ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 589ਵੇਂ ਟਰੱਕ ਦੀ ਰਾਹਤ ਸਮੱਗਰੀ

03/26/2021 2:43:46 PM

ਜਲੰਧਰ (ਜੁਗਿੰਦਰ ਸੰਧੂ)– ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਵੱਸਦੇ ਭਾਰਤੀ ਪਰਿਵਾਰਾਂ ਲਈ ਆਜ਼ਾਦੀ ਦੀ ਪ੍ਰਾਪਤੀ ਦੇ ਸਮੇਂ ਤੋਂ ਹੀ ਮੁਸ਼ਕਲ ਹਾਲਾਤ ਬਣੇ ਰਹਿੰਦੇ ਹਨ। ਜੰਮੂ-ਕਸ਼ਮੀਰ ਦੇ ਸਰਹੱਦੀ ਨਾਗਰਿਕਾਂ ਲਈ ਤਾਂ ਸਥਿਤੀਆਂ ਇੰਨੀਆਂ ਅਨਿਸ਼ਚਿਤਤਾ ਵਾਲੀਆਂ ਹਨ ਕਿ ਉਨ੍ਹਾਂ ਦੇ ਨਿੱਤ ਦੇ ਕੰਮ-ਕਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਰਹਿੰਦੇ ਹਨ। ਕਿਸਾਨ ਕਦੇ ਵੀ ਆਮ ਵਾਂਗ ਆਪਣੇ ਖੇਤਾਂ ਤੋਂ ਫਸਲਾਂ ਦਾ ਉਤਪਾਦਨ ਨਹੀਂ ਲੈ ਸਕਦੇ ਅਤੇ ਮੁਲਾਜ਼ਮਾਂ, ਕਾਰੋਬਾਰੀਆਂ, ਦੁਕਾਨਦਾਰਾਂ, ਵਿਦਿਆਰਥੀਆਂ ਅਤੇ ਘਰੇਲੂ ਔਰਤਾਂ ਨੂੰ ਵੀ ਵਾਰ-ਵਾਰ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦੀਆਂ ਔਕੜਾਂ ਭਰੀਆਂ ਸਥਿਤੀਆਂ ਕਾਰਣ ਲੋਕਾਂ ਨੂੰ ਆਪਣੇ ਪਰਿਵਾਰਾਂ ਦੀ ਰੋਜ਼ੀ-ਰੋਟੀ ਚਲਾਉਣੀ ਬੇਹੱਦ ਮੁਸ਼ਕਲ ਹੋ ਰਹੀ ਹੈ। ਕਈ ਦਹਾਕਿਆਂ ਤੋਂ ਚੱਲ ਰਹੇ ਅੱਤਵਾਦ ਅਤੇ ਸਰਹੱਦ ਪਾਰ ਤੋਂ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਲੱਖਾਂ ਲੋਕਾਂ ਦੀ ਜੀਵਨ-ਗੱਡੀ ਨੂੰ ਪਟੜੀ ਤੋਂ ਥਿੜਕਾਅ ਦਿੱਤਾ ਹੈ।

ਸੰਕਟ ਭਰਿਆ ਜੀਵਨ ਗੁਜ਼ਾਰ ਰਹੇ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਦੇ ਮਕਸਦ ਨਾਲ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਅਧੀਨ 589ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਨਾਲ ਸਬੰਧਤ ਰਾਮਗੜ੍ਹ ਸੈਕਟਰ ਦੇ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਜਲੰਧਰ ਜ਼ਿਲੇ ਦੇ ਕਸਬਾ ਨੂਰਮਹਿਲ ਤੋਂ ਸਮਾਜ ਸੇਵੀ ਸ਼੍ਰੀ ਅਸ਼ੋਕ ਢੀਂਗਰਾ ਅਤੇ ਉਨ੍ਹਾਂ ਦੇ ਪਿਤਾ ਜੀ ਸ਼੍ਰੀ ਅਨੋਖ ਚੰਦ ਢੀਂਗਰਾ ਦੇ ਆਸ਼ੀਰਵਾਦ ਸਦਕਾ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸ਼੍ਰੀ ਵਿਜੇ ਢੀਂਗਰਾ, ਸ਼੍ਰੀਮਤੀ ਲਾਲ ਦੇਵੀ ਢੀਂਗਰਾ, ਸਵਿੱਤਰੀ ਢੀਂਗਰਾ ਹਾਲੈਂਡ, ਸੁਭੱਦਰਾ ਰਾਣੀ ਹਾਲੈਂਡ, ਸ਼੍ਰੀਮਤੀ ਮਮਤਾ ਢੀਂਗਰਾ, ਰਾਜੇਸ਼ ਅਰੋੜਾ ਨਕੋਦਰ, ਭਾਰਤੀ ਅਰੋੜਾ ਨਕੋਦਰ, ਗੌਤਮ ਢੀਂਗਰਾ, ਸੰਗੀਤਾ ਢੀਂਗਰਾ ਅਤੇ ਸੱਤਿਅਮ ਢੀਂਗਰਾ ਨੇ ਵੀ ਅਹਿਮ ਭੂਮਿਕਾ ਨਿਭਾਈ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਨੂਰਮਹਿਲ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 25 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 10 ਕਿੱਲੋ ਚਾਵਲ, ਇਕ ਕਿੱਲੋ ਖੰਡ, ਇਕ ਕਿੱਲੋ ਛੋਲੇ, ਇਕ ਕਿੱਲੋ ਦਾਲ, ਇਕ ਲਿਟਰ ਤੇਲ, 250 ਗ੍ਰਾਮ ਚਾਹ-ਪੱਤੀ, ਤਿੰਨ ਟਿੱਕੀਆਂ ਨਹਾਉਣ ਵਾਲਾ ਸਾਬਣ, ਤਿੰਨ ਟਿੱਕੀਆਂ ਕੱਪੜੇ ਧੋਣ ਵਾਲਾ ਸਾਬਣ, ਹਲਦੀ, ਮਿਰਚਾਂ, ਮਸਾਲਾ ਆਦਿ ਸ਼ਾਮਲ ਸੀ। ਟਰੱਕ ਰਵਾਨਾ ਕਰਨ ਸਮੇਂ ਸ਼੍ਰੀ ਗਣੇਸ਼ ਢੀਂਗਰਾ, ਵਿਜੇ ਪ੍ਰਭਾਕਰ, ਹਰਸ਼ ਢੀਂਗਰਾ, ਪ੍ਰਿੰਸ ਅਸ਼ੋਕ ਗਰੋਵਰ ਅਤੇ ਜੰਗ ਬਹਾਦਰ ਗੋਇਲ ਵੀ ਮੌਜੂਦ ਸਨ। ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ ਵਿਚ ਬਟਾਲਾ ਦੇ ਸ਼੍ਰੀ ਵਿਜੇ ਪ੍ਰਭਾਕਰ, ਕਿਰਨ ਅਗਰਵਾਲ, ਦਿਨੇਸ਼ ਅਗਰਵਾਲ ਅਤੇ ਜਲੰਧਰ ਤੋਂ ਐੱਨ. ਆਰ. ਆਈ. ਸ. ਸਰਬਜੀਤ ਸਿੰਘ ਗਿਲਜੀਆਂ ਵੀ ਸ਼ਾਮਲ ਸਨ।
 

shivani attri

This news is Content Editor shivani attri