂ ਪਵਿੱਤਰ ਕੰਮ ਕਿਸੇ ਲੋੜਵੰਦ ਅਤੇ ਭੁੱਖੇ ਪੇਟ ਲਈ ਰੋਟੀ ਦਾ ਪ੍ਰਬੰਧ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪੋ-ਆਪਣੀ ਸਮਰੱਥਾ ਅਨੁਸਾਰ ਦੂਜਿਆਂ ਦੀ ਮਦਦ ਲਈ ਯਤਨ ਕਰਨੇ ਚਾਹੀਦੇ ਹਨ। ਪਿੰਡ ਗੰਡਲੀ ਦੇ ਸਰਪੰਚ ਸ. ਗੁਰਦੀਪ ਸਿੰਘ ਸੈਣੀ ਨੇ ਇਸ ਰਾਹਤ ਵੰਡ ਆਯੋਜਨ ਦੀ ਦੇਖ-ਰੇਖ ਕਰਦਿਆਂ ਕਿਹਾ ਕਿ ਸਰਹੱਦੀ ਪਿੰਡਾਂ ਵਿਚ ਹਜ਼ਾਰਾਂ ਪਰਿਵਾਰ ਲਾਚਾਰਗੀ ਅਤੇ ਮੁਸੀਬਤਾਂ ਵਾਲਾ ਜੀਵਨ ਗੁਜ਼ਾਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਇਸ ਰਾਹਤ ਮੁਹਿੰਮ ਅਧੀਨ ਉਨ੍ਹਾਂ ਪਰਿਵਾਰਾਂ ਤਕ ਵੀ ਮਦਦ ਪਹੁੰਚਾਈ ਜਾਵੇ, ਜਿਹੜੇ ਹੁਣ ਤੱਕ ਇਸ ਤੋਂ ਵਾਂਝੇ ਹਨ।

ਪਿੰਡ ਸਲ੍ਹੈੜ ਦੇ ਸਰਪੰਚ ਪ੍ਰਤਾਪ ਸਿੰਘ ਨੇ ਕਿਹਾ ਕਿ ਸਰਹੱਦੀ ਲੋਕ ਅਨੇਕਾਂ ਤਰ੍ਹਾਂ ਦੇ ਸੰਕਟ ਸਹਿਣ ਕਰ ਕੇ ਵੀ ਪਾਕਿਸਤਾਨ ਦੀਆਂ ਗੋਲੀਆਂ ਸਾਹਮਣੇ ਸੀਨਾ ਤਾਣ ਕੇ ਡਟੇ ਰਹਿੰਦੇ ਹਨ। ਇਨ੍ਹਾਂ ਦੇਸ਼ ਦੇ ਰਖਵਾਲਿਆਂ ਦਾ ਦੁੱਖ-ਦਰਦ ਵੰਡਾਉਣਾ ਸਾਰੇ ਦੇਸ਼ ਵਾਸੀਆਂ ਦਾ ਫਰਜ਼ ਹੈ। 'ਪੰਜਾਬ ਕੇਸਰੀ' ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਨੇ ਕਿਹਾ ਕਿ ਸਰਹੱਦੀ ਪਿੰਡਾਂ 'ਚ ਹਾਲਾਤ ਹਮੇਸ਼ਾ ਨਾਜ਼ੁਕ ਬਣੇ ਰਹਿੰਦੇ ਹਨ ਅਤੇ ਅਜੇ ਇਸ ਗੱਲ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ ਕਿ ਇਥੇ ਅਮਨ-ਚੈਨ ਵਾਲਾ ਮਾਹੌਲ ਛੇਤੀ ਬਣੇਗਾ। ਉਦੋਂ ਤੱਕ ਪੀੜਤ ਪਰਿਵਾਰਾਂ ਦੀ ਸਹਾਇਤਾ ਦਾ ਸਿਲਸਿਲਾ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਇਸ ਮੌਕੇ 'ਤੇ ਸਮਾਜ ਸੇਵੀ ਜੀਤ ਸਿੰਘ, ਰਠਾਣਾ ਦੀ ਸਰਪੰਚ ਸ਼ਕਤੀ ਬਾਲਾ, ਮੈਡਮ ਪ੍ਰਵੀਨ, ਅਮਰ ਸਿੰਘ, ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ, ਵਿਨੋਦ ਸ਼ਰਮਾ ਅਤੇ ਕਈ ਪਿੰਡਾਂ ਦੇ ਪੰਚ-ਸਰਪੰਚ ਮੌਜੂਦ ਸਨ।

shivani attri

This news is Content Editor shivani attri