ਮੁਸੀਬਤਾਂ ਦੀ ਬੁੱਕਲ ''ਚ ਸਿਸਕਦੇ ''ਬੱਕਲ ਦੇ ਬਾਸ਼ਿੰਦੇ''

12/02/2019 5:54:45 PM

ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਦਾ ਪਿੰਡ ਬੱਕਲ ਅੱਜ ਵੀ ਕੁਦਰਤੀ ਸੁਹੱਪਣ ਨਾਲ ਮਾਲਾਮਾਲ ਹੈ। ਆਲੇ-ਦੁਆਲੇ ਹਰੇ-ਭਰੇ ਰੁੱਖਾਂ ਨਾਲ ਢਕੀਆਂ ਉੱਚੀਆਂ ਪਹਾੜੀਆਂ ਅਤੇ ਪਿੰਡ ਦੇ ਪੈਰਾਂ 'ਚੋਂ ਵਹਿ ਰਿਹੈ ਦਰਿਆ ਝਨਾਂ। ਜ਼ਮੀਨ ਬਹੁਤ ਜਰਖੇਜ਼ ਹੈ, ਇਸੇ ਕਰਕੇ ਤਾਂ ਲੋਕਾਂ ਦੇ ਘਰਾਂ 'ਚ ਵੱਖ-ਵੱਖ ਕਿਸਮਾਂ ਦੇ ਫਲਾਂ ਨਾਲ ਲੱਦੇ ਬੂਟੇ ਖੜ੍ਹੇ ਹਨ। ਇਸ ਸਭ ਦੇ ਬਾਵਜੂਦ ਲੋਕਾਂ ਦੇ ਚਿਹਰਿਆਂ ਤੋਂ ਉਦਾਸੀ ਦੀ ਇਕ ਅਜਿਹੀ ਇਬਾਰਤ ਪੜ੍ਹੀ ਜਾ ਸਕਦੀ ਹੈ, ਜਿਸ ਨਾਲ ਉਨ੍ਹਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਤਣੀਆਂ ਰਹਿੰਦੀਆਂ ਹਨ। ਇਸ ਤਣਾਅ ਨੂੰ ਨਾ ਸਹਾਰਦੇ ਹੋਏ ਪਿੰਡ ਅਤੇ ਆਲੇ-ਦੁਆਲੇ ਦੇ ਕੁਝ ਲੋਕ ਉੱਥੋਂ ਪਲਾਇਨ ਕਰ ਗਏ ਹਨ ਅਤੇ ਜਿਹੜੇ ਬਾਕੀ ਬਚੇ ਹਨ, ਉਹ ਮੁਸੀਬਤਾਂ, ਮਜਬੂਰੀਆਂ ਅਤੇ ਮੁਸ਼ਕਲਾਂ ਦੀ ਬੁੱਕਲ 'ਚ ਸਿਸਕਦੇ ਰਹਿੰਦੇ ਹਨ। 

ਪਿੰਡਾਂ ਦੀਆਂ ਕੰਧਾਂ ਨਾਲੋਂ ਖਹਿ ਕੇ ਲੰਘਦਾ ਰੇਲਵੇ ਦਾ ਇਕ ਬਹੁਤ ਵੱਡਾ ਪੁਲ ਝਨਾਂ ਦਰਿਆ 'ਤੇ ਉਸਾਰਿਆ ਜਾ ਰਿਹਾ ਹੈ। ਪੁਲ ਦੀ ਉਸਾਰੀ ਅਤੇ ਰੇਲ ਪਟੜੀ ਲੰਘਾਉਣ ਲਈ ਪਹਾੜਾਂ 'ਚ ਜਿਹੜੀਆਂ ਸੁਰੰਗਾਂ ਬਣਾਈਆਂ ਜਾ ਰਹੀਆਂ ਹਨ, ਉਸ ਕਾਰਨ ਪਾਣੀ ਦੇ ਸੋਮੇ ਸੁੱਕ ਗਏ ਹਨ, ਜਿਸ ਦਾ ਅਸਰ ਆਮ ਜੀਵਨ ਦੇ ਨਾਲ ਹੀ ਰੁੱਖਾਂ-ਬੂਟਿਆਂ, ਫਸਲਾਂ ਅਤੇ ਪਾਲਤੂ ਜਾਨਵਰਾਂ 'ਤੇ ਵੀ ਪੈ ਰਿਹਾ ਹੈ। ਇਸ ਤੋਂ ਇਲਾਵਾ ਦੂਰ-ਦੁਰਾਡੇ ਦਾ ਪਹਾੜੀ ਖੇਤਰ ਹੋਣ ਕਾਰਨ ਇਥੇ ਲੋੜੀਂਦੀਆਂ ਸਹੂਲਤਾਂ ਵੀ ਨਹੀਂ ਪਹੁੰਚ ਸਕੀਆਂ। ਪਿੰਡਾਂ ਦੇ ਲੋਕਾਂ ਨੂੰ ਕਈ ਕਿਲੋਮੀਟਰ ਤੱਕ ਦਾ ਸਫਰ ਪੈਦਲ ਹੀ ਕਰਨਾ ਪੈਂਦਾ ਹੈ। ਅੱਤਵਾਦ ਦੇ ਪਰਛਾਵੇਂ ਇਸ ਖੇਤਰ ਨੂੰ ਭੈਅਭੀਤ ਕਰਦੇ ਰਹਿੰਦੇ ਹਨ। ਬੇਰੋਜ਼ਗਾਰੀ ਅਤੇ ਗਰੀਬੀ ਵੀ ਇਸ ਖੇਤਰ ਦੇ ਪਿੰਡਾਂ 'ਚੋਂ ਸਾਫ ਦੇਖੀ ਜਾ ਸਕਦੀ ਹੈ। 

ਬੱਕਲ ਅਤੇ ਆਸ-ਪਾਸ ਦੇ ਪਿੰਡਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੀ ਵਿਸ਼ੇਸ਼ ਰਾਹਤ-ਮੁਹਿੰਮ ਅਧੀਨ ਇਥੇ 536ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ। ਇਸ ਮੌਕੇ ਕਟੜਾ ਦੇ ਸਾਬਕਾ ਭਾਜਪਾ ਵਿਧਾਇਕ ਸ਼੍ਰੀ ਬਲਦੇਵ ਸ਼ਰਮਾ ਦੇ ਵਿਸ਼ੇਸ਼ ਯਤਨਾਂ ਅਧੀਨ ਅਤੇ ਖੇਤਰ ਦੀ ਬਲਾਕ ਕੌਂਸਲ ਦੇ ਚੇਅਰਮੈਨ ਸ਼੍ਰੀ ਅਸ਼ੋਕ ਠਾਕਰ ਦੀ ਦੇਖ-ਰੇਖ ਹੇਠ ਪਿੰਡ ਬੱਕਲ 'ਚ 325 ਲੋੜਵੰਦ ਪਰਿਵਾਰਾਂ ਨੂੰ ਰਜਾਈਆਂ ਦੀ ਵੰਡ ਕੀਤੀ ਗਈ।
ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਸ਼ੋਕ ਠਾਕਰ ਨੇ ਕਿਹਾ ਕਿ ਬੱਕਲ ਅਤੇ ਇਸ ਤੋਂ ਅੱਗੇ ਦਾ ਪਹਾੜੀ ਇਲਾਕਾ ਵਿਕਾਸ ਦੇ ਨਜ਼ਰੀਏ ਤੋਂ ਇੰਨਾ ਪਛੜਿਆ ਹੋਇਆ ਹੈ ਕਿ 50 ਕਿਲੋਮੀਟਰ ਤੱਕ ਦੇ ਖੇਤਰ 'ਚ ਪਿੰਡਾਂ ਤੱਕ ਜਾਣ ਲਈ ਕੋਈ ਸੜਕ ਵੀ ਨਹੀਂ ਹੈ, ਜਿਸ ਤੋਂ ਬਾਕੀ ਵਿਕਾਸ ਕਾਰਜਾਂ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਖੇਤਰ 'ਚ ਰੇਲਵੇ ਲਾਈਨ ਵਿਛਾਈ ਜਾ ਰਹੀ ਸੀ ਤਾਂ ਲੋਕਾਂ ਨੂੰ ਆਸ ਬਣੀ ਸੀ ਕਿ ਇਸ ਖੇਤਰ ਦੇ ਭਾਗ ਜਾਗ ਪੈਣਗੇ ਅਤੇ ਬੇਰੋਜ਼ਗਾਰੀ ਦੂਰ ਹੋ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ। 

ਅਸ਼ੋਕ ਠਾਕਰ ਨੇ ਕਿਹਾ ਕਿ ਇਸ ਖੇਤਰ ਦੇ ਪਿੰਡ ਅਜਿਹੇ ਬਦਨਸੀਬ ਹਨ, ਜਿੱਥੇ ਪਹੁੰਚਣ ਤੋਂ ਪਹਿਲਾਂ ਹੀ ਸਰਕਾਰ ਦੇ ਿਵਕਾਸ ਕਾਰਜਾਂ ਦੀ ਚਾਲ ਠੱਪ ਹੋ ਜਾਂਦੀ ਹੈ। ਇਹ ਸਿਰਫ ਪੰਜਾਬ ਕੇਸਰੀ ਗਰੁੱਪ ਹੀ ਹੈ ਜਿਸ ਨੇ ਇੱਥੇ ਰਾਹਤ-ਸਮੱਗਰੀ ਦਾ ਦੂਜਾ ਟਰੱਕ ਭਿਜਵਾਇਆ  ਹੈ। ਇਕ ਟਰੱਕ ਕੁਝ ਮਹੀਨੇ ਪਹਿਲਾਂ ਵੀ ਇੱਥੇ ਵੰਡਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਦਰਜਨਾਂ ਹੋਰ ਪਿੰਡ ਹਨ, ਜਿਹੜੇ ਇਸ ਰਾਹਤ ਦਾ ਰਾਹ ਉਡੀਕ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੋਈ ਵੀ ਹੋਰ ਸੰਸਥਾ ਅੱਜ ਤਕ ਇਨ੍ਹਾਂ ਇਲਾਕਿਆਂ  'ਚ ਸਹਾਇਤਾ ਲੈ ਕੇ ਨਹੀਂ ਪੁੱਜੀ।

ਮਨੁੱਖਤਾ ਦੀ ਸੇਵਾ ਰੱਬ ਦੀ ਇਬਾਦਤ ਹੈ-ਰਾਕੇਸ਼ ਜੈਨ
ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ, ਰੱਬ ਦੀ ਇਬਾਦਤ ਹੈ। ਜੇ ਅਸੀਂ ਪ੍ਰਭੂ ਦੀ ਕਿਰਪਾ ਪ੍ਰਾਪਤ ਕਰਨੀ ਚਾਹੁੰਦੇ   ਹਾਂ ਤਾਂ ਸਾਨੂੰ ਲੋੜਵੰਦਾਂ, ਆਰਥਕ ਤੌਰ 'ਤੇ ਕਮਜ਼ੋਰ ਲੋਕਾਂ ਅਤੇ ਪੀੜਤਾਂ ਦੀ ਸੇਵਾ-ਸਹਾਇਤਾ ਲਈ ਵਧ-ਚੜ੍ਹ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਇਨਸਾਨਾਂ ਵਿਚ ਹੀ ਵੱਸਦਾ ਹੈ ਅਤੇ ਜੇ ਅਸੀਂ ਇਨਸਾਨੀਅਤ ਨੂੰ ਪਿਆਰ ਨਹੀਂ ਕਰਦੇ ਤਾਂ ਉਹ (ਪ੍ਰਮਾਤਮਾ) ਕਦੇ ਵੀ ਸਾਡੇ 'ਤੇ ਖੁਸ਼ ਨਹੀਂ ਹੋਵੇਗਾ। ਸ਼੍ਰੀ ਰਾਕੇਸ਼ ਜੈਨ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਜਿਸ ਤਰ੍ਹਾਂ ਉਮਰ ਭਰ ਦੂਜਿਆਂ ਦੀ ਸੇਵਾ ਲਈ ਯਤਨ ਕੀਤੇ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਅਸੀਂ ਵੀ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਇਸ ਰਾਹਤ ਮੁਹਿੰਮ ਵਿਚ ਸ਼ਾਮਲ ਹੋਏ ਹਾਂ ਅਤੇ ਇਸ ਮਕਸਦ ਲਈ ਲਗਾਤਾਰ ਯਤਨ ਕਰਦੇ ਰਹਾਂਗੇ। 
ਪਿੰਡ ਦੇ ਸਰਪੰਚ ਕਪੂਰ ਸਿੰਘ ਠਾਕਰ (ਨਾਟ ਖੇਤਰ 'ਚ ਮਸ਼ਹੂਰ ਪਦਮ ਸ਼੍ਰੀ ਬਲਵੰਤ ਠਾਕਰ ਦੇ ਭਰਾ) ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਕੋਲ ਅਜਿਹੇ ਕੋਈ ਫੰਡ ਨਹੀਂ ਹਨ, ਜਿਸ ਨਾਲ ਉਹ ਵਿਕਾਸ ਕਰਵਾ ਸਕਣ। ਸਰਕਾਰ ਵਲੋਂ  ਵੀ ਪੰਚਾਇਤਾਂ ਨੂੰ ਕੋਈ ਵਿਸ਼ੇਸ਼ ਗ੍ਰਾਂਟਾਂ ਨਹੀਂ ਦਿੱਤੀਆਂ ਜਾਂਦੀਆਂ, ਜਿਸ ਕਾਰਣ ਪਿੰਡਾਂ ਦੀ ਦੁਰਦਸ਼ਾ ਸੁਧਾਰੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਵਿਗਿਆਨਕ ਯੁੱਗ ਵਿਚ ਵੀ ਇਲਾਕੇ ਦੇ ਲੋਕ ਪੈਦਲ ਪੱਥਰਾਂ ਨਾਲ ਠੇਡੇ ਖਾਣ ਲਈ ਮਜਬੂਰ ਹਨ। 

ਪੰਜਾਬ ਕੇਸਰੀ ਵਾਅਦਾ ਨਿਭਾਅ ਰਿਹੈ-ਵਰਿੰਦਰ ਸ਼ਰਮਾ
ਰਾਹਤ ਵੰਡ ਟੀਮ ਦੇ ਮੋਹਰੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਪਿਛਲੀ ਵਾਰ ਬੱਕਲ 'ਚ ਰਾਹਤ ਸਮੱਗਰੀ ਵੰਡੀ ਗਈ ਸੀ ਤਾਂ ਪੰਜਾਬ ਕੇਸਰੀ ਟੀਮ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਇਲਾਕੇ ਦੇ ਮਾੜੇ ਹਾਲਾਤ ਨੂੰ ਦੇਖਦਿਆਂ ਇੱਥੇ ਹੋਰ ਸਹਾਇਤਾ ਸਮੱਗਰੀ ਭਿਜਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਉਹੀ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋੜਵੰਦਾਂ ਦੀ ਸਹਾਇਤਾ ਦਾ ਸਿਲਸਿਲਾ ਭਵਿੱਖ ਵਿਚ ਵੀ ਜਾਰੀ ਰੱਖਿਆ ਜਾਵੇਗਾ। ਸ਼੍ਰੀ ਸ਼ਰਮਾ ਨੇ ਕਿਹਾ ਕਿ ਰੇਲਵੇ ਪ੍ਰਾਜੈਕਟ ਕਾਰਣ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਇਕਵਾਇਰ ਕੀਤੀਆਂ ਗਈਆਂ ਹਨ ਅਤੇ ਫਸਲਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਬਦਲੇ ਸਰਕਾਰ ਵੱਲੋਂ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜੇ ਖੇਤਰਾਂ 'ਚ ਪ੍ਰਾਜੈਕਟ ਉਸਾਰੇ ਜਾ ਰਹੇ ਹਨ, ਉੱਥੋਂ ਦੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ 'ਤੇ ਰੋਜ਼ਗਾਰ ਦਿੱਤਾ ਜਾਵੇ। ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਖੇਤਰ 'ਚੋਂ ਪਲਾਇਨ ਰੋਕਿਆ ਜਾਣਾ ਚਾਹੀਦਾ ਹੈ ਅਤੇ ਜਿਹੜੇ ਲੋਕ ਆਪਣੇ ਘਰ ਛੱਡ ਕੇ ਦੂਜੇ ਸਥਾਨਾਂ 'ਤੇ ਚਲੇ ਗਏ ਹਨ, ਉਨ੍ਹਾਂ ਨੂੰ ਵਾਪਸ ਲਿਆ ਕੇ ਇਥੇ ਵਸਾਇਆ ਜਾਣਾ ਚਾਹੀਦਾ ਹੈ। 

ਪਿੰਡ ਲਮਸੋਰਾ ਦੀ ਮਹਿਲਾ ਸਰਪੰਚ ਸ਼੍ਰੀਮਤੀ ਰੇਖਾ ਸ਼ਰਮਾ ਨੇ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੂਰ-ਦੁਰਾਡੇ ਪਹਾੜੀ ਖੇਤਰਾਂ 'ਚ ਰਹਿਣ ਵਾਲਿਆਂ ਨੂੰ ਤਾਂ ਰਿਸ਼ਤੇਦਾਰ ਵੀ ਮਿਲਣ ਆਉਣ ਤੋਂ ਕੰਨੀ ਕਤਰਾਉਂਦੇ ਹਨ ਪਰ ਪੰਜਾਬ ਕੇਸਰੀ ਗਰੁੱਪ ਇੰਨੀ ਦੂਰ ਤੱਕ ਲੋੜਵੰਦ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਇਥੇ ਦੇ ਲੋਕਾਂ ਦਾ ਦਰਦ ਸਮਝਿਆ ਹੈ, ਜਦੋਂ ਕਿ ਸਰਕਾਰਾਂ ਕੋਲ ਤਾਂ ਦੁੱਖ ਸੁਣਨ ਦਾ ਵੀ ਸਮਾਂ ਨਹੀਂ। ਉਨ੍ਹਾਂ ਕਿਹਾ ਕਿ ਹੋਰ ਵੀ ਕਈ ਪਿੰਡ ਅਜਿਹੇ ਹਨ ਜਿੱਥੋਂ ਦੇ ਲੋਕ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਲਈ ਵੀ ਸਮੱਗਰੀ ਭਿਜਵਾਈ ਜਾਣੀ ਚਾਹੀਦੀ ਹੈ।
ਇਸ ਰਾਹਤ ਵੰਡ ਆਯੋਜਨ ਦੌਰਾਨ ਸਰਪੰਚ ਸ਼੍ਰੀ ਅਮਰ ਨਾਥ, ਲੁਧਿਆਣਾ ਦੇ ਸ਼੍ਰੀ ਸੁਦਰਸ਼ਨ ਜੈਨ, ਕਾਂਤਾ ਜੈਨ, ਮੁਕੇਸ਼ ਜੈਨ, ਮੋਨਿਕਾ ਜੈਨ, ਵਿਪਿਨ ਜੈਨ, ਜਲੰਧਰ ਦੇ ਸ਼੍ਰੀ ਰਾਜੇਸ਼ ਭਗਤ, ਕੋਟ ਈਸੇ ਖਾਂ (ਮੋਗਾ) ਤੋਂ ਸੰਜੀਵ ਸੂਦ, ਰਾਜਨ ਸੂਦ, ਦਵਿੰਦਰ ਸਿੰਘ ਸੋਨੂੰ, ਵਿੱਕੀ ਸੂਦ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।

shivani attri

This news is Content Editor shivani attri