ਸ਼ਹੀਦ ਸੁਖਵਿੰਦਰ ਦੀ ਘਰ ਪੁੱਜੀ ਲਾਸ਼, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

12/18/2019 6:41:35 PM

ਹੁਸ਼ਿਆਰਪੁਰ (ਅਮਰੀਕ)— ਰਾਜੌਰੀ 'ਚ ਸੋਮਵਾਰ ਨੂੰ ਪਾਕਿ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਮੂੰਹ ਤੋੜ ਜਵਾਬ ਦਿੰਦੇ ਹੋਏ ਹੁਸ਼ਿਆਰਪੁਰ ਦਾ ਜਵਾਨ ਸੁਖਵਿੰਦਰ ਸਿੰਘ ਸ਼ਹੀਦ ਹੋ ਗਿਆ ਸੀ। ਸੁਖਵਿੰਦਰ ਦੀ ਲਾਸ਼ ਅੱਜ ਹੁਸ਼ਿਆਰਪੁਰ ਦੇ ਤਲਵਾੜਾ ਅਧੀਨ ਪੈਂਦੇ ਪਿੰਡ ਫਤਿਹਪੁਰ 'ਚ ਪਹੁੰਚੀ, ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੱਜ ਦੁਪਹਿਰ ਕਰੀਬ ਇਕ ਵਜੇ ਭਾਰਤੀ ਸਰਹੱਦ 'ਤੇ ਹਰ ਸਮੇਂ ਚੌਕੰਨੇ ਰਹਿਣ ਵਾਲੇ ਫੌਜੀਆਂ ਦੇ ਮੋਢਿਆਂ 'ਤੇ ਸਵਾਰ ਹੋ ਕੇ ਤਿਰੰਗੇ ਵਿਚ ਲਪੇਟੇ ਫੌਜੀ ਸੁਖਵਿੰਦਰ ਸਿੰਘ ਜੰਮੂ ਦੇ ਰਾਜੌਰੀ ਜ਼ਿਲੇ ਤੋਂ ਜਦੋਂ ਆਪਣੇ ਘਰ ਪਹੁੰਚਿਆ ਤਾਂ ਸ਼ਹੀਦ ਦੇ ਅੰਤਿਮ ਦਰਸ਼ਨਾਂ ਲਈ ਪਹਿਲਾਂ ਤੋਂ ਹੀ ਇੰਤਜ਼ਾਰ ਵਿਚ ਖੜ੍ਹੇ ਸੈਂਕੜੇ ਲੋਕਾਂ ਦੀਆਂ ਅੱਖਾਂ ਤੋਂ ਹੰਝੂਆਂ ਦਾ ਹੜ੍ਹ ਵਗਣ ਲੱਗਾ। ਇਹ ਬਹਾਦਰ ਫੌਜੀ ਕੁਆਰਾ ਅਤੇ ਪਰਿਵਾਰ 'ਚ ਸਭ ਤੋਂ ਛੋਟਾ ਸੀ।

ਉਹ ਆਪਣੇ ਪਰਿਵਾਰ 'ਚ ਇਕ ਵੱਡਾ ਭਰਾ ਗੁਰਪਾਲ ਸਿੰਘ ਅਤੇ ਮਾਤਾ ਰਾਣੀ ਦੇਵੀ ਨੂੰ ਛੱਡ ਗਿਆ। ਪਿਤਾ ਦਾ ਕਰੀਬ 15 ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਸੀ। ਸਾਲ 2017 ਦੇ ਅਪ੍ਰੈਲ ਮਹੀਨੇ 'ਚ ਭਾਰਤੀ ਫੌਜ 'ਚ ਭਰਤੀ ਹੋਏ ਇਸ ਬਹਾਦੁਰ ਫੌਜੀ ਦੀ ਬਹੁਤ ਸਨਮਾਨਜਨਕ ਢੰਗ ਨਾਲ ਤਿਰੰਗੇ 'ਚ ਲਪੇਟੀ ਮ੍ਰਿਤਕ ਦੇਹ ਨੂੰ ਜਦੋਂ ਅੱਡਾ ਝੀਰ ਦਾ ਖੂਹ ਤੋਂ ਇਲਾਕੇ ਦੇ ਲਗਭਗ 300 ਨੌਜਵਾਨ ਸ਼ਹੀਦ ਸੁਖਵਿੰਦਰ ਅਮਰ ਰਹੇ, ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹੋਏ ਘਰ ਪਹੁੰਚੇ ਤਾਂ ਇਥੇ ਗਮ ਨਾਲ ਭਰੇ ਮਾਹੌਲ ਦਾ ਵਾਤਾਵਰਣ ਹਰ ਕਿਸੇ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਸੀ।

ਮਾਂ ਰਾਣੀ ਦੇਵੀ ਤੇ ਭਰਾ ਗੁਰਪਾਲ ਸਿੰਘ ਵਿਰਲਾਪ ਕਰਦੇ-ਕਰਦੇ ਤਾਬੂਤ ਨਾਲ ਲਿਪਟ ਕੇ ਤਿਰੰਗੇ 'ਚ ਲਿਪਟੇ ਆਪਣੇ ਲਾਡਲੇ ਸੁਖਵਿੰਦਰ ਸਿੰਘ ਦਾ ਮੂੰਹ ਦੇਖਣ ਲਈ ਜ਼ਿੱਦ ਕਰ ਰਹੇ ਸਨ। ਦੁਪਹਿਰ ਕਰੀਬ 2 ਵਜੇ ਬਹਾਦੁਰ ਫੌਜੀ ਨੂੰ ਅੰਤਿਮ ਵਿਦਾਈ ਦੇਣ ਲਈ ਪਠਾਨਕੋਟ ਤੋਂ ਆਈ ਇਕ ਫੌਜ ਦੀ ਟੁਕੜੀ ਦੀ ਅਗਵਾਈ ਵਿਚ ਘਰ ਤੋਂ ਸ਼ਮਸ਼ਾਨਘਾਟ ਲਈ ਯਾਤਰਾ ਸ਼ੁਰੂ ਹੋਈ।
 

ਇਥੇ ਸੁਖਵਿੰਦਰ ਸਿੰਘ ਦੀ ਸ਼ਹਾਦਤ ਦੇ ਸਨਮਾਨ ਵਿਚ ਫੌਜ, ਪੰਜਾਬ ਸਰਕਾਰ, ਪ੍ਰਸ਼ਾਸਨ, ਧਾਰਮਿਕ ਤੇ ਸਮਾਜਿਕ, ਇਲਾਕੇ ਵਲੋਂ ਮ੍ਰਿਤਕ ਦੇਹ ਦੇ ਸਾਹਮਣੇ ਏ. ਡੀ. ਸੀ. ਹਰਵੀਰ ਸਿੰਘ, ਐੱਸ. ਡੀ. ਐੱਮ. ਅਸ਼ੋਕ ਕੁਮਾਰ, ਵਿਧਾਇਕ ਅਰੁਣ ਡੋਗਰਾ, ਐੱਮ. ਐੱਲ. ਏ. ਰਾਜੇਸ਼ ਠਾਕੁਰ ਗਗਰੇਟ, ਵਿਧਾਇਕ ਇੰਦੂਵਾਲਾ ਮੁਕੇਰੀਆਂ, ਬੀ. ਡੀ. ਓ. ਯੁਧਵੀਰ ਸਿੰਘ, ਡੀ. ਐੱਸ. ਪੀ. ਅਨਿਲ ਭਨੋਟ, ਐੱਸ. ਐੱਚ. ਓ. ਭੂਸ਼ਨ ਸੇਖੜੀ, ਚੌਧਰੀ ਮੋਹਨ ਲਾਲ, ਡਾ. ਸੁਭਾਸ਼ ਬਿੱਟੂ, ਵਿਪਨ ਕੁਮਾਰ, ਸਰਪੰਚ ਕੁਲਦੀਪ ਚਾਚਾ, ਪ੍ਰਧਾਨ ਅਨਿਲ ਵਸ਼ਿਸ਼ਟ, ਭਾਜਪਾ ਨੇਤਾ ਜੰਗੀ ਮਹਾਜਨ, ਸਰਪੰਚ ਸੀਮਾ ਰਾਣੀ, ਸ਼ਸ਼ੀ ਮਹਿਤਾ, ਸ਼ੰਮੀ ਠਾਕੁਰ, ਸੁਸ਼ੀਲ ਪਿੰਕੀ, ਡਾ. ਧਰੁਵ ਸਿੰਘ, ਅਰਜੁਨ ਸਿੰਘ, ਕੈਪਟਨ ਰਵਿੰਦਰ ਸ਼ਰਮਾ, ਰਣਬੀਰ ਸਿੰਘ, ਸੂਬੇਦਾਰ ਕੁਲਦੀਪ ਠਾਕੁਰ, ਪ੍ਰਭਾਤ ਹੈਪੀ ਦਤਾਰਪੁਰੀ, ਦਲਜੀਤ ਜੀਤੂ, ਡਾ. ਊਸ਼ਾ ਕਿਰਨ ਸੂਰੀ, ਸੰਜੀਵ ਪ੍ਰਧਾਨ, ਕੈਪਟਨ ਪੰਜਾਬ ਸਿੰਘ, ਸੂਬੇਦਾਰ ਰਣਜੀਤ ਸਿੰਘ, ਕੈਪਟਨ ਪਰਮਜੀਤ ਸਿੰਘ, ਸੂਬੇਦਾਰ ਮੇਜਰ ਵਿਕਰਮਜੀਤ ਸਿੰਘ, ਚੌਧਰੀ ਸੁਰੇਸ਼ ਟੋਹਲੂ ਆਦਿ ਨੇ ਫੁਲ ਭੇਟ ਕਰਨ ਦੇ ਨਾਲ-ਨਾਲ ਸਲਾਮੀ ਦੇ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ।


ਇਸ ਤੋਂ ਬਾਅਦ ਪਠਾਨਕੋਟ 19 ਪੰਜਾਬ ਰੈਜੀਮੈਂਟ ਤੋਂ ਸੂਬੇਦਾਰ ਹਨੂਮਾਨ ਸਿੰਘ ਦੀ ਅਗਵਾਈ 'ਚ ਫੌਜੀ ਟੁਕੜੀ ਨੇ ਜਾਂਬਾਜ਼ ਫੌਜੀ ਸੁਖਵਿੰਦਰ ਸਿੰਘ ਵੱਲੋਂ ਦੇਸ਼ ਦੀ ਰੱਖਿਆ ਵਿਚ ਆਪਣੇ ਫਰਜ਼ਾਂ ਨੂੰ ਬਹੁਤ ਬਹਾਦੁਰੀ ਨਾਲ ਨਿਭਾਉਂਦੇ ਹੋਏ ਪਾਈ ਵੀਰ ਗਤੀ ਦੇ ਸਨਮਾਨ 'ਚ ਆਪਣੇ ਹਥਿਆਰ ਉਲਟੇ ਕੀਤੇ ਅਤੇ ਫਿਰ ਖੁੱਲ੍ਹੇ ਅਸਮਾਨ ਵੱਲ ਹਵਾਈ ਫਾਇਰ ਕਰ ਕੇ ਭਾਰਤੀ ਫੌਜ ਵੱਲੋਂ ਸਲਾਮੀ ਦਿੱਤੀ ਗਈ। ਸੈਨਿਕ ਟੁਕੜੀ ਨੇ ਮ੍ਰਿਤਕ ਦੇਹ ਤੋਂ ਤਿਰੰਗੇ ਨੂੰ ਚੁੱਕ ਦੇ ਆਦਰ ਭਾਵ ਨਾਲ ਫੋਲਡ ਕਰਕੇ ਸ਼ਹੀਦ ਦੇ ਭਰਾ ਗੁਰਪਾਲ ਸਿੰਘ ਨੂੰ ਭੇਟ ਕਰ ਦਿੱਤਾ। ਇਸ ਤੋਂ ਬਾਅਦ ਭਰਾ ਵੱਲੋਂ ਚਿਖਾ ਨੂੰ ਅਗਨੀ ਦਿਖਾਈ ਗਈ। ਸ਼ਹੀਦ ਨੂੰ ਅੰਤਿਮ ਵਿਦਾਈ ਸੈਨਿਕ ਅਤੇ ਰਾਜਸੀ ਸਨਮਾਨ ਨਾਲ ਦਿੱਤੀ ਗਈ। ਜ਼ਿਲਾ ਸੈਨਿਕ ਵੈੱਲਫੇਅਰ ਅਧਿਕਾਰੀ ਕਰਨਲ ਦਲਵਿੰਦਰ ਸਿੰਘ ਨੇ ਕਿਹਾ ਕਿ ਸੁਖਵਿੰਦਰ ਨੇ ਪਾਕਿਸਤਾਨ ਨਾਲ ਲੋਹਾ ਲੈਂਦੇ ਹੋਏ ਕੁਰਬਾਨੀ ਦਿੱਤੀ ਹੈ। 

shivani attri

This news is Content Editor shivani attri