ਫੈਸਟੀਵਲ ਸੀਜ਼ਨ ਦੌਰਾਨ ਐਕਸ਼ਨ 'ਚ ਜਲੰਧਰ ਪੁਲਸ ਕਮਿਸ਼ਨਰ, ਅਧਿਕਾਰੀਆਂ ਨੂੰ ਦਿੱਤੇ ਇਹ ਵਿਸ਼ੇਸ਼ ਹੁਕਮ

10/23/2021 3:39:56 PM

ਜਲੰਧਰ (ਸੁਧੀਰ)– ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਚੋਰਾਂ-ਲੁਟੇਰਿਆਂ ਤੇ ਮੁਜਰਿਮਾਂ ਦੀ ਨਕੇਲ ਕੱਸਣ ਲਈ ਸ਼ਹਿਰ ਦੇ ਨਵ-ਨਿਯੁਕਤ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਪੂਰਨ ਰੂਪ ਵਿਚ ਕਮਰ ਕੱਸ ਲਈ ਹੈ। ਤੇਜ਼ਤਰਾਰ ਮੰਨੇ ਜਾਂਦੇ ਆਈ. ਪੀ. ਐੱਸ. ਅਧਿਕਾਰੀ ਨੌਨਿਹਾਲ ਸਿੰਘ ਨੇ ਚਾਰਜ ਸੰਭਾਲਣ ਅਤੇ ਸ਼ਹਿਰ ਬਾਰੇ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੂੰ ਆਪਣੇ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਸਾਫ਼ ਕਿਹਾ ਕਿ ਮੇਰਾ ਕੰਮ ਕਰਨ ਦਾ ਢੰਗ ਬਿਲਕੁਲ ਵੱਖ ਹੈ। ਜਾਂ ਤਾਂ ਖ਼ੁਦ ਬਦਲ ਜਾਓ, ਜਾਂ ਫਿਰ ਆਪਣੇ ਕੰਮ ਕਰਨ ਦੇ ਢੰਗ ਨੂੰ ਬਦਲ ਲਓ।

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਭੀੜ-ਭਡ਼ੱਕੇ ਵਾਲੇ ਬਾਜ਼ਾਰਾਂ ਵਿਚ ਸਾਦੇ ਕੱਪੜਿਆਂ ਵਿਚ ਪੁਲਸ ਮੁਲਾਜ਼ਮਾਂ ਅਤੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਵਿਸ਼ੇਸ਼ ਰੂਪ ਵਿਚ ਤਾਇਨਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ ਲਾਅ ਐਂਡ ਆਰਡਰ ਨੂੰ ਮੇਨ-ਟੇਨ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਾਰੇ ਅਧਿਕਾਰੀਆਂ ਨੂੰ ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸ਼ੱਕੀ ਲੋਕਾਂ ਦੀ ਨਕੇਲ ਕੱਸਣ ਲਈ ਸ਼ਹਿਰ ਵਿਚ ਕਈ ਥਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ: ਜੇਲ੍ਹਾਂ ’ਚੋਂ ਆਪਣਾ ਨੈੱਟਵਰਕ ਚਲਾ ਰਹੇ ਪੰਜਾਬ ਦੇ ਗੈਂਗਸਟਰ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ

ਸੀ. ਪੀ. ਨੇ ਇਸ ਦੇ ਨਾਲ ਹੀ ਦੱਸਿਆ ਕਿ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਰਾਤ ਨੂੰ ਵਿਸ਼ੇਸ਼ ਨਾਕਾਬੰਦੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਸਾਰੇ ਵਾਹਨਾਂ ਦੀ ਰਾਤ ਨੂੰ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਚੈਕਿੰਗ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਸ਼ਹਿਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਜੁਰਮ ਅਤੇ ਨਸ਼ਾ-ਮੁਕਤ ਬਣਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ। ਜਲਦ ਨਸ਼ਾ ਤੇ ਸ਼ਰਾਬ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਮਿਸ਼ਨਰੇਟ ਪੁਲਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਨਸ਼ਾ ਸਮੱਗਲਰਾਂ ’ਤੇ ਦਰਜ ਮਾਮਲਿਆਂ ਵਿਚ ਉਨ੍ਹਾਂ ਦੀ ਪ੍ਰਾਪਰਟੀ ਜਲਦ ਜ਼ਬਤ ਕਰਨ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਲੋਕਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਜਲਦ ਇਨਸਾਫ ਦਿਵਾਉਣਾ ਵੀ ਉਨ੍ਹਾਂ ਦੀ ਪਹਿਲ ਹੋਵੇਗੀ।

ਉਨ੍ਹਾਂ ਦੱਸਿਆ ਕਿ ਸਾਰੇ ਅਧਿਕਾਰੀਆਂ ਤੇ ਥਾਣਾ ਇੰਚਾਰਜਾਂ ਨੂੰ ਸਾਫ਼ ਨਿਰਦੇਸ਼ ਦਿੱਤੇ ਗਏ ਹਨ ਕਿ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਨੂੰ ਲੈ ਕੇ ਥਾਣਿਆਂ ਦੇ ਚੱਕਰ ਨਾ ਕੱਟਣੇ ਪੈਣ। ਲੋਕਾਂ ਦੀ ਸੇਵਾ ਲਈ ਕਮਿਸ਼ਨਰੇਟ ਪੁਲਸ 24 ਘੰਟੇ ਹਾਜ਼ਰ ਹੈ। ਲੋਕ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਕਿਸੇ ਵੀ ਸਮੇਂ ਆ ਕੇ ਉਨ੍ਹਾਂ ਨੂੰ ਮਿਲ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੈਂਡਿੰਗ ਮਾਮਲਿਆਂ ਦਾ ਵੀ ਜਲਦ ਨਿਪਟਾਰਾ ਕਰਵਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਪੈਂਡਿੰਗ ਮਾਮਲਿਆਂ ਵਿਚ ਲੋੜੀਂਦੇ ਮੁਜਰਿਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਕਮਿਸ਼ਨਰੇਟ ਪੁਲਸ ਜਲਦ ਪੈਂਡਿੰਗ ਮਾਮਲਿਆਂ ਵਿਚ ਲੋੜੀਂਦੇ ਮੁਜਰਿਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਦੀਆਂ ਸੀਖਾਂ ਪਿੱਛੇ ਪਹੁੰਚਾਏਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਜੁਰਮ ਨੂੰ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ੱਕੀ ਵਿਅਕਤੀਆਂ, ਨਸ਼ਾ ਤੇ ਸ਼ਰਾਬ ਸਮੱਗਲਰਾਂ ਅਤੇ ਮੁਜਰਿਮਾਂ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ, ਜਿਸ ਦੇ ਆਧਾਰ ’ਤੇ ਪੁਲਸ ਮੁਜਰਿਮਾਂ ’ਤੇ ਤੁਰੰਤ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ: ਕੈਪਟਨ ਨੇ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਤਸਵੀਰ ਕੀਤੀ ਸ਼ੇਅਰ, ਰੰਧਾਵਾ ਲਈ ਲਿਖੀ ਇਹ ਗੱਲ

ਪੀ. ਸੀ. ਆਰ. ਦਸਤਾ ਕੀਤਾ ਐਕਟਿਵ, ਬਾਜ਼ਾਰਾਂ ’ਚ ਹੋਵੇਗੀ ਵਿਸ਼ੇਸ਼ ਪੈਟਰੋਲਿੰਗ
ਨਵ-ਨਿਯੁਕਤ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਸ਼ੱਕੀਆਂ ਦੀ ਨਕੇਲ ਕੱਸਣ ਲਈ ਪੀ. ਸੀ. ਆਰ. ਦਸਤੇ ਨੂੰ ਐਕਟਿਵ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੀ. ਸੀ. ਆਰ. ਦਸਤੇ ਨੂੰ ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਕਈ ਹਿੱਸਿਆਂ ਵਿਚ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਆਪਣੇ ਵਾਕੀ-ਟਾਕੀ ਸੈੱਟ ਅਤੇ ਉਨ੍ਹਾਂ ਦੀਆਂ ਬੈਟਰੀਆਂ ਬਿਲਕੁਲ ਠੀਕ ਰੱਖਣ ਅਤੇ ਕੰਟਰੋਲ ਰੂਮ ਤੋਂ ਮੈਸੇਜ ਆਉਣ ’ਤੇ ਤੁਰੰਤ ਘਟਨਾ ਸਥਾਨ ’ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪੀ. ਸੀ. ਆਰ. ਦੀਆਂ ਜ਼ੂਲੋ ਗੱਡੀਆਂ ਨੂੰ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿਚ ਨਾਕਾਬੰਦੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਰਵਾਚੌਥ ਅਤੇ ਹੋਰ ਤਿਉਹਾਰਾਂ ਕਾਰਨ ਖਰੀਦਦਾਰੀ ਕਰਨ ਲਈ ਬਾਜ਼ਾਰਾਂ ਵਿਚ ਔਰਤਾਂ ਦੀ ਭੀੜ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਕਈ ਸਨੈਚਰ ਤੇ ਚੋਰ-ਲੁਟੇਰੇ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਵੂਮੈਨ ਹੈਲਪਲਾਈਨ ਦੀਆਂ ਮੁਲਾਜ਼ਮਾਂ ਨੂੰ ਵੀ ਵਿਸ਼ੇਸ਼ ਰੂਪ ਵਿਚ ਬਾਜ਼ਾਰਾਂ ਵਿਚ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਾਫ਼ ਚਿਤਾਵਨੀ ਦਿੱਤੀ ਕਿ ਜੇਕਰ ਡਿਊਟੀ ਵਿਚ ਕੋਈ ਲਾਪ੍ਰਵਾਹੀ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਜਲੰਧਰ-ਪਠਾਨਕੋਟ ਹਾਈਵੇਅ ’ਤੇ ਬਣਨਗੇ 4 ਨਵੇਂ ਬਾਈਪਾਸ

ਕਮਿਸ਼ਨਰ ਦਫ਼ਤਰ ਦੀ ਨੁਹਾਰ ਬਦਲ ਦਿੱਤੀ, ਲੋਕਾਂ ਦੇ ਬੈਠਣ ਲਈ ਬਣਵਾਇਆ ਵੇਟਿੰਗ ਰੂਮ
ਪੁਲਸ ਕਮਿਸ਼ਨਰ ਦਾ ਚਾਰਜ ਸੰਭਾਲਣ ਦੇ ਕੁਝ ਦਿਨਾਂ ਅੰਦਰ ਹੀ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਮਿਸ਼ਨਰ ਦਫ਼ਤਰ ਦੀ ਨੁਹਾਰ ਹੀ ਬਦਲ ਦਿੱਤੀ ਹੈ। ਕਮਿਸ਼ਨਰ ਦਫਤਰ ਵਿਚ ਸ਼ਿਕਾਇਤ ਦੇਣ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਨਵੀਆਂ ਕੁਰਸੀਆਂ ਦੇ ਇੰਤਜ਼ਾਮ ਕਰਵਾਉਣ ਦੇ ਨਾਲ-ਨਾਲ ਉਥੇ ਨਵੀਆਂ ਲਾਈਟਾਂ ਅਤੇ ਦਫਤਰ ਨੂੰ ਨਵੀਂ ਰੂਪ-ਰੇਖਾ ਦੇਣ ਲਈ ਨਵਾਂ ਪੇਂਟ ਵੀ ਕਰਵਾਇਆ ਗਿਆ। ਇਸ ਦੇ ਨਾਲ ਹੀ ਲੋਕਾਂ ਦੇ ਬੈਠਣ ਲਈ ਕਮਿਸ਼ਨਰ ਦਫਤਰ ਵਿਚ ਨਵਾਂ ਵੇਟਿੰਗ ਰੂਮ ਵੀ ਬਣਵਾਇਆ ਗਿਆ ਤਾਂ ਕਿ ਉਥੇ ਆਉਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਨਾਈਟ ਡੋਮੀਨੇਸ਼ਨ ਨੂੰ ਕੀਤਾ ਹੋਰ ਮਜ਼ਬੂਤ, ਸਾਰੇ ਅਧਿਕਾਰੀ ਰਹਿਣਗੇ ਫੀਲਡ ’ਚ
ਫੈਸਟੀਵਲ ਸੀਜ਼ਨ ਦੇ ਮੱਦੇਨਜ਼ਰ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਨਾਈਟ ਡੋਮੀਨੇਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਕਮਿਸ਼ਨਰ ਦਫਤਰ ਦੇ ਸਾਰੇ ਅਧਿਕਾਰੀ ਆਪਣੀ-ਆਪਣੀ ਡਿਊਟੀ ਵਾਈਜ਼ ਰਾਤ ਨੂੰ ਸ਼ਹਿਰ ਦੀਆਂ ਸੜਕਾਂ ’ਤੇ ਸੁਰੱਖਿਆ ਪ੍ਰਬੰਧਾਂ ਅਤੇ ਨਾਕਿਆਂ ਦਾ ਜਾਇਜ਼ਾ ਲੈਣਗੇ। ਇਸ ਦੇ ਨਾਲ ਹੀ ਰਾਤ ਨੂੰ ਬਿਨਾਂ ਵਜ੍ਹਾ ਘੁੰਮਣ ਵਾਲੇ ਲੋਕਾਂ ਕੋਲੋਂ ਵੀ ਕਮਿਸ਼ਨਰੇਟ ਪੁਲਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 'ਆਪ' ਦਾ ਮੁਕਾਬਲਾ ਕਰਨ ਲਈ CM ਚੰਨੀ ਖ਼ੁਦ ਨੂੰ ਆਮ ਆਦਮੀ ਦੇ ਰੂਪ ’ਚ ਪ੍ਰਦਰਸ਼ਿਤ ਕਰਨ ’ਚ ਜੁਟੇ

ਮਨੀ ਚੇਂਜਰਾਂ, ਬੈਂਕਾਂ, ਜਿਊਲਰਸ ਤੇ ਫਾਇਨਾਂਸ ਕੰਪਨੀਆਂ ਦੇ ਬਾਹਰ ਨਾਈਟ ਵਿਜ਼ਨ ਕੈਮਰੇ ਲੁਆਉਣ ਦੇ ਨਿਰਦੇਸ਼
ਸੀ. ਪੀ. ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਨੂੰ ਜੁਰਮ ਮੁਕਤ ਬਣਾਉਣ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਥਾਣਾ ਇੰਚਾਰਜਾਂ ਅਤੇ ਪੀ. ਸੀ. ਆਰ. ਮੁਲਾਜ਼ਮਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿਚ ਪੈਂਦੇ ਮਨੀ ਚੇਂਜਰਾਂ, ਫਾਇਨਾਂਸ ਕੰਪਨੀਆਂ, ਬੈਂਕਾਂ ਅਤੇ ਜਿਊਲਰਸ ਦੇ ਬਾਹਰ ਨਜ਼ਰ ਰੱਖਣ ਦੇ ਨਾਲ-ਨਾਲ ਉਨ੍ਹਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਨਾਈਟ ਵਿਜ਼ਨ ਕੈਮਰੇ ਲੁਆਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਵੇਖਿਆ ਜਾਂਦਾ ਹੈ ਕਿ ਤਕਰੀਬਨ ਹਰੇਕ ਫਾਇਨਾਂਸ ਕੰਪਨੀ, ਬੈਂਕ ਅਤੇ ਜਿਊਲਰਸ ਵਿਚ ਸੀ. ਸੀ. ਟੀ. ਵੀ. ਕੈਮਰੇ ਤਾਂ ਲੱਗੇ ਹੁੰਦੇ ਹਨ। ਲੋੜ ਪੈਣ ’ਤੇ ਜੇਕਰ ਪੁਲਸ ਫੁਟੇਜ ਦੀ ਜਾਂਚ ਕਰਦੀ ਹੈ ਤਾਂ ਨਾਈਟ ਵਿਜ਼ਨ ਕੈਮਰਿਆਂ ਦੀ ਕੁਆਲਿਟੀ ਬਿਲਕੁਲ ਪੂਅਰ ਆਉਂਦੀ ਹੈ, ਜਿਸ ਕਾਰਨ ਪੁਲਸ ਨੂੰ ਬਾਅਦ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ ਨੂੰ ਲੈ ਕੇ ਬੈਂਕ, ਫਾਇਨਾਂਸ ਕੰਪਨੀਆਂ ਅਤੇ ਮਨੀ ਚੇਂਜਰਾਂ ਦੇ ਅਧਿਕਾਰੀਆਂ ਨਾਲ ਜਲਦ ਮੀਟਿੰਗ ਕਰਕੇ ਉਨ੍ਹਾਂ ਨੂੰ ਨਾਈਟ ਵਿਜ਼ਨ ਕੈਮਰੇ ਠੀਕ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਜਾਣਗੇ ਅਤੇ ਫੈਸਟੀਵਲ ਸੀਜ਼ਨ ਵਿਚ ਸ਼ਹਿਰ ਵਿਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੀ. ਸੀ. ਆਰ. ਦਸਤੇ ਨੂੰ ਵੀ ਐਕਟਿਵ ਕੀਤਾ ਜਾ ਰਿਹਾ ਹੈ। ਵੂਮੈਨ ਹੈਲਪਲਾਈਨ ਦੀਆਂ ਔਰਤਾਂ ਨੂੰ ਵੀ ਬਾਜ਼ਾਰਾਂ ਵਿਚ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ: ਸਾਵਧਾਨ! ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਨਾਂ 'ਤੇ ਇਹ ਸ਼ਖ਼ਸ ਲੋਕਾਂ ਨਾਲ ਇੰਝ ਮਾਰ ਰਿਹੈ ਠੱਗੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri