ਜਲ੍ਹਿਆਂਵਾਲਾ ਬਾਗ : ਇਕ ਘੰਟਾ 100 ਸਾਲਾਂ ’ਤੇ ਭਾਰੀ

04/13/2019 8:20:42 AM

ਅੰਮ੍ਰਿਤਸਰ/ਜਲੰਧਰ, (ਆਭਾ ਚੋਪੜਾ)— ਕਹਿੰਦੇ ਹਨ ਕਿ ਹਰ ਕਹਾਣੀ ਦੇ ਦੋ ਪਹਿਲੂ ਹੁੰਦੇ ਹਨ ਅਤੇ ਉਨ੍ਹਾਂ ’ਚੋਂ ਇਕ ਹੀ ਸੱਚ ਹੋ ਸਕਦਾ ਹੈ। ਅਜਿਹਾ ਹੀ ਕੁਝ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਨਾਲ ਵੀ ਹੈ। 100 ਸਾਲ ਪਹਿਲਾਂ ਹੋਈ ਇਸ ਭਿਆਨਕ ਤ੍ਰਾਸਦੀ ’ਚ ਮਾਰੇ ਗਏ ਨਿਹੱਥੇ ਲੋਕ 13 ਅਪ੍ਰੈਲ ਨੂੰ ਯਾਦ ਕੀਤੇ ਜਾਣਗੇ ਤਾਂ ਇਸ ਕਹਾਣੀ ਦੇ ਬ੍ਰਿਟਿਸ਼ ਪੱਖ ’ਤੇ ਇਕ ਚਾਨਣਾ ਪਾਉਣਾ ਇਸ ਲਈ ਜ਼ਰੂਰੀ ਹੈ ਤਾਂ ਕਿ ਭਾਰਤੀਆਂ ਦੀ ਬਹਾਦਰੀ ਤੇ ਡਾਇਰ ਵਰਗੇ ਅੰਗਰੇਜ਼ ਜਨਰਲਾਂ ਦੇ ਹੱਥੋਂ ਉਨ੍ਹਾਂ ਵਲੋਂ ਸਹੇ ਗਏ ਅੱਤਿਆਚਾਰਾਂ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਸਕੀਏ।

 

ਮਾਫੀ

ਯੂਨੀਵਰਸਿਟੀ ਆਫ ਲੰਡਨ ’ਚ ਇਤਿਹਾਸ ਦੇ ਪ੍ਰੋਫੈਸਰ ਕਿਮ ਵੈਗਨਰ ਨੇ ਹਾਲ ਹੀ ’ਚ ਸੱਚ ਨੂੰ ਸਵੀਕਾਰ ਕਰਨ ਅਤੇ ਸਲਾਹ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਦੀ ਦਲੀਲ ਹੈ ਕਿ 1997 ’ਚ ਮਹਾਰਾਣੀ ਐਲਜ਼ਿਬੇਥ ਅਤੇ 2013 ’ਚ ਡੇਵਿਡ ਕੈਮਰੂਨ ਯਾਦਗਾਰੀ ਸਥਾਨ ’ਤੇ ਗਏ ਸਨ ਪਰ ਦੋਹਾਂ ਹੀ ਮੌਕਿਆਂ ’ਤੇ ਮੁਆਫੀ ਮੰਗਣ ਤੋਂ ਪ੍ਰਹੇਜ਼ ਕੀਤਾ ਗਿਆ। ਹਾਲਾਂਕਿ ਦਸੰਬਰ 2017 ’ਚ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਅੰਮ੍ਰਿਤਸਰ ਯਾਤਰਾ ਦੌਰਾਨ ਬ੍ਰਿਟਿਸ਼ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਅੰਮ੍ਰਿਤਸਰ ਅਤੇ ਭਾਰਤ ਦੇ ਲੋਕਾਂ ਤੋਂ ਇਸ ਕਤਲੇਆਮ ਲਈ ਅਧਿਕਾਰਕ ਮੁਆਫੀ ਮੰਗੀ ਜਾਵੇ ਤਾਂ ਕਿ ਇਸ ਨੂੰ ਭੁਲਾ ਕੇ ਅੱਗੇ ਵਧਿਆ ਜਾ ਸਕੇ।

ਭਾਰਤੀਆਂ ਲਈ ਮਾਫੀ ਸੰਭਵ

ਨਿੱਜੀ ਰੂਪ ਨਾਲ ਅਰਥ ਭਰਪੂਰ ਹੁੰਦੀ ਪਰ ਇਹ ਕਦੀ ਮੰਗੀ ਨਹੀਂ ਗਈ ਕਿਉਂਕਿ ਬ੍ਰਿਟਿਸ਼ ਸਰਕਾਰ ਨੂੰ ਲੱਗਦਾ ਹੈ ਕਿ ਇਸ ਦਾ ਉਲਟ ਪ੍ਰਭਾਵ ਹੋਵੇਗਾ ਅਤੇ ਇਹ ਪੁਰਾਣੇ ਜ਼ਖਮਾਂ ਨੂੰ ਭਰਨ ਦੀ ਬਜਾਏ ਨਵੇਂ ਜ਼ਖਮ ਦੇਣ ਦਾ ਕੰਮ ਕਰੇਗੀ।ਕਹਾਣੀ ਦੇ ਬ੍ਰਿਟਿਸ਼ ਪਹਿਲੂ ’ਤੇ ਆਉਣ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਇਹ ਪੁਰਾਣੇ ਜ਼ਖਮ ਕੀ ਹਨ? ਇਸ ਨੂੰ ਭਾਰਤੀ ਪਹਿਲੂ ਤੋਂ ਸਮਝਣਾ ਸਹੀ ਹੋਵੇਗਾ। ਬਹਾਦਰ ਸਿੱਖ ਅੰਗਰੇਜ਼ਾਂ ਲਈ ਨਾ ਸਿਰਫ ਅਫਗਾਨਿਸਤਾਨ ਅਤੇ ਪਹਿਲੇ ਵਿਸ਼ਵ ਯੁੱਧ ’ਚ ਲੜੇ, ਸਗੋਂ ਉਹ ਬ੍ਰਿਟਿਸ਼ ਫੌਜ ਦੀ ਰੀੜ੍ਹ ਦੀ ਹੱਡੀ ਸਨ। ਬਦਲੇ ’ਚ ਬ੍ਰਿਟਿਸ਼ ਅਫਸਰਾਂ ਨੇ 1857, 1864 ਅਤੇ ਫਿਰ ਗਦਰ ਅੰਦੋਲਨ ਦੌਰਾਨ ਵਾਰ-ਵਾਰ ਉਨ੍ਹਾਂ ਨੂੰ ਕੁਚਲਣ ਦਾ ਕੰਮ ਕੀਤਾ।

ਰਾਲਟ ਐਕਟ

ਅਪ੍ਰੈਲ 1919 ’ਚ ਗਾਂਧੀ ਜੀ ਨੇ ਰਾਲਟ ਐਕਟ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ, 6 ਅਪ੍ਰੈਲ ਨੂੰ ਜਦੋਂ ਵਿਰੋਧ ਸ਼ੁਰੂ ਹੋਇਆ ਤਾਂ ਬੰਬੇ ਦੀ ਇਕ ਉਰਦੂ ਅਖਬਾਰ ਨੇ ਲਿਖਿਆ,‘‘ਉਥੇ ਕੋਈ ਹਿੰਦੂ, ਮੁਸਲਿਮ, ਪਾਰਸੀ, ਖੋਜਾ, ਜੈਨ ਜਾਂ ਸਿੱਖ ਨਹੀਂ ਸੀ, ਉਨ੍ਹਾਂ ਸਾਰਿਆਂ ਦਾ ਇਕ ਹੀ ਧਰਮ ਸੀ- ਆਤਮਸਨਮਾਨ ਦਾ ਧਰਮ।

ਭਾਵੇਂ ਬੰਬੇ ਹੋਵੇ, ਪਟਨਾ, ਦਿੱਲੀ, ਢਾਕਾ, ਕਰਾਚੀ, ਅੰਮ੍ਰਿਤਸਰ, ਮਦੁਰੈ, ਤੰਜੌਰ-ਹਰ ਕੋਈ ਗਾਂਧੀ ਜੀ ਦੀ ਆਵਾਜ਼ ’ਤੇ ਉੱਠ ਖੜ੍ਹਾ ਹੋਇਆ ਸੀ ਅਤੇ 8 ਅਪ੍ਰੈਲ ਨੂੰ ਗਾਂਧੀ ਜੀ ਦਿੱਲੀ ਦੀ ਟਰੇਨ ’ਚ ਸਵਾਰ ਹੋਏ, ਜਿਥੋਂ ਉਹ ਪੰਜਾਬ ਜਾਣਾ ਚਾਹੁੰਦੇ ਸਨ। 9 ਅਪ੍ਰੈਲ ਨੂੰ ਰਾਮਨੌਮੀ ਉਤਸਵ ’ਚ ਨਾ ਸਿਰਫ ਹਿੰਦੂ ਸਗੋਂ ਸਿੱਖ ਅਤੇ ਮੁਸਲਮਾਨ ਵੀ ਸ਼ਾਮਲ ਹੋਏ। 9 ਅਪ੍ਰੈਲ ਨੂੰ 2 ਪ੍ਰਮੁਖ ਸਥਾਨਕ ਨੇਤਾਵਾਂ ਸੱਤਯਪਾਲ ਅਤੇ ਡਾ. ਸੈਫੂਦੀਨ ਕਿਚਲੁ ਦੇ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕਰ ਦਿੱਤੇ ਗਏ, ਇਸ ਦਰਮਿਆਨ ਗਾਂਧੀ ਜੀ ਦੀ ਗ੍ਰਿਫਤਾਰੀ ਦੀ ਖਬਰ ਆਈ ਤਾਂ 10 ਅਪ੍ਰੈਲ ਨੂੰ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਵੱਡੀ ਗਿਣਤੀ ’ਚ ਭੜਕੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਬ੍ਰਿਟਿਸ਼ ਬੈਂਕਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਤਿੰਨ ਬੈਂਕ ਮੈਨੇਜਰਾਂ ਦੀ ਹੱਤਿਆ ਕਰ ਦਿੱਤੀ ਗਈ। ਇਕ ਔਰਤ ਮਿਸ਼ਨਰੀ ਨੂੰ ਕੁੱਟ ਕੇ ਮਰਨ ਲਈ ਛੱਡ ਦਿੱਤਾ ਗਿਆ।ਹਿੰਸਾ ਜਾਰੀ ਰਹੀ, ਜਿਸ ਨੂੰ ਕਾਬੂ ਕਰਨ ’ਚ ਪੁਲਸ ਅਸਫਲ ਰਹੀ ਅਤੇ ਸ਼ਹਿਰ ’ਚ ਮਾਰਸ਼ਲ ਲਾਅ ਲਗਾ ਦਿੱਤਾ ਗਿਆ। ਕਲੈਕਟਰ ਦੇ ਚਾਰਜ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਨੂੰ ਸੌਂਪ ਦਿੱਤਾ ਜਾਵੇ ਜੋ ਗਰੋਖਾ ਅਤੇ ਪਠਾਨ ਟੁਕੜੀਆਂ ਦੇ ਨਾਲ ਉਥੇ ਪਹੁੰਚਿਆ ਸੀ।

ਮਾਰਸ਼ਲ ਲਾਅ

ਪੰਜਾਬ ’ਚ ਮਾਰਸ਼ਲ ਲਾਅ ਬੇਹੱਦ ਸਖਤ ਸੀ, ਸੈਂਸਰਸ਼ਿਪ ਲਾ ਦਿੱਤੀ ਗਈ। ਮੰਦਰ, ਗੁਰਦੁਆਰੇ, ਮਸਜਿਦਾਂ ਬੰਦ ਕਰ ਦਿੱਤੀਆਂ ਗਈਆਂ। ਪਾਣੀ-ਬਿਜਲੀ ਕੱਟ ਦਿੱਤੀ ਗਈ। ਚੁਣੇ ਗਏ ਵ੍ਰਿਦੋਹੀਆਂ ਨੂੰ ਜਨਤਕ ਸਜ਼ਾ ਦਿੱਤੀ ਗਈ ਅਤੇ ਸਭ ਤੋਂ ਨਿੰਦਣਯੋਗ ਉਹ ਹੁਕਮ ਸੀ, ਜਿਸ ’ਚ ਉਸ ਗਲੀ ’ਚੋਂ ਲੰਘਣ ਵਾਲੇ ਸਾਰੇ ਭਾਰੀਆਂ ਨੂੰ ਰੇਂਗ ਕੇ ਜਾਣ ਨੂੰ ਮਜਬੂਰ ਕੀਤਾ ਗਿਆ, ਜਿਥੇ ਉਕਤ ਮਹਿਲਾ ਮਿਸ਼ਨਰੀ ’ਤੇ ਹਮਲਾ ਹੋਇਆ ਸੀ।

 

ਵਿਸਾਖੀ ਵਾਲੇ ਦਿਨ

13 ਅਪ੍ਰੈਲ ਨੂੰ ਵਿਸਾਖੀ ਦਾ ਦਿਨ ਸੀ ਅਤੇ ਸਵੇਰ ਤੋਂ ਹੀ ਸਿੱਖ ਪੰਥ ਦੀ ਸਥਾਪਨਾ ਅਤੇ ਨਵਾਂ ਸਾਲ ਮਨਾਉਣ ਲਈ ਹਰਿਮੰਦਰ ਸਾਹਿਬ ’ਚ ਸ਼ਰਧਾਲੂਆਂ ਦੀ ਭੀੜ ਇਕੱਠੀ ਹੋਣ ਲੱਗੀ ਸੀ। ਗੁਰਦੁਆਰੇ ਜਾਣ ਤੋਂ ਬਾਅਦ ਆਰਾਮ ਕਰਨ ਲਈ ਉਹ ਨੇੜਲੇ ਸਥਿਤ ਜਲ੍ਹਿਆਂਵਾਲੇ ਬਾਗ ਚਲੇ ਗਏ, ਜਿਥੇ ਇਕ ਮੇਲਾ ਵੀ ਆਯੋਜਿਤ ਸੀ ਜਦੋਂ ਕਿ ਕੁਝ ਸਿਆਸੀ ਵਰਕਰ ਪਾਰਕ ’ਚ ਭਾਸ਼ਣ ਦੇ ਰਹੇ ਸਨ।ਇਸ ਸਮੇਂ 6-7 ਏਕੜ ’ਚ ਫੈਲੇ ਅਤੇ ਸਾਰੇ ਪਾਸਿਓਂ ਮਕਾਨਾਂ ਨਾਲ ਘਿਰੇ ਇਸ ਜਨਤਕ ਸਥਾਨ ’ਤੇ ਜਨਰਲ ਡਾਇਰ ਵੀ ਪਹੁੰਚਿਆ। ਅਸਲ ’ਚ ਕੁਝ ਮਕਾਨਾਂ ਦੀਆਂ ਬਾਲਕੋਨੀਆਂ ਇਸ ਬਾਗ ਵੱਲ ਹੀ ਸਨ ਅਤੇ ਬਾਗ ’ਚ ਦਾਖਲ ਹੋਣ ਦਾ ਇਕ ਹੀ ਰਸਤਾ ਸੀ।ਇਥੇ ਉਸ ਦਾ ਸਾਹਮਣਾ 20 ਹਜ਼ਾਰ ਲੋਕਾਂ ਨਾਲ ਹੋਇਆ। ਆਪਣੀਆਂ ਰੈਜੀਮੈਂਟਾਂ, ਜਿਨ੍ਹਾਂ ’ਚ ਮੁੱਖ ਤੌਰ ’ਤੇ ਸਿੱਖ, ਗੋਰਖਾ ਅਤੇ ਬਲੂਚ ਸਨ, (ਬਲੂਚੀਆਂ ਦੀ ਅੰਗਰੇਜ਼ਾਂ ਨਾਲ ਲੜਾਈ ਜਾਰੀ ਸੀ, ਇਸ ਲਈ ਬਲੂਚ ਰੈਜੀਮੈਂਟ ’ਚ ਸਿੱਖ ਅਤੇ ਰਾਜਪੂਤ ਸਿਪਾਹੀ ਸਨ) ਦੇ ਉਥੇ ਮੋਰਚਾ ਸੰਭਾਲਣ ਤੋਂ 30 ਸਕਿੰਟ ’ਚ ਹੀ ਬਿਨਾਂ ਕਿਸੇ ਚਿਤਾਵਨੀ ਦੇ ਉਸ ਨੇ ਉਨ੍ਹਾਂ ਨੂੰ ਸਭ ਤੋਂ ਵੱਧ ਭੀੜ ਵਾਲੇ ਹਿੱਸੇ ਵੱਲ ਗੋਲੀਆਂ ਮਾਰਨ ਦਾ ਹੁਕਮ ਦੇ ਦਿੱਤਾ। ਸਾਰੀਆਂ 1650 ਗੋਲੀਆਂ ਚੱਲ ਜਾਣ ਤੋਂ ਬਾਅਦ ਹੀ ਫਾਇਰਿੰਗ ਰੋਕਣ ਦਾ ਹੁਕਮ ਦਿੱਤਾ ਗਿਆ।ਸਰਕਾਰੀ ਅੰਕੜੇ ਇਥੇ ਮਰਨ ਵਾਲਿਆਂ ਦੀ ਗਿਣਤੀ 379 ਦੱਸਦੇ ਹਨ, ਉਥੇ ਹੀ ਸਤੁੰਤਰ ਜਾਂਚ ’ਚ ਇਸ ਦੀ ਗਿਣਤੀ 1500 ਤੋਂ 1700 ਦਰਮਿਆਨ ਦੱਸੀ ਜਾਂਦੀ ਹੈ। ਇਸ ਤ੍ਰਾਸਦੀ ਦਾ ਇਹ ਭਾਰਤੀ ਪਹਿਲੂ ਹੈ, ਜੋ ਮਹੀਨਿਆਂ ਬਾਅਦ ਸਾਹਮਣੇ ਆਇਆ ਸੀ ਕਿਉਂਕਿ ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਪਰ ਇਸ ਦਾ ਅਫਸਰਾਂ ਦੀਆਂ ਨਿੱਜੀ ਡਾਇਰੀਆਂ ਅਤੇ ਅਧਿਕਾਰਕ ਰਿਕਾਰਡਸ ’ਚ ਦਰਜ ਬ੍ਰਿਟਿਸ਼ ਪਹਿਲੂ ਬਿਲਕੁਲ ਵੱਖਰੇ ਹਨ।

ਬ੍ਰਿਟਿਸ਼ ਅਧਿਕਾਰੀਆਂ ਦੀਆਂ ਡਾਇਰੀਆਂ

ਉਸ ਸਮੇਂ ਪੰਜਾਬ ਦੇ ਚੀਫ ਸੈਕਟਰੀ ਜੇ. ਪੀ. ਥਾਮਸਨ ਦੀ ਡਾਇਰੀ ’ਚ ਇਸ ਨਾਲ ਜੁੜੀਆਂ ਕੁਝ ਘਟਨਾਵਾਂ ਦਰਜ ਹਨ। 6 ਅਪ੍ਰੈਲ ਨੂੰ ਉਸ ਨੇ ਲਿਖਿਆ ਕਿ ਕਿਸੇ ਨੂੰ ਨਹੀਂ ਪਤਾ ਕਿ ਰੋਲਟ ਐਕਟ ਕੀ ਹੈ ਤਾਂ ਇਕ ਪੰਨੇ ’ਤੇ ਲਿਖਿਆ ਕਿ ‘‘ਵਿਆਹ ਅਤੇ ਅੰਤਮ ਯਾਤਰਾ ਕੱਢਣ ਲਈ ਪੁਲਸ ਦੀ ਇਜਾਜ਼ਤ ਜ਼ਰੂਰੀ ਸੀ’’। ਉਸ ਨੇ ਇਹ ਵੀ ਲਿਖਿਆ ਕਿ ਜੋ ਪੁਲਸ ਨੂੰ ਸਲਾਮ ਨਹੀਂ ਕਰਦਾ, ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।8 ਅਪ੍ਰੈਲ ਨੂੰ ਉਸ ਨੇ ਲਿਖਿਆ ਕਿ ਸਥਿਤੀ ਗੰਭੀਰ ਹੈ, ਗਾਂਧੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਪੰਜਾਬ ਨਾ ਆਉਣ ਦੇ ਹੁਕਮ ਦਿੱਤੇ ਗਏ ਹਨ। ਫਿਰ ਉਸ ਨੇ ‘ਅੰਮ੍ਰਿਤਸਰ ਦੇ ਸੜਨ’ ਦੀ ਗੱਲ ਕੀਤੀ। ਕੁਝ ਦਿਨਾਂ ਦੇ ਫਰਕ ’ਤੇ 14 ਅਪ੍ਰੈਲ ਨੂੰ ਉਸ ਨੇ ਲਿਖਿਆ ਕਿ ਗਵਰਨਰ ਹਾਊੁਸ ਦੀ ਪਾਰਟੀ ’ਚ ਅੰਮ੍ਰਿਤਸਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਵਾਟਕਿੰਗਸ ਤੋਂ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਸਿਪਾਹੀਆਂ ਨੇ ਭੱਜਦੇ ਹੋਏ ਲੋਕਾਂ ਨੂੰ ਖਰਗੋਸ਼ਾਂ ਵਾਂਗ ਮਾਰਿਆ।ਨਾਲ ਹੀ ਉਸ ਨੇ ਲਿਖਿਆ ਸੀ ਕਿ ਇਸ ਘਟਨਾ ਤੋਂ ਅਧਿਕਾਰਕ ਰੂਪ ਨਾਲ ਪੱਲਾ ਝਾੜ ਲੈਣਾ ਚਾਹੀਦਾ ਹੈ। ਖੂਨੀ ਕਾਂਡ 200 ਤੋਂ 300 ਬਾਗ ’ਚ ਮਾਰੇ ਗਏ। ਇਸ ਦਾ ਲੰਮੇ ਸਮੇਂ ’ਚ ਨਤੀਜਾ ਚੰਗਾ ਨਿਕਲੇਗਾ।ਹਾਲਾਂਕਿ ਕਈ ਅਫਸਰ ਡਾਇਰ ਦੇ ਸਮਰਥਨ ’ਚ ਸਨ ਅਤੇ ਉਸ ਨੇ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਸੀ,‘‘ਜੇ ਹੋਰ ਸਿਪਾਹੀ ਉਪਲੱਬਧ ਹੁੰਦੇ ਤਾਂ ਹੋਰ ਵੱਧ ਮੌਤਾਂ ਹੁੰਦੀਆਂ। ਲੋੜ ਸਿਰਫ ਭੀੜ ਨੂੰ ਤਿਤਰ-ਬਿੱਤਰ ਕਰਨ ਦੀ ਨਹੀਂ ਸੀ ਸਗੋਂ ਉਥੇ ਮੌਜੂਦ ਲੋਕਾਂ ਹੀ ਨਹੀਂ ਪੂਰੇ ਪੰਜਾਬ ਨੂੰ ਇਕ ਸਬਕ ਸਿਖਾਉਣ ਦੀ ਸੀ।ਸਥਿਤੀ ਸੰਭਾਲਣ ਲਈ ਡਾਇਰ ਨੂੰ 1920 ’ਚ ਅਸਤੀਫਾ ਦੇਣ ਨੂੰ ਮਜਬੂਰ ਕੀਤਾ ਗਿਆ। ਅਸਲ ’ਚ ਬ੍ਰਿਟਿਸ਼ ਸੰਸਦ ’ਚ ਬਹਿਸ ਦੌਰਾਨ ਉਸ ਸਮੇਂ ਦੇ ਮੌਜੂਦਾ ਯੁੱਧ ਸਕੱਤਰ ਵਿੰਸਟਨ ਚਰਚਿਲ ਨੇ ਇਸ ਨੂੰ ਇਕ ਭਿਆਨਕ ਘਟਨਾ ਦੱਸਦੇ ਹੋਏ ਕਿਹਾ ਸੀ ਕਿ ਆਧੁਨਿਕ ਬ੍ਰਿਟਿਸ਼ ਇਤਿਹਾਸ ’ਚ ਇਸ ਦੀ ਕੋਈ ਉਦਾਹਰਣ ਨਹੀਂ ਹੈ।

ਇਹ ਪਹਿਲੀ ਵਾਰ ਨਹੀਂ

ਪਰ ਡਾਇਰ ਦੀ ਇਹ ਕਾਰਵਾਈ ਬ੍ਰਿਟਿਸ਼ ਇਤਿਹਾਸ ’ਚ ਕੋਈ ਪਹਿਲੀ ਵਾਰ ਨਹੀਂ ਹੋਈ ਹੈ। ਉਪ ਨਿਵੇਸ਼ੀ ਸਰਕਾਰ ਦੇ ਅਫਸਰਾਂ ਦੇ ਦਿਮਾਗ ’ਚ ਇਹ ਗੱਲ ਡੂੰਘਾਈ ਤੱਕ ਬੈਠੀ ਹੋਈ ਸੀ ਕਿ ਮੂਲ ਵਾਸੀ ਸਿਰਫ ਹਿੰਸਾ ਦੀ ਭਾਸ਼ਾ ਸਮਝਦੇ ਹਨ।1857 ’ਚ ਪੰਜਾਬ ਦੇ 58 ਵਿਦ੍ਰੋਹੀਆਂ ਨੂੰ ਤੋਪ ਨਾਲ ਉਡਾਇਆ ਗਿਆ ਸੀ। ਉਸੇ ਸਾਲ ਜੁਲਾਈ ’ਚ ਜ਼ਬਰਦਸਤੀ ਰੰਗਰੂਟ ਬਣਾਏ ਗਏ 200 ਸਿੱਖਾਂ ਨੇ ਜਦੋਂ ਫੌਜ ਦੇ ਸਾਹਮਣੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਅੰਮ੍ਰਿਤਸਰ ਦੇ ਕਮਿਸ਼ਨਰ ਫੈਡ੍ਰਿਕ ਕਪੂਰ ਨੇ ਉਨ੍ਹਾਂ ਨੂੰ ਠੋਕਰਾਂ ਮਾਰ ਕੇ ਖੂਹ ’ਚ ਸੁਟਵਾਇਆ ਸੀ। 1919 ’ਚ ਦਿੱਲੀ ’ਚ ਦਮਨ ਲਈ ਬ੍ਰਿਗੇਡੀਅਰ ਜਨਰਲ ਡ੍ਰੇਕ ਬ੍ਰੋਕਮੈਨ ਨੇ ਵੀ ਅਜਿਹਾ ਹੀ ਕੀਤਾ ਸੀ। ਭੀੜ ’ਤੇ ਫਾਇਰਿੰਗ ’ਤੇ ਉਸ ਨੇ ਕਿਹਾ ਸੀ,‘‘ਉਹ ਦਿੱਲੀ ਸ਼ਹਿਰ ਦੇ ਘਟੀਆ ਲੋਕਾਂ ਦੀ ਭੀੜ ਸੀ। ਮੇਰਾ ਮੰਨਣਾ ਹੈ ਕਿ ਜੇ ਉਨ੍ਹਾਂ ’ਤੇ ਹੋਰ ਫਾਇਰਿੰਗ ਹੁੰਦੀ ਤਾਂ ਉਨ੍ਹਾਂ ਦਾ ਬਹੁਤ ਭਲਾ ਹੋ ਜਾਂਦਾ।’’ਤਾਂ ਡਾਇਰ ਉਸੇ ਨੀਤੀ ਦੀ ਪਾਲਣਾ ਕਰ ਰਿਹਾ ਸੀ, ਜੋ ਅੰਗਰੇਜ਼ਾਂ ਨੇ ਭਾਰਤ ਲਈ ਬਣਾਈ ਸੀ ਪਰ ਜਲ੍ਹਿਆਂਵਾਲਾ ਬਾਗ ਨੇ 1922 ਦੇ ਅੰਦੋਲਨ ਲਈ ਜਨਤਾ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ, ਜੋ ਅਹਿੰਸਕ ਸੰਘਰਸ਼ ਦੀ ਰਾਹ ’ਤੇ ਚੱਲੀ। ਇਸੇ ਘਟਨਾ ਨੇ ਚੰਦਰਸ਼ੇਖਰ ਆਜ਼ਾਦ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਰਗਿਆਂ ਨੂੰ ਵੀ ਸੁਤੰਤਰਤਾ ਅੰਦੋਲਨ ’ਚ ਕੁੱਦਣ ਲਈ ਪ੍ਰੇਰਿਤ ਕੀਤਾ ਸੀ।