ਵੱਡਾ ਸਵਾਲ : ਜਲੰਧਰ ਨੂੰ ਸਮਾਰਟ ਸਿਟੀ ਬਣਨ ’ਚ ਆਖਿਰ ਲੱਗਣੇ ਕਿੰਨੇ ਸਾਲ

12/24/2020 10:36:53 AM

ਜਲੰਧਰ (ਖੁਰਾਣਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ 4 ਸਾਲ ਪਹਿਲਾਂ ਸਮਾਰਟ ਸਿਟੀ ਮਿਸ਼ਨ ਦਾ ਐਲਾਨ ਕੀਤਾ ਸੀ ਅਤੇ ਉਸ ’ਚ ਜਲੰਧਰ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਸੀ। ਜਲੰਧਰ ਦਾ ਨਾਂ ਸ਼ਾਮਲ ਹੋਣ ’ਤੇ ਸ਼ਹਿਰ ਵਾਸੀਆਂ ਨੂੰ ਉਮੀਦ ਜਾਗੀ ਸੀ ਕਿ ਆਉਣ ਵਾਲੇ 2-4 ਸਾਲਾਂ ਵਿਚ ਸ਼ਹਿਰ ਦਾ ਸਰੂਪ ਹੀ ਬਦਲ ਜਾਵੇਗਾ ਅਤੇ ਇਸ ਸ਼ਹਿਰ ਦੇ ਵਾਸੀਆਂ ਨੂੰ ਸਮਾਰਟ ਸਿਟੀ ਤਹਿਤ ਨਵੀਆਂ ਸਹੂਲਤਾਂ ਮਿਲਣਗੀਆਂ ਪਰ ਸ਼ਹਿਰ ਵਾਸੀਆਂ ਦਾ ਇਹ ਸੁਫ਼ਨਾ ਨਾ ਸਿਰਫ਼ ਅਧੂਰਾ ਰਿਹਾ, ਸਗੋਂ ਚੂਰ-ਚੂਰ ਹੋ ਰਿਹਾ ਹੈ ਕਿਉਂਕਿ ਸਮਾਰਟ ਸਿਟੀ ਤਹਿਤ ਜ਼ਿਆਦਾਤਰ ਪ੍ਰਾਜੈਕਟ ਨਾ ਸਿਰਫ਼ ਸਾਲਾਂ ਤੋਂ ਲਟਕੇ ਹੋਏ ਹਨ, ਸਗੋਂ ਕਈ ਪ੍ਰਾਜੈਕਟਾਂ ਨੇ ਤਾਂ ਸ਼ਹਿਰ ਦੀ ਸੂਰਤ ਤੱਕ ਵਿਗਾੜ ਕੇ ਰੱਖ ਦਿੱਤੀ ਹੈ।

ਅੱਜ ਤੋਂ ਕਰੀਬ ਪੌਣੇ 2 ਸਾਲ ਪਹਿਲਾਂ 8 ਮਾਰਚ 2019 ਨੂੰ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸਾਰੇ ਵਿਧਾਇਕਾਂ ਅਤੇ ਹੋਰ ਸਿਆਸੀ ਨੇਤਾਵਾਂ ਨੇ ਬੜੀ ਸ਼ਾਨ ਨਾਲ ਗੁਰੂ ਅਮਰਦਾਸ ਚੌਕ ਵਿਚ ਸਮਾਰਟ ਸਿਟੀ ਤਹਿਤ ਇਕ ਉਦਘਾਟਨ ਕੀਤਾ ਸੀ, ਜਿਸ ਅਧੀਨ ਸ਼ਹਿਰ ਦੇ 9 ਚੌਕਾਂ ਅਤੇ 2 ਇੰਟਰਸੈਕਸ਼ਨ ਪੁਆਇੰਟਾਂ ਨੂੰ ਸੁਧਾਰਿਆ ਜਾਣਾ ਸੀ। 20 ਕਰੋੜ ਦੇ ਇਸ ਪ੍ਰਾਜੈਕਟ ਨੂੰ ਲੈ ਕੇ ਸੰਸਦ ਮੈਂਬਰ, ਵਿਧਾਇਕਾਂ ਅਤੇ ਹੋਰ ਕਾਂਗਰਸੀ ਨੇਤਾਵਾਂ ਨੇ ਲੰਮੇ-ਚੌੜੇ ਦਾਅਵੇ ਅਤੇ ਵਾਅਦੇ ਕੀਤੇ ਸਨ ਪਰ ਉਹ ਸਾਰੇ ਵਾਅਦੇ ਸਿਰਫ਼ ਜੁਮਲੇ ਸਾਬਿਤ ਹੋਏ ਕਿਉਂਕਿ ਸਮਾਰਟ ਸਿਟੀ ਕੰਪਨੀ ਪੌਣੇ 2 ਸਾਲਾਂ ਵਿਚ ਸ਼ਹਿਰ ਦੇ ਇਕ ਵੀ ਚੌਕ ਦਾ ਕੰਮ ਪੂਰਾ ਨਹੀਂ ਕਰ ਸਕੀ।

ਅੱਜ 9 ’ਚੋਂ ਜ਼ਿਆਦਾਤਰ ਚੌਕਾਂ ’ਤੇ ਚਾਹੇ ਕੰਮ ਤਾਂ ਚੱਲ ਰਹੇ ਹਨ ਪਰ ਬਹੁਤ ਹੀ ਹੌਲੀ ਗਤੀ ਨਾਲ ਅਤੇ ਕੰਮ ਲਟਕਣ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਲੋਕਲ ਬਾਡੀਜ਼ ਦੇ ਸੈਕਰੇਟਰੀ ਨੇ ਵਰਚੁਅਲ ਮੀਟਿੰਗ ਰਾਹੀਂ ਜਲੰਧਰ ਸਮਾਰਟ ਸਿਟੀ ਦੇ ਕੰਮਾਂ ਨੂੰ ਸ਼ੁਰੂ ਕੀਤਾ। ਇਸ ਦੌਰਾਨ ਚੌਕਾਂ ਦੇ ਸੁੰਦਰੀਕਰਨ ਬਾਰੇ ਪ੍ਰਾਜੈਕਟ ’ਤੇ ਵੀ ਨਾਖੁਸ਼ੀ ਪ੍ਰਗਟ ਕੀਤੀ ਗਈ ਅਤੇ ਨਿਰਦੇਸ਼ ਦਿੱਤੇ ਗਏ ਕਿ ਇਸ ਮਾਮਲੇ ’ਚ ਠੇਕੇਦਾਰ ’ਤੇ ਕਾਰਵਾਈ ਕੀਤੀ ਜਾਵੇ। ਕੰਟਰੋਲ ਐਂਡ ਕਮਾਂਡ ਸੈਂਟਰ ਦੇ ਕੰਮ ਨੂੰ ਵੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ।

ਇਨ੍ਹਾਂ ਚੌਕਾਂ ਦਾ ਹੋਣਾ ਸੀ ਸੁੰਦਰੀਕਰਨ
ਐੱਚ. ਐੱਮ. ਵੀ. ਚੌਕ, ਬੀ. ਐੱਮ. ਸੀ. ਚੌਕ, ਡਾ. ਅੰਬੇਡਕਰ ਚੌਕ, ਗੁਰੂ ਅਮਰਦਾਸ ਚੌਕ, ਕਪੂਰਥਲਾ ਚੌਕ, ਭਗਵਾਨ ਵਾਲਮੀਕਿ ਚੌਕ, ਗੁਰੂ ਰਵਿਦਾਸ ਚੌਕ, ਦੋਆਬਾ ਚੌਕ
, ਸ਼੍ਰੀ ਰਾਮ ਚੌਕ, 120 ਫੁੱਟ ਰੋਡ ਅਤੇ ਕਪੂਰਥਲਾ ਰੋਡ ਇੰਟਰਸੈਕਸ਼ਨ, ਮਾਡਲ ਟਾਊਨ ਟਰੈਫਿਕ ਲਾਈਟਸ ਇੰਟਰਸੈਕਸ਼ਨ

ਕਿਤੇ ਸਾਲ-ਦੋ ਸਾਲ ਬਾਅਦ ਫਿਰ ਤੋੜਨੇ ਨਾ ਪੈ ਜਾਣ ਚੌਕ
ਸਮਾਰਟ ਸਿਟੀ ਤਹਿਤ ਜਿਨ੍ਹਾਂ ਚੌਕਾਂ ਦੇ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ, ਉਥੇ ਆਸ-ਪਾਸ ਫੁੱਟਪਾਥ ਅਤੇ ਹੋਰ ਡਿਵਾਈਡਰ ਆਦਿ ਵੀ ਤੋੜ ਕੇ ਨਾ ਸਿਰਫ਼ ਉਨ੍ਹਾਂ ਨੂੰ ਵੱਡਾ ਕਰ ਦਿੱਤਾ ਗਿਆ ਹੈ, ਸਗੋਂ ਸੜਕਾਂ ਨੂੰ ਤੰਗ ਅਤੇ ਛੋਟਾ ਵੀ ਕਰ ਦਿੱਤਾ ਗਿਆ ਹੈ। ਇਸ ਡਿਜ਼ਾਈਨ ’ਤੇ ਸ਼ਹਿਰ ਦੇ ਵਿਧਾਇਕਾਂ ਅਤੇ ਕੌਂਸਲਰਾਂ ਤੱਕ ਨੇ ਵੀ ਇਤਰਾਜ਼ ਜਤਾਏ ਪਰ ਸਮਾਰਟ ਸਿਟੀ ਕੰਪਨੀ ਨੇ ਇਨ੍ਹਾਂ ਇਤਰਾਜ਼ਾਂ ’ਤੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਣ ਆਉਣ ਵਾਲੇ ਸਮੇਂ ਇਨ੍ਹਾਂ ਚੌਕਾਂ ’ਤੇ ਟਰੈਫਿਕ ਸਮੱਸਿਆ ਵਧਣ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ। ਕਈ ਕਾਂਗਰਸੀ ਨੇਤਾ ਤਾਂ ਇਹ ਵੀ ਕਹਿੰਦੇ ਸੁਣੇ ਗਏ ਕਿ ਆਉਣ ਵਾਲੇ ਸਾਲ-ਦੋ ਸਾਲ ਵਿਚ ਕਿਤੇ ਇਨ੍ਹਾਂ ਚੌਕਾਂ ਨੂੰ ਦੁਬਾਰਾ ਤੋੜ ਕੇ ਛੋਟਾ ਕਰਨ ਦੀ ਨੌਬਤ ਹੀ ਨਾ ਆ ਜਾਵੇ।

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri