ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ 519ਵੇਂ ਟਰੱਕ ਦੀ ਰਾਹਤ-ਸਮੱਗਰੀ

07/31/2019 3:25:50 PM

ਜਲੰਧਰ/ਜੰਮੂ-ਕਸਮੀਰ  (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਪਿਛਲੇ ਕਈ ਸਾਲਾਂ ਤੋਂ ਚਲਾਏ ਜਾ ਰਹੇ ਅੱਤਵਾਦ ਨੇ ਭਾਰਤ ਦੇ ਵੱਖ-ਵੱਖ ਖੇਤਰਾਂ 'ਚ ਨਾ ਪੂਰਾ ਹੋਣ ਵਾਲਾ ਜਾਨੀ-ਮਾਲੀ ਨੁਕਸਾਨ ਕੀਤਾ ਹੈ। ਪੰਜਾਬ  ਕਈ ਸਾਲ ਇਸ ਅੱਤਵਾਦ ਦਾ ਸੇਕ ਸਹਿਣ ਕਰਦਾ ਰਿਹਾ ਅਤੇ ਜੰਮੂ-ਕਸ਼ਮੀਰ ਵੀ 1990 ਦੇ ਦਹਾਕੇ ਤੋਂ ਲਗਾਤਾਰ ਇਸ ਦੀ ਲਪੇਟ 'ਚ ਹੈ। ਇਸ ਸੂਬੇ 'ਚ ਲੱਖਾਂ ਲੋਕਾਂ ਦਾ ਜੀਵਨ ਨਰਕ ਵਰਗਾ ਬਣ ਗਿਆ ਹੈ, ਜਿਸ ਦੇ ਫਿਰ ਪਹਿਲਾਂ ਵਾਂਗ ਪਟੜੀ 'ਤੇ ਆਉਣ ਦੀਆਂ ਬਹੁਤ ਘੱਟ ਸੰਭਾਵਨਾਵਾਂ ਹਨ। ਅੱਤਵਾਦ ਦੇ ਕਹਿਰ ਤੋਂ ਇਲਾਵਾ ਪਾਕਿਸਤਾਨੀ ਸੈਨਿਕਾਂ ਵਲੋਂ ਭਾਰਤੀ ਖੇਤਰਾਂ 'ਚ ਕੀਤੀ ਜਾਂਦੀ ਗੋਲੀਬਾਰੀ ਨੇ ਨਾ ਸਿਰਫ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲਈਆਂ, ਸਗੋਂ ਅਣਗਿਣਤ ਪਰਿਵਾਰ ਆਪਣੇ ਘਰ-ਘਾਟ ਛੱਡ ਕੇ ਸ਼ਰਨਾਰਥੀ ਬਣਨ ਲਈ ਵੀ ਮਜਬੂਰ ਹੋ ਗਏ। ਜੰਮੂ-ਕਸ਼ਮੀਰ ਦੇ ਸੈਂਕੜੇ ਪਰਿਵਾਰਾਂ ਨੂੰ ਸੂਬੇ ਦੇ ਹੋਰ ਸੁਰੱਖਿਅਤ ਸਥਾਨਾਂ ਜਾਂ ਹੋਰ ਰਾਜਾਂ 'ਚ ਜਾ ਕੇ ਸਿਰ ਲੁਕਾਉਣਾ ਪਿਆ।

ਪਾਕਿਸਤਾਨ ਦੀਆਂ ਘਟੀਆ ਸਾਜ਼ਿਸ਼ਾਂ ਕਾਰਣ ਦੋਹਰੀ ਮਾਰ ਸਹਿਣ ਕਰ ਰਹੇ ਪਰਿਵਾਰਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਸੈਂਕੜੇ ਟਰੱਕਾਂ ਦੀ ਸਮੱਗਰੀ ਵੱਖ-ਵੱਖ ਖੇਤਰਾਂ 'ਚ ਪ੍ਰਭਾਵਿਤ ਅਤੇ ਲੋੜਵੰਦ ਪਰਿਵਾਰਾਂ ਦਰਮਿਆਨ ਵੰਡੀ ਜਾ ਚੁੱਕੀ ਹੈ। ਇਸ ਸਿਲਸਿਲੇ ਵਿਚ 519ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਨਾਲ ਸਬੰਧਤ ਪੀੜਤਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਸ਼੍ਰੀਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ (ਮਾਡਲ ਟਾਊਨ ਐਕਸਟੈਂਸ਼ਨ) ਲੁਧਿਆਣਾ ਵੱਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਟਰੱਸਟ ਦੇ ਪ੍ਰਧਾਨ ਸ਼੍ਰੀ ਅਨਿਲ ਭਾਰਤੀ ਨੇ ਅਹਿਮ ਭੂਮਿਕਾ ਨਿਭਾਈ। ਇਸ ਮਨੋਰਥ ਲਈ ਟਰੱਸਟ ਦੇ ਅਸ਼ੋਕ ਧੀਰ, ਰਜਿੰਦਰ ਸ਼ਰਮਾ ਅਤੇ ਹੋਰ ਮੈਂਬਰਾਂ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।

ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਆਟਾ, ਚਾਵਲ, ਰਜਾਈਆਂ, ਕੰਬਲ, ਲੋਈਆਂ, ਬਰਤਨ, ਜ਼ਨਾਨਾ-ਮਰਦਾਨਾ ਕੱਪੜੇ, ਨਮਕ, ਬਿਸਕੁਟ, ਰਸ, ਚਾਹ-ਪੱਤੀ, ਮਿਰਚਾਂ ਅਤੇ ਗਰਮ ਮਸਾਲਾ ਆਦਿ ਵਸਤਾਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਵੀ ਮੌਜੂਦ ਸਨ। ਸਮੱਗਰੀ ਦੀ ਵੰਡ ਲਈ ਪ੍ਰਭਾਵਿਤ ਖੇਤਰਾਂ 'ਚ ਜਾਣ ਵਾਲੇ ਮੈਂਬਰਾਂ 'ਚ ਰਜਿੰਦਰ ਸ਼ਰਮਾ (ਭੋਲਾ ਜੀ), ਜੁਗਿੰਦਰ ਸੰਧੂ, ਵਿਨੋਦ ਸ਼ਰਮਾ ਅਤੇ ਜਸਪ੍ਰੀਤ ਸਿੰਘ ਵੀ ਸ਼ਾਮਲ ਸਨ।

shivani attri

This news is Content Editor shivani attri