ਕਿਸਾਨੀ ਸੰਘਰਸ਼ ’ਤੇ ਸੁਖਬੀਰ ਬਾਦਲ ਦਾ ਬਿਆਨ, ਕਿਹਾ ਪ੍ਰਧਾਨ ਮੰਤਰੀ ਨੇ ਸਭ ਤੋਂ ਵੱਡੇ ਗੁਨਾਹਗਾਰ

12/30/2020 2:04:47 PM

ਜਲੰਧਰ,ਅੰਮਿ੍ਰਤਸਰ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਇਕ ਮਹੀਨੇ ਤੋਂ ਕਿਸਾਨ ਸਿੰਘੂ ਬਾਰਡਰ ’ਤੇ ਡਟੇ ਹੋਏ ਹਨ ਅਤੇ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡਣ ਨੂੰ ਤਿਆਰ ਨਹੀਂ  ਹੈ। 30 ਦਸੰਬਰ ਨੂੰ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਹੋਣ ਜਾ ਰਹੀ ਹੈ। ਇਸ ਗੱਲਬਾਤ ’ਚ ਕੀ ਨਤੀਜਾ ਨਿਕਲੇਗਾ, ਬਾਰੇ ਅਜੇ ਸ਼ਸ਼ੋਪੰਜ ਵਾਲੀ ਸਥਿਤੀ ਹੈ। ਇਸ ਬਾਰੇ ਸਿਆਸਤਦਾਨ ਕੀ ਸੋਚਦੇ ਹਨ, ਖ਼ਾਸ ਤੌਰ ’ਤੇ ਅਕਾਲੀ ਦਲ ਬਾਦਲ, ਜੋ ਲੰਬੇ ਸਮੇਂ ਤਕ ਭਾਜਪਾ ਸਰਕਾਰ ’ਚ ਭਾਈਵਾਲ ਰਿਹਾ ਹੈ, ਖ਼ਾਸ ਕਰਕੇ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦੇ ਪਾਸ ਹੋਣ ਦੇ ਸਮੇਂ ਵੀ। ਇਸ ਸਬੰਧ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਜਗ ਬਾਣੀ’ ਨਾਲ ਖ਼ਾਸ ਮੁਲਾਕਾਤ ਦੌਰਾਨ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਹੁਣ ਸਿਰਫ਼ ਕਿਸਾਨ ਨਹੀਂ , ਸਗੋਂ ਸਾਰੇ ਲੋਕ ਇਨ੍ਹਾਂ ਦੇ ਵਿਰੋਧ ’ਚ ਉੱਤਰ ਆਏ ਹਨ। ਕਿਸਾਨਾਂ ਦੇ ਅੰਦੋਲਨ ਨੂੰ ਇਸ ਸਮੇਂ ਇਕ ਭਾਵਨਾਤਮਕ ਸਾਥ ਮਿਲ ਗਿਆ ਹੈ। ਕਈ ਅਫ਼ਸਰ ਆਪਣੀਆਂ ਡਿਊਟੀਆਂ ਛੱਡ ਕੇ ਬਾਰਡਰ ’ਤੇ ਲੱਗੇ ਮੋਰਚੇ ’ਚ ਡਟੇ ਹੋਏ ਹਨ। ਇਨ੍ਹਾਂ ’ਚ ਕੋਈ ਡਾਕਟਰ ਹੈ ਤਾਂ ਕੋਈ ਵਕੀਲ।

ਇਹ ਵੀ ਪੜ੍ਹੋ : ਦੁਖਦ ਖ਼ਬਰ: ਚੰਗੇ ਭਵਿੱਖ ਲਈ ਕੈਨੇਡਾ ਗਏ ਮਾਪਿਆ ਦੇ ਇਕਲੌਤੇ ਪੁੱਤ ਦੀ ਹਾਦਸੇ ’ਚ ਮੌਤ

ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਹੁਣ ਕਿਸਾਨ ਅਤੇ ਕਿਸਾਨੀ ਦੇ ਹੱਕ ’ਚ ਇਹ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ । ਆਪਣੇ 30 ਸਾਲਾਂ ਦੇ ਸਿਆਸੀ ਕਰੀਅਰ ’ਚ ਮੈਂ ਪਹਿਲਾਂ ਕਦੇ ਇੰਨੀ ਵੱਡੀ ਮੂਵਮੈਂਟ ਨਹੀਂ ਵੇਖੀ, ਜੋ ਇਸ ਸਮੇਂ ਬਣ ਗਈ ਹੈ। ਇਹ ਇਕ ਇਤਿਹਾਸਕ ਅੰਦੋਲਨ ਹੈ। ਤੂਫ਼ਾਨ ਵਾਂਗ ਫ਼ੈਲ ਰਹੇ ਇਸ ਅੰਦੋਲਨ ’ਚ ਦੇਸ਼ ਦੇ ਹਰ ਹਿੱਸੇ ’ਚੋਂ ਕਿਸਾਨ ਸ਼ਾਮਲ ਹੋ ਰਹੇ ਹਨ। ਕੋਈ ਰਾਜਸਥਾਨ ਤੋਂ ਤਾਂ ਕੋਈ ਮਹਾਰਾਸ਼ਟਰ ਤੋਂ ਪੈਦਲ ਚੱਲ ਕੇ ਇਸ ਅੰਦੋਲਨ ’ਚ ਹਿੱਸਾ ਲੈਣ ਆ ਰਿਹਾ ਹੈ। ਹੁਣ ਜੋ ਸਵਾਲ ਹੈ ਕਿ ਇਸ ਅੰਦੋਲਨ ਦਾ ਹੋਵੇਗਾ ਕੀ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲਤਫ਼ਹਿਮੀ ’ਚ ਹਨ। ਉਨ੍ਹਾਂ ਦੀ ਇਹ ਸੋਚ ਗਲਤ ਹੈ ਕਿ ਕਿਸਾਨ ਕਿੰਨੀ ਦੇਰ ਤਕ ਬੈਠ ਜਾਣਗੇ। ਉਹ ਇਹ ਨਹੀਂ ਜਾਣਦੇ ਕਿ ਇਹ ਜਨਤਾ ਜੋ ਭਾਵਨਾਤਮਕ ਤੌਰ ’ਤੇ ਅੰਦੋਲਨ ’ਚ ਡਟ ਗਈ ਹੈ, ਹੁਣ ਕਾਨੂੰਨ ਵਾਪਸ ਹੋਣ ਤੋਂ ਬਾਅਦ ਹੀ ਪਰਤੇਗੀ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਜ਼ਿਦ ਅਤੇ ਹੈਂਕੜ ਛੱਡ ਕੇ ਕਿਸਾਨਾਂ ਦੀ ਗੱਲ ਛੇਤੀ ਸੁਣਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸਾਲ 2020 ’ਚ ਗੁਰੂ ਦੀ ਨਗਰੀ ਨੂੰ ਦੁੱਖ ਭਰੇ ਦਿਨ ਦੇਖਣ ਨੂੰ ਮਿਲੇ

ਭਾਜਪਾ ’ਚ ਬੈਠੇ ਸੰਸਦ ਮੈਂਬਰ ਵੀ ਇਨ੍ਹਾਂ ਕਾਨੂੰਨਾਂ ਨੂੰ ਗਲਤ ਮੰਨਦੇ ਹਨ
ਜਦੋਂ ਸੁਖਬੀਰ ਬਾਦਲ ਕੋਲੋਂ ਇਹ ਪੁੱਛਿਆ ਗਿਆ ਕਿ ਆਖਿਰ ਗੱਲ ਕਿੱਥੇ ਫ਼ਸੀ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿਦ ਹੈ। ਉਨ੍ਹਾਂ ਦੀ ਪਾਰਟੀ ਭਾਜਪਾ ਦੇ ਲੋਕ ਵੀ ਇਸ ਕਾਨੂੰਨਾਂ ਨੂੰ ਗਲਤ ਮੰਨਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਜਦੋਂ ਮੈਂ ਸੰਸਦ ’ਚ ਹਰਸਿਮਰਤ ਕੌਰ ਦੇ ਅਸਤੀਫ਼ੇ ਦਾ ਐਲਾਨ ਕੀਤਾ ਤਾਂ ਮੈਨੂੰ ਸਭ ਤੋਂ ਜ਼ਿਆਦਾ ਜੋ ਵਧਾਈ ਮਿਲੀ, ਉਹ ਭਾਜਪਾ ਦੇ ਸੰਸਦ ਮੈਂਬਰਾਂ ਕੋਲੋਂ ਮਿਲੀ। ਭਾਜਪਾ ਦੇ ਸੰਸਦ ਮੈਂਬਰਾਂ ਨੇ ਵੀ ਕਿਹਾ ਕਿ ਤੁਸੀ ਬਿਲਕੁਲ ਠੀਕ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀ ਕੁਝ ਕਰ ਨਹੀਂ  ਸਕਦੇ ਕਿਉਂਕਿ ਸਾਡੇ ਨੇਤਾ ਸਾਨੂੰ ਸੁਣਦੇ ਨਹੀਂ  ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਅੰਦਰ ਵੀ ਵੱਡੀ ਗਿਣਤੀ ’ਚ ਲੋਕ ਚਾਹੁੰਦੇ ਹਨ ਕਿ ਇਹ ਕਾਨੂੰਨ ਵਾਪਸ ਹੋਣ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਜ਼ਿਦ ਤੋਂ ਪਿੱਛੇ ਨਹੀਂ ਹਟ ਰਹੇ ਹਨ। ਉਹ ਸੋਚਦੇ ਹਨ ਕਿ ਮੈਂ ਇਕ ਵਾਰ ਫ਼ੈਸਲਾ ਕਰ ਲਿਆ ਹੈ ਅਤੇ ਇਹ ਫ਼ੈਸਲਾ ਵਾਪਸ ਨਹੀਂ  ਲੈਣਾ ਹੈ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਕ ਪਰਿਵਾਰ ਦਾ ਮੁਖੀ ਹੁੰਦਾ ਹੈੈ ਅਤੇ ਜੇਕਰ ਪਰਿਵਾਰ ਦੇ ਕਿਸੇ ਮੈਂਬਰ ਨੂੰ ਤਕਲੀਫ ਹੈ, ਤਾਂ ਉਸ ਨੂੰ ਵੇਖਣਾ ਅਤੇ ਸੁਣਨਾ ਮੁਖੀ ਦੀ ਜ਼ਿੰਮੇਦਾਰੀ ਹੁੰਦੀ ਹੈ। ਮੈਂ ਤਾਂ ਇਹ ਕਹਾਂਗਾ ਕਿ ਇਸ ਵਿਚ ਜ਼ਿਦ ਤਾਂ ਹੈ ਹੀ, ਹੈਂਕੜ ਵੀ ਹੈ ।

ਇਹ ਵੀ ਪੜ੍ਹੋ : ਪੰਜਾਬ ਦੇ ਸਿਆਸੀ ਦ੍ਰਿਸ਼ ਅਤੇ ਪ੍ਰਬੰਧਕੀ ਢਾਂਚੇ ਨੂੰ ਬਦਲੇਗਾ ਕਿਸਾਨ ਅੰਦੋਲਨ?

ਦੇਸ਼ ਦਾ ਨੁਕਸਾਨ ਹੋ ਗਿਆ ਪਰ ਮੋਦੀ ਨੇ ਕਈ ਫ਼ੈਸਲੇ ਵਾਪਸ ਨਹੀਂ ਲਏ
ਸੁਖਬੀਰ ਬਾਦਲ ਨੇ ਕਿਹਾ ਕਿ ਮੋਦੀ ਵਲੋਂ ਲਏ ਗਏ ਕਈ ਫ਼ੈਸਲਿਆਂ ਨਾਲ ਦੇਸ਼ ਨੂੰ ਨੁਕਸਾਨ ਹੋ ਗਿਆ ਹੈ ਪਰ ਉਨ੍ਹਾਂ ਨੇ ਆਪਣੇ ਫ਼ੈਸਲੇ ਵਾਪਸ ਨਹੀਂ  ਲਏ ਹਨ। ਨੋਟਬੰਦੀ ਨੂੰ ਹੀ ਲੈ ਲਓ। ਦੇਸ਼ ਦਾ ਕਿੰਨਾ ਨੁਕਸਾਨ ਹੋ ਗਿਆ। ਆਰਥਿਕਤਾ ਹੇਠਾਂ ਡਿੱਗ ਗਈ ਪਰ ਮੋਦੀ ਉੱਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਕੰਮ ਕਰਨ ਦਾ ਤਰੀਕਾ ਵੇਖਿਆ ਹੈ। ਉਹ ਅਫਸਰਾਂ ’ਤੇ ਨਿਰਭਰ ਹਨ। ਜੋ ਉਨ੍ਹਾਂ ਦੇ ਨਜ਼ਦੀਕੀ ਅਫਸਰ ਹੈ, ਉਨ੍ਹਾਂ ਨਾਲ ਬੈਠ ਕੇ ਫ਼ੈਸਲੇ ਕਰਦੇ ਹਨ ਪਰ ਜਗ-ਜਾਹਿਰ ਹੈ ਕਿ ਜੋ ਪ੍ਰਧਾਨ ਮੰਤਰੀ ਅਫ਼ਸਰਾਂ ਨਾਲ ਬੈਠ ਕੇ ਸਰਕਾਰ ਚਲਾਵੇ ਉਹ ਕਦੇ ਕਾਮਯਾਬ ਨਹੀਂ ਹੁੰਦਾ, ਕਿਉਂਕਿ ਅਫ਼ਸਰਾਂ ਦਾ ਜਨਤਾ ਦੇ ਨਾਲ ਸਬੰਧ ਕੱਟਿਆ ਹੋਇਆ ਹੁੰਦਾ ਹੈ। ਕਿਸਾਨ ਬਿੱਲਾਂ ਨੂੰ ਲੈ ਕੇ ਵੀ ਜੋ ਫ਼ੈਸਲਾ ਹੋਇਆ ਹੈ, ਉਹ ਵੀ ਅਫ਼ਸਰਾਂ ਦੇ ਨਾਲ ਬੈਠ ਕੇ ਕੀਤਾ ਗਿਆ ਹੈ ।

ਇਹ ਵੀ ਪੜ੍ਹੋ : ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ’ਚ ਸਿੱਖ ਸਦਭਾਵਨਾ ਦਲ ਨੇ ਮੰਤਰੀ ਬਾਜਵਾ ਦੀ ਕੋਠੀ ਅੱਗੇ ਕੀਤਾ ਕੀਰਤਨ

ਪ੍ਰਧਾਨ ਮੰਤਰੀ ਸਭ ਤੋਂ ਵੱਡੇ ਗੁਨਾਹਗਾਰ
ਲੋਕਾਂ ਦਾ ਇਕ ਸਵਾਲ ਹੈ ਕਿ ਵੱਡੇ ਬਾਦਲ ਸਾਹਿਬ ਇਸ ਮਾਮਲੇ ਉੱਤੇ ਪ੍ਰਧਾਨ ਮੰਤਰੀ ਨਾਲ ਕਿਉਂ ਨਹੀਂ  ਮਿਲੇ। ਕਿਉਂਕਿ ਜਿੰਨੀ ਦੇਰ ਤਕ ਪ੍ਰਧਾਨ ਮੰਤਰੀ ਇਸ ਮਸਲੇ ਵਿਚ ਸ਼ਾਮਲ ਨਹੀਂ ਹੁੰਦੇ, ਮਸਲੇ ਦਾ ਹੱਲ ਨਹੀਂ  ਹੁੰਦਾ। ਇਸ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਭ ਤੋਂ ਵੱਡੇ ਗੁਨਾਹਗਾਰ ਹਨ। ਇਹ ਬਿੱਲ ਪ੍ਰਧਾਨ ਮੰਤਰੀ ਨੇ ਬਣਾਇਆ ਹੈ। ਭਾਜਪਾ ਦੇ ਮੰਤਰੀਆਂ ਨੇ ਮੈਨੂੰ ਵਧਾਈ ਕਿਉਂ ਦਿੱਤੀ, ਕਿਉਂਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਿਚ ਹਿੰਮਤ ਨਹੀਂ ਕਿ ਉਹ ਇਸ ਸਬੰਧੀ ਕੁਝ ਕਹਿ ਸਕਣ। ਜਿੱਥੋਂ ਤਕ ਮਿਲਣ ਦੀ ਗੱਲ ਹੈ, ਉਹ ਖੁਦ ਅਮਿਤ ਸ਼ਾਹ ਨੂੰ ਮਿਲੇ ਹਨ ਅਤੇ ਹਰਸਿਮਰਤ ਪ੍ਰਧਾਨ ਮੰਤਰੀ ਨੂੰ ਮਿਲੀ ਹੈ। ਬਾਦਲ ਸਾਹਿਬ ਨੇ ਉਨ੍ਹਾਂ ਨੂੰ ਖ਼ਤ ਲਿਖਿਆ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਹੁਣ ਤੁਹਾਨੂੰ ਇਸ ਵਿਚ ਕੋਈ ਹੱਲ ਨਜ਼ਰ ਆਉਂਦਾ ਹੈ, ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਮੰਗ ਹੈ ਅਤੇ ਦੇਸ਼ ਦੇ ਲੋਕਾਂ ਦੀ ਇਹ ਭਾਵਨਾ ਹੈ ਕਿ ਇਹ ਕਾਨੂੰਨ ਵਾਪਸ ਹੋਣ। ਇਸ ਭਾਵਨਾ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਇਕ ਮਿੰਟ ਵਿਚ ਇਹ ਕਾਨੂੰਨ ਵਾਪਸ ਲੈ ਸਕਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਬਦਲਣਗੇ, ਕਿਉਂ ਉਹ ਆਪਣੀ ਸੋਚ ਬਦਲਣਗੇ ਤਾਂ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ ।

ਇਹ ਵੀ ਪੜ੍ਹੋ : ਦੁਖਦ ਖ਼ਬਰ: ਚੰਗੇ ਭਵਿੱਖ ਲਈ ਕੈਨੇਡਾ ਗਏ ਮਾਪਿਆ ਦੇ ਇਕਲੌਤੇ ਪੁੱਤ ਦੀ ਹਾਦਸੇ ’ਚ ਮੌਤ

ਪੀ. ਐੱਮ. ਨੂੰ ਜਾਂ ਕੁਰਸੀ ਛੱਡਣੀ ਪਵੇਗੀ ਜਾਂ ਕਾਨੂੰਨ ਵਾਪਸ ਹੋਣਗੇ
ਜਦੋਂ ਸੁਖਬੀਰ ਕੋਲੋਂ ਇਹ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਦੇ ਹਾਵਭਾਵ ਤੋਂ ਅਜਿਹਾ ਨਹੀਂ  ਲੱਗਦਾ ਹੈ ਅਤੇ ਭਾਜਪਾ ਵਾਲੇ ਕਦੇ ਇਸ ਅੰਦੋਲਨ ਨੂੰ ਖਾਲਿਸਤਾਨੀ ਅਤੇ ਕਦੇ ਅੱਤਵਾਦੀ ਅੰਦੋਲਨ ਕਹਿ ਰਹੇ ਹਨ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ਵਿਚ ਇਕ ਅਜਿਹਾ ਤੂਫਾਨ ਖੜ੍ਹਾ ਹੋ ਰਿਹਾ ਹੈ ਕਿ ਦੋ-ਤਿੰਨ ਮਹੀਨਿਆਂ ਵਿਚ ਜਾਂ ਤਾਂ ਪ੍ਰਧਾਨ ਮੰਤਰੀ ਨੂੰ ਕੁਰਸੀ ਛੱਡਣੀ ਪਵੇਗੀ ਜਾਂ ਫਿਰ ਕਾਨੂੰਨ ਵਾਪਸ ਲੈਣ ਪੈਣਗੇ ।

ਸਰਕਾਰ ਕਰਵਾ ਸਕਦੀ ਹੈ ਗੜਬੜ!
ਫੰਡਿੰਗ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ’ਤੇ ਇਲਜ਼ਾਮ ਲੱਗ ਰਹੇ ਹਨ ਅਤੇ ਖੁਫੀਆ ਏਜੰਸੀਆਂ ਵੀ ਜਾਂਚ ਕਰ ਰਹੀਆਂ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਕੁਝ ਗਲਤ ਹੋ ਸਕਦਾ ਹੈ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਸਮਾਜਸੇਵੀ ਸੰਸਥਾਵਾਂ ਕੋਵਿਡ ਵਿਚ ਲੰਗਰ ਲਗਾਉਂਦੀਆਂ ਹਨ ਤਾਂ ਇਹ ਚੰਗੀਆਂ ਲੱਗਦੀਆਂ ਹਨ । ਫੰਡ ਕਿੱਥੋਂ ਆ ਰਹੇ ਹਨ। ਵਿਦੇਸ਼ ਵਿਚ ਬੈਠੇ ਜੋ ਆਪਣੇ ਲੋਕ ਹਨ, ਉਨ੍ਹਾਂ ਵਿਚ ਕਈਆਂ ਦੇ ਬਜ਼ੁਰਗ, ਕਿਸੇ ਦਾ ਪਿਤਾ ਤਾਂ ਕਿਸੇ ਦੀ ਮਾਂ ਇਸ ਅੰਦੋਲਨ ਵਿਚ ਬੈਠੇ ਹਨ, ਉਹ ਇਸ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ ਤਾਂ ਕੀ ਇਸ ਨੂੰ ਬਲੈਕਮਨੀ ਕਿਹਾ ਜਾਵੇਗਾ। ਕੀ ਇਹ ਡਰੱਗ ਮਨੀ ਹੈ ਜਾਂ ਟੈਰੇਰਿਸਟ ਮਨੀ। ਨਹੀਂ ਇਹ ਪੈਸਾ ਆਪਣੇ ਲੋਕਾਂ ਦਾ ਹੈ। ਇਸ ਵਿਚ ਮਾੜਾ ਕੀ ਹੈ। ਅੰਦੋਲਨ ਕਰ ਰਹੇ ਸੰਗਠਨਾਂ ਨੂੰ ਸ਼ੱਕ ਹੈ ਕਿ ਸਰਕਾਰ ਇਸ ਅੰਦੋਲਨ ਨੂੰ ਟਾਰਗੈਟ ਕਰਦੇ ਹੋਏ ਕੁਝ ਕਰਵਾ ਨਾ ਦੇਵੇ ਅਤੇ ਰਾਤ ਨੂੰ ਠੀਕਰੀ ਪਹਿਰੇ ਵੀ ਲੱਗਦੇ ਹਨ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਵੀ ਇਹ ਲੱਗਦਾ ਹੈ ਕਿ ਸਰਕਾਰ ਕਿਸੇ ਸਮਾਜ ਵਿਰੋਧੀ ਅਨਸਰ ਨੂੰ ਭੇਜ ਕੇ ਕੋਈ ਗੜਬੜ ਕਰਵਾ ਸਕਦੀ ਹੈ। ਇਸ ਸਬੰਧ ਵਿਚ ਕੋਈ ਇਨਪੁਟ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਬਹੁਤ ਪਾਵਰਫੁਲ ਹੁੰਦੀ ਹੈ। ਉਸ ਦੇ ਲਿੰਕ ਹਰ ਕਿਸਮ ਦੇ ਲੋਕਾਂ ਨਾਲ ਹੁੰਦੇ ਹਨ। ਇਹ ਹੌਲੀ-ਹੌਲੀ ਕੁਝ ਵੀ ਕਰ ਸਕਦੇ ਹਨ। ਇਸ ਲਈ, ਸਾਰੇ ਸੰਗਠਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 

Baljeet Kaur

This news is Content Editor Baljeet Kaur