ਜਲੰਧਰ : ਜ਼ੋਮੈਟੋ ਦੇ ਡਿਲਿਵਰੀ ਬੁਆਏ 'ਤੇ ਅਣਪਛਾਤਿਆਂ ਨੇ ਚਲਾਈ ਗੋਲੀ (ਵੀਡੀਓ)

05/25/2019 11:21:40 PM

ਜਲੰਧਰ,(ਵਰੁਣ) : ਸ਼ਹਿਰ ਦੇ ਅਬਾਦਪੁਰਾ 'ਚ ਅੱਜ ਐਕਟਿਵਾ ਸਵਾਰ 2 ਅਣਪਛਾਤਿਆਂ ਵਲੋਂ ਇਕ ਨੌਜਵਾਨ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਆਬਾਦਪੁਰਾ ਦੇ ਵਾਲਮੀਕਿ ਮੁਹੱਲੇ 'ਚ 2 ਨਕਾਬਪੋਸ਼ ਨੌਜਵਾਨਾਂ ਨੇ ਜ਼ੋਮੈਟੋ ਦੇ ਡਿਲਿਵਰੀ ਬੁਆਏ 'ਤੇ ਗੋਲੀ ਚਲਾ ਦਿੱਤੀ। ਗੋਲੀ ਨੌਜਵਾਨ ਦੇ ਪੇਟ ਨੂੰ ਚੀਰਦੀ ਹੋਈ ਨਾਲ ਹੀ ਖੜ੍ਹੀ ਸਵਿੱਫਟ ਕਾਰ 'ਚ ਜਾ ਲੱਗੀ। ਦੇਰ ਰਾਤ ਤੱਕ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ, ਏ. ਡੀ. ਸੀ. ਪੀ. ਪੀ. ਐੱਸ. ਭੰਡਾਲ, ਸੀ. ਆਈ. ਏ. ਸਟਾਫ ਦੀ ਟੀਮ ਅਤੇ ਥਾਣਾ ਨੰ. 6 ਦੀ ਟੀਮ ਜਾਂਚ 'ਚ ਲੱਗੀ ਸੀ।
ਸੋਹਿਤ (29) ਪੁੱਤਰ ਹੈਪੀ ਨਿਵਾਸੀ ਵਾਲਮੀਕਿ ਮੁਹੱਲਾ ਆਬਾਦਪੁਰਾ ਨੇ ਦੱਸਿਆ ਕਿ ਉਹ ਜ਼ੋਮੈਟੋ 'ਚ ਡਿਲਿਵਰੀ ਦਾ ਕੰਮ ਕਰਦਾ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਆਪਣੇ ਦੋਸਤ ਰਿਸ਼ੀ ਨਾਲ ਖਾਣਾ ਖਾ ਕੇ ਸੈਰ ਲਈ ਨਿਕਲਿਆ ਸੀ। ਰਾਤ 10.32 ਵਜੇ ਮਾਡਲ ਟਾਊਨ ਵੱਲੋਂ ਆਬਾਦਪੁਰਾ ਜਾਂਦੀ ਸੜਕ ਤੋਂ ਐਕਟਿਵਾ ਸਵਾਰ ਦੋ ਨੌਜਵਾਨ ਆਏ ਅਤੇ ਕੁਝ ਹੀ ਦੂਰੀ 'ਤੇ ਜਾ ਕੇ ਰੁਕ ਗਏ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੇ ਪਿੱਛੇ ਬੈਠੇ ਨੌਜਵਾਨ ਨੇ ਉਸ 'ਤੇ ਗੋਲੀ ਚਲਾ ਦਿੱਤੀ। ਸੋਹਿਤ ਦੇ ਸਾਥੀ ਰਿਸ਼ੀ ਨੇ ਗੋਲੀ ਚਲਾਉਣ ਵਾਲੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਐਕਟਿਵਾ ਵੱਲ ਭੱਜਿਆ ਅਤੇ ਪਿੱਛੇ ਬੈਠ ਕੇ ਰੰਧਾਵਾ ਹਸਪਤਾਲ ਵੱਲ ਭੱਜ ਗਏ।
ਸੋਹਿਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਪੁਲਸ ਅਧਿਕਾਰੀਆਂ ਨੇ ਸੋਹਿਤ ਦੇ ਪਰਿਵਾਰ ਵਾਲਿਆਂ ਤੋਂ ਬਾਅਦ ਸੋਹਿਤ ਨਾਲ ਵੀ ਗੱਲ ਕੀਤੀ ਪਰ ਉਨ੍ਹਾਂ ਦਾ ਕਹਿਣਾ ਸੀ ਸੋਹਿਤ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ। ਹਮਲਾਵਰਾਂ ਨੇ ਮੂੰਹ 'ਤੇ ਰੁਮਾਲ ਬੰਨ੍ਹੇ ਸੀ, ਜਿਸ ਕਾਰਨ ਕਿਸੇ ਨੇ ਵੀ ਉਨ੍ਹਾਂ ਨੂੰ ਨਹੀਂ ਪਛਾਣਿਆ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖਣ ਦੀ ਪੁਲਸ ਕੋਸ਼ਿਸ਼ ਕਰ ਰਹੀ ਹੈ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਗੋਲੀ ਬਰਾਮਦ ਕਰ ਲਈ ਗਈ ਹੈ। ਗੋਲੀ 315 ਬੋਰ ਦੇ ਦੇਸੀ ਕੱਟੇ ਤੋਂ ਚਲਾਈ ਗਈ ਹੈ। ਥਾਣਾ ਨੰ. 6 'ਚ ਅਣਪਛਾਤੇ ਨੌਜਵਾਨਾਂ 'ਤੇ ਕੇਸ ਦਰਜ ਕਰਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ੋਮੈਟੋ ਦੇ ਡਲਿਵਰੀ ਬੁਆਏਜ਼ ਤੋਂ ਹੋਈ ਪੁੱਛਗਿੱਛ
ਸੋਹਿਤ ਨਾਲ ਕੋਈ ਪੁਰਾਣੀ ਰੰਜਿਸ਼ ਦੇ ਤੱਥ ਨਾ ਮਿਲਣ ਕਾਰਨ ਵੱਖ-ਵੱਖ ਟੀਮਾਂ ਗਠਿਤ ਕਰ ਕੇ ਪੁਲਸ ਨੇ ਜਿੱਥੇ-ਜਿੱਥੇ ਜ਼ੋਮੈਟੋ ਦੇ ਡਿਲਿਵਰੀ ਬੁਆਏਜ਼ ਦੇਖੇ, ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਪੁਲਸ ਨੂੰ ਸ਼ੱਕ ਹੈ ਕਿ ਸੋਹਿਤ ਨਾਲ ਜੌਬ 'ਤੇ ਕੋਈ ਨਾ ਕੋਈ ਹੰਗਾਮਾ ਹੋਇਆ ਹੋਵੇਗਾ ਪਰ ਦੇਰ ਰਾਤ ਅਜਿਹੀ ਕੋਈ ਇਨਪੁਟ ਨਹੀਂ ਮਿਲੀ।