ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 556ਵੇਂ ਟਰੱਕ ਦੀ ਰਾਹਤ ਸਮੱਗਰੀ

02/05/2020 6:31:15 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਹਜ਼ਾਰਾਂ ਪਰਿਵਾਰ ਅੱਜ ਇਸ ਕਾਰਣ ਬਰਬਾਦੀ ਦੇ ਕੰਢੇ ਪੁੱਜ ਗਏ ਹਨ, ਕਿਉਂਕਿ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਦੂਹਰੇ ਹਮਲਿਆਂ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ। ਇਕ ਪਾਸੇ ਇਹ ਗੁਆਂਢੀ ਦੇਸ਼ ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ, ਜਿਸ ਤੋਂ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਦੂਜੇ ਪਾਸੇ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਗੋਲੀਬਾਰੀ ਨੇ ਸੈਂਕੜੇ ਪਿੰਡਾਂ ਅਤੇ ਸ਼ਹਿਰਾਂ 'ਚ ਕਹਿਰ ਵਰਤਾਇਆ ਹੈ। ਇਸ ਦੇ ਨਤੀਜੇ ਵਜੋਂ ਮੁਸ਼ਕਲਾਂ ਭਰਿਆ ਜੀਵਨ ਗੁਜ਼ਾਰ ਰਹੇ ਲੋਕਾਂ ਦਾ ਦੁੱਖ-ਦਰਦ ਵੰਡਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਅਕਤੂਬਰ 1999 ਤੋਂ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੁਣ ਤੱਕ ਸੈਂਕੜੇ ਟਰੱਕਾਂ ਦੀ ਸਮੱਗਰੀ ਪੀੜਤ ਪਰਿਵਾਰਾਂ ਲਈ ਭਿਜਵਾਈ ਜਾ ਚੁੱਕੀ ਹੈ।

ਇਸ ਸਿਲਸਿਲੇ 'ਚ 556ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਸੁੰਦਰਬਨੀ ਦੇ ਸਰਹੱਦੀ ਪਿੰਡਾਂ ਨਾਲ ਸਬੰਧਤ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਪਟਿਆਲਾ ਤੋਂ ਸੰਸਥਾ 'ਦੋਸਤ' (ਡਰੀਮਜ਼ ਆਫ ਸੋਸ਼ਲ ਟ੍ਰੈਂਡਜ਼ ਰਜਿ:) ਵੱਲੋਂ ਦਿੱਤਾ ਗਿਆ ਸੀ। 'ਜਗ ਬਾਣੀ' ਦਫਤਰ ਪਟਿਆਲਾ ਦੇ ਇੰਚਾਰਜ ਮੈਡਮ ਸਤਿੰਦਰਪਾਲ ਕੌਰ ਵਾਲੀਆ ਦੀ ਪ੍ਰੇਰਨਾ ਸਦਕਾ ਭਿਜਵਾਈ ਗਈ ਇਸ ਸਮੱਗਰੀ 'ਚ ਸੰਸਥਾ ਦੇ ਪ੍ਰਧਾਨ ਕਰਨਲ ਜੇ. ਐੱਸ. ਥਿੰਦ, ਜਨਰਲ ਸਕੱਤਰ ਜੋਗਿੰਦਰ ਬਾਂਸਲ ਅਤੇ ਕੈਸ਼ੀਅਰ ਆਸ਼ੀਸ਼ ਕੁਮਾਰ ਵੱਲੋਂ ਪ੍ਰਮੁੱਖ ਭੂਮਿਕਾ ਨਿਭਾਈ ਗਈ। ਇਸ ਤੋਂ ਇਲਾਵਾ ਤਰਸੇਮ ਬਾਂਸਲ, ਸੁਭਾਸ਼ ਸ਼ਰਮਾ, ਪ੍ਰਭਜੋਤ ਸਿੰਘ, ਓ. ਪੀ. ਗਰਗ, ਅਨੋਖ ਸਿੰਘ, ਆਈ. ਪੀ. ਐੱਸ. ਬੱਗਾ, ਜਗਦੀਸ਼ ਆਹੂਜਾ, ਪਰਵਿੰਦਰ ਕੁਮਾਰ, ਡਾ. ਰਾਕੇਸ਼ ਬਾਂਸਲ, ਡਾ. ਨਿਰਵੰਤ ਸਿੰਘ, ਅਸ਼ੋਕ ਰੌਣੀ, ਯਸ਼ਵੰਤ ਬੱਬਰ, ਪ੍ਰਵੀਨ ਗੋਇਲ ਅਤੇ ਟੇਕ ਚੰਦ ਰਿਸ਼ੀ ਦੇ ਪਰਿਵਾਰ ਨੇ ਵਡਮੁੱਲਾ ਸਹਿਯੋਗ ਦਿੱਤਾ।

'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ ਸਰਦੀਆਂ ਦੀ ਰੁੱਤ ਨੂੰ ਧਿਆਨ 'ਚ ਰੱਖਦਿਆਂ 300 ਰਜਾਈਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਅੰਬੈਸਡਰ ਆਫ ਗੁੱਡਵਿਲ ਲਾਇਨ ਜੇ. ਬੀ. ਸਿੰਘ ਚੌਧਰੀ ਅਤੇ ਰਾਜੇਸ਼ ਪੰਜੋਲਾ ਵੀ ਮੌਜੂਦ ਸਨ। ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਸੁੰਦਰਬਨੀ ਬਲਾਕ ਸੰਮਤੀ ਦੇ ਚੇਅਰਮੈਨ ਸ਼੍ਰੀ ਅਰੁਣ ਸ਼ਰਮਾ ਸੂਦਨ, ਆਸ਼ੀਸ਼ ਸ਼ਰਮਾ, ਰਾਮ ਪ੍ਰਕਾਸ਼, ਜਤਿੰਦਰ ਕੁਮਾਰ ਅਤੇ ਹੋਰ ਸ਼ਖਸੀਅਤਾਂ ਸ਼ਾਮਲ ਸਨ।

shivani attri

This news is Content Editor shivani attri