ਨਾਸੂਰ ਬਣਦੇ ਜਾ ਰਹੇ ਨੇ ਲੋਕਾਂ ਨੂੰ ਲੱਗੇ ਅੱਤਵਾਦ ਦੇ ਜ਼ਖਮ

08/05/2019 4:28:21 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ 'ਚ 1990 ਦੇ ਦਹਾਕੇ ਦੇ ਆਸ-ਪਾਸ ਸ਼ੁਰੂ ਹੋਇਆ ਅੱਤਵਾਦ ਇਸ ਸੂਬੇ ਦੇ ਲੱਖਾਂ ਲੋਕਾਂ ਨੂੰ ਅਜਿਹੇ ਜ਼ਖਮ ਲਗਾ ਚੁੱਕਾ ਹੈ, ਜਿਹੜੇ ਹੌਲੀ-ਹੌਲੀ ਨਾਸੂਰ ਬਣਦੇ ਜਾ ਰਹੇ ਹਨ। ਕੌੜੀ ਸੱਚਾਈ ਇਹ ਵੀ ਹੈ ਕਿ ਪਾਕਿਸਤਾਨ ਦੀ ਸ਼ਹਿ ਹੇਠ ਚੱਲ ਰਹੀ ਅੱਤਵਾਦ ਦੀ ਇਸ ਘਿਨਾਉਣੀ ਖੇਡ ਨੂੰ ਹੁਣ ਤੱਕ ਲਗਾਮ ਨਹੀਂ ਪਾਈ ਜਾ ਸਕੀ। ਇਹ 'ਖੇਡ' ਅੱਜ ਵੀ ਲਗਾਤਾਰ ਜਾਰੀ ਹੈ ਅਤੇ ਸਰਹੱਦ ਪਾਰ ਤੋਂ ਆਉਣ ਵਾਲੇ ਅੱਤਵਾਦੀਆਂ ਦੇ ਟੋਲੇ ਇਸ ਧਰਤੀ ਨੂੰ ਖੂਨ ਨਾਲ ਰੰਗ ਰਹੇ ਹਨ। ਜਿਹੜੇ ਲੋਕ ਪਿਛਲੇ ਦਹਾਕਿਆਂ ਦੌਰਾਨ ਅੱਤਵਾਦ ਤੋਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਦਾ ਮੁੜ-ਵਸੇਬਾ ਕਰਨ ਅਤੇ ਜ਼ਖਮਾਂ 'ਤੇ ਮੱਲ੍ਹਮ ਲਗਾਉਣ ਦੇ ਯਤਨ ਵੀ ਸੌ ਫੀਸਦੀ ਸਫਲ ਨਹੀਂ ਹੋ ਸਕੇ। ਜਿਨ੍ਹਾਂ ਲੋਕਾਂ ਨੂੰ ਆਪਣੇ ਘਰ-ਘਾਟ ਛੱਡ ਕੇ ਸੂਬੇ 'ਚੋਂ ਪਲਾਇਨ ਕਰਨ ਲਈ ਮਜਬੂਰ ਹੋਣਾ ਪਿਆ, ਉਨ੍ਹਾਂ ਨੂੰ ਵੀ ਇੱਜ਼ਤ-ਮਾਣ ਨਾਲ ਫਿਰ ਉਨ੍ਹਾਂ ਦੇ 'ਆਪਣੇ' ਘਰਾਂ 'ਚ ਨਹੀਂ ਵਸਾਇਆ ਜਾ ਸਕਿਆ। ਕਸ਼ਮੀਰ ਘਾਟੀ 'ਚੋਂ ਉੱਜੜਣ ਵਾਲੇ ਪੰਡਿਤ ਪਰਿਵਾਰਾਂ ਦਾ ਦਰਦ ਕਿਸੇ ਤੋਂ ਛੁਪਿਆ ਨਹੀਂ ਹੈ ਕਿ ਕਿਸ ਤਰ੍ਹਾਂ ਉਹ ਅੱਜ ਵੀ ਦਰ-ਦਰ ਦੀਆਂ ਠੋਹਕਰਾਂ ਖਾ ਰਹੇ ਹਨ।

ਅੱਤਵਾਦ ਵਰਗੀ ਹੀ ਤਬਾਹੀ ਸਰਹੱਦ ਪਾਰ ਤੋਂ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾਂਦੀ ਫਾਇਰਿੰਗ ਨੇ ਵੀ ਮਚਾਈ ਹੈ। ਇਸ ਗੋਲੀਬਾਰੀ ਨੂੰ ਵੀ ਰੋਕਣ ਦਾ ਕੋਈ ਸਫਲ ਨੁਸਖਾ ਹੁਣ ਤੱਕ ਅਮਲ ਵਿਚ ਨਹੀਂ ਲਿਆਂਦਾ ਜਾ ਸਕਿਆ, ਜਿਸ ਕਾਰਨ ਸਰਹੱਦੀ ਖੇਤਰਾਂ ਦੇ ਹਜ਼ਾਰਾਂ ਪਰਿਵਾਰ ਇਸ ਤੋਂ ਪ੍ਰਭਾਵਿਤ ਹੋਏ ਹਨ। ਪੁੰਛ, ਰਾਜੌਰੀ, ਸੁੰਦਰਬਨੀ, ਅਖਨੂਰ ਅਤੇ ਰਿਆਸੀ ਆਦਿ ਇਲਾਕਿਆਂ 'ਚ ਅੱਤਵਾਦ ਅਤੇ ਗੋਲੀਬਾਰੀ ਤੋਂ ਪ੍ਰਭਾਵਿਤ ਅਣਗਿਣਤ ਪਰਿਵਾਰ ਸਹਿਕ-ਸਹਿਕ ਕੇ ਜੀਅ ਰਹੇ ਹਨ। ਅਜਿਹੇ ਪਰਿਵਾਰਾਂ ਦਾ ਦਰਦ ਵੰਡਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 519ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਰਿਆਸੀ ਜ਼ਿਲੇ ਦੇ ਪੋਨੀ ਕਸਬੇ ਵਿਚ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ 300 ਦੇ ਕਰੀਬ ਪਰਿਵਾਰਾਂ ਦਰਮਿਆਨ ਵੰਡੀ ਗਈ ਸੀ।

ਇਸ ਵਾਰ ਦੀ ਰਾਹਤ ਸਮੱਗਰੀ ਸ਼੍ਰੀਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਲੁਧਿਆਣਾ ਵਲੋਂ ਭਿਜਵਾਈ ਗਈ ਸੀ। ਪੋਨੀ ਵਿਚ ਜੁੜੇ ਪ੍ਰਭਾਵਿਤ ਪਰਿਵਾਰਾਂ ਨੂੰ ਆਟਾ, ਚਾਵਲ, ਰਜਾਈਆਂ, ਕੰਬਲ, ਬਰਤਨ, ਕੱਪੜੇ, ਰਸ, ਬਿਸਕੁਟ ਅਤੇ ਹੋਰ ਘਰੇਲੂ ਵਰਤੋਂ ਵਾਲੀ ਸਮੱਗਰੀ ਮੁਹੱਈਆ ਕਰਵਾਈ ਗਈ। ਇਸ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਸਾਬਕਾ ਭਾਜਪਾ ਵਿਧਾਇਕ ਬਲਦੇਵ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਹਰਕਤਾਂ ਨੇ ਜੰਮੂ-ਕਸ਼ਮੀਰ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਹ ਸੂਬਾ ਅੱਤਵਾਦ ਅਤੇ ਗੋਲੀਬਾਰੀ ਦੀ ਮਾਰ ਕਾਰਨ ਇੰਨਾ ਪਿਛੜ ਗਿਆ ਹੈ ਕਿ ਕਈ ਦਹਾਕਿਆਂ ਤੱਕ ਇਸ ਦੀ ਗੱਡੀ ਪਟੜੀ 'ਤੇ ਨਹੀਂ ਆ ਸਕੇਗੀ।

ਸ਼ਰਮਾ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਖੇਤਰਾਂ ਅਤੇ ਖਾਸ ਕਰ ਕੇ ਸਰਹੱਦੀ ਪਿੰਡਾਂ 'ਚ ਜਿਹੜੇ ਲੱਖਾਂ ਲੋਕ ਪਾਕਿਸਤਾਨ ਦੀ ਮਾਰ ਕਾਰਨ ਪ੍ਰਭਾਵਿਤ ਹੋਏ ਹਨ, ਉਨ੍ਹਾਂ ਲਈ ਸਹਾਇਤਾ ਭਿਜਵਾ ਕੇ ਪੰਜਾਬ ਕੇਸਰੀ ਗਰੁੱਪ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਇਨਸਾਨੀਅਤ ਦੀ ਮਹਾਨ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗਰਮੀ, ਸਰਦੀ, ਬਾਰਸ਼ ਅਤੇ ਕੜਕਦੀ ਧੁੱਪ ਦੀ ਪਰਵਾਹ ਕੀਤੇ ਬਿਨਾਂ ਰਾਹਤ ਵੰਡ ਕਾਫਲਾ ਚੱਲਦਾ ਰਹਿੰਦਾ ਹੈ ਅਤੇ ਇਸ ਤਰ੍ਹਾਂ ਹੁਣ ਤੱਕ ਡੇਢ ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਸਹਾਇਤਾ ਸਮੱਗਰੀ ਵੰਡੀ ਜਾ ਚੁੱਕੀ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੀਆਂ ਹਰਕਤਾਂ ਕਾਰਨ ਪ੍ਰਭਾਵਿਤ ਪਰਿਵਾਰਾਂ ਦੀ ਕਤਾਰ ਹੋਰ ਲੰਬੀ ਹੁੰਦੀ ਜਾ ਰਹੀ ਹੈ, ਇਸ ਲਈ ਸਾਨੂੰ ਰਾਹਤ ਕਾਰਜਾਂ 'ਚ ਵੀ ਤੇਜ਼ੀ ਲਿਆਉਣੀ ਚਾਹੀਦੀ ਹੈ।

ਸਮਾਜ 'ਚ ਦੋ ਤਰ੍ਹਾਂ ਦੇ ਲੋਕ ਹਨ: ਰਜਿੰਦਰ ਸ਼ਰਮਾ
ਬਾਲ ਯੋਗੇਸ਼ਵਰ ਆਸ਼ਰਮ ਪੋਨੀ 'ਚ ਰਾਹਤ ਲੈਣ ਲਈ ਜੁੜੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਗਏ ਸ਼੍ਰੀ ਰਜਿੰਦਰ ਸ਼ਰਮਾ (ਭੋਲਾ ਜੀ) ਨੇ ਕਿਹਾ ਕਿ ਸਮਾਜ ਵਿਚ ਦੋ ਤਰ੍ਹਾਂ ਦੇ ਲੋਕ ਹਨ–ਖਾਣ ਵਾਲੇ ਅਤੇ ਖੁਆਉਣ ਵਾਲੇ। ਇਕ ਉਹ ਹਨ ਜਿਹੜੇ ਦਿਨ-ਰਾਤ ਇਸ ਦੇਸ਼ ਨੂੰ ਘੁਣ ਵਾਂਗ ਖਾ ਰਹੇ ਹਨ ਅਤੇ ਦੂਜੇ ਉਹ ਹਨ ਜਿਹੜੇ ਦੁਖੀਆਂ-ਪੀੜਤਾਂ ਦੇ ਮੂੰਹ 'ਚ ਰੋਟੀ ਪਾਉਣ ਦਾ ਯਤਨ ਕਰ ਰਹੇ ਹਨ।

ਭੋਲਾ ਜੀ ਨੇ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਆਪਣਾ ਸਾਰਾ ਜੀਵਨ ਲੋੜਵੰਦਾਂ ਦੀ ਸੇਵਾ ਦੇ ਲੇਖੇ ਲਾ ਦਿੱਤਾ। ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਚਲਾਏ ਜਾ ਰਹੇ ਸੇਵਾ-ਕਾਰਜਾਂ ਦਾ ਹੁਣ ਤੱਕ ਕਰੋੜਾਂ ਲੋਕਾਂ ਨੂੰ ਲਾਭ ਮਿਲ ਚੁੱਕਾ ਹੈ। 88 ਸਾਲ ਦੀ ਉਮਰ 'ਚ ਵੀ ਵਿਜੇ ਜੀ ਮਨੁੱਖਤਾ ਦੀ ਸੇਵਾ ਖਾਤਰ ਪਹਿਲਾਂ ਵਾਂਗ ਹੀ ਯਤਨਸ਼ੀਲ ਹਨ। ਰਿਟਾਇਰਡ ਲੈਕਚਰਾਰ ਅਜੀਤ ਰਾਮ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੀੜਤਾਂ ਅਤੇ ਲੋੜਵੰਦਾਂ ਦੀ ਮਦਦ ਕਰਨਾ ਆਸਾਨ ਕੰਮ ਨਹੀਂ ਹੈ, ਇਸ ਲਈ ਹਿੰਮਤ ਅਤੇ ਹੌਸਲੇ ਦੀ ਵੱਡੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਕਾਰਜ ਜੰਮੂ-ਕਸ਼ਮੀਰ ਦੀ ਸਰਕਾਰ ਨਹੀਂ ਕਰ ਸਕੀ, ਉਹ ਪੰਜਾਬ ਕੇਸਰੀ ਪਰਿਵਾਰ ਅਤੇ ਪੰਜਾਬ ਦੇ ਦਾਨਵੀਰ ਕਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਹੋਰ ਸਮੱਗਰੀ ਭਿਜਵਾਈ ਜਾਵੇ।

ਜੰਮੂ-ਕਸ਼ਮੀਰ ਸਿਆਸਤ ਦਾ ਅਖਾੜਾ ਬਣ ਗਿਐ: ਅਜੀਤ ਰੈਣਾ
ਸਮਾਜ ਸੇਵੀ ਅਜੀਤ ਕੁਮਾਰ ਰੈਣਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇਸ਼ ਦੀ ਵੰਡ ਵੇਲੇ ਤੋਂ ਹੀ ਗੜਬੜ ਦਾ ਸ਼ਿਕਾਰ ਬਣਿਆ ਹੋਇਆ ਹੈ, ਅੱਜ ਇਹ ਬਦਕਿਸਮਤ ਸੂਬਾ ਕੌਮਾਂਤਰੀ ਸਿਆਸਤ ਦਾ ਅਖਾੜਾ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਥੇ ਜਿਸ ਤਰ੍ਹਾਂ ਪਾਕਿਸਤਾਨ ਦੀ ਸ਼ਹਿ ਹੇਠ ਅੱਤਵਾਦ ਫੈਲ ਰਿਹਾ ਹੈ ਅਤੇ ਗੋਲੀਬਾਰੀ ਕਾਰਣ ਤਬਾਹੀ ਹੋ ਰਹੀ ਹੈ, ਇਸ ਸਬੰਧ 'ਚ ਕੇਂਦਰ ਸਰਕਾਰ ਨੂੰ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ 'ਤੇ ਸਰਪੰਚ ਪ੍ਰਕਾਸ਼ ਸਿੰਘ, ਰੋਬਿਨ ਬਨਾਥੀਆ, ਸ਼ੰਭੂ ਨਾਥ, ਕੈਪਟਨ ਮਹਿੰਦਰ ਲਾਲ ਪੰਚ, ਮੁਕੇਸ਼ ਕੁਮਾਰ ਪੰਚ, ਸੰਜੀਵ ਕੁਮਾਰ ਸਰਪੰਚ, ਪੋਨੀ ਪੰਚਾਇਤ ਦੇ ਵਾਰਡ ਨੰ. 2 ਦੀ ਪੰਚ ਸ਼੍ਰੀਮਤੀ ਰੇਨੂੰ ਸ਼ਰਮਾ, ਪੰਚ ਕਮਲੇਸ਼ ਕੁਮਾਰੀ (ਵਾਰਡ ਨੰ. 8), ਪੰਚ ਕਨੀਜ ਬੇਗਮ (ਵਾਰਡ ਨੰ. 5) ਤੋਂ ਇਲਾਵਾ ਪੰਜਾਬ ਕੇਸਰੀ ਦੇ ਸ਼੍ਰੀ ਵਿਨੋਦ ਸ਼ਰਮਾ ਵੀ ਮੌਜੂਦ ਸਨ।

shivani attri

This news is Content Editor shivani attri