ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

04/11/2021 11:41:35 AM

ਜਲੰਧਰ (ਸੋਨੂੰ, ਸ਼ੋਰੀ)— ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਰਾਤ ਦਾ ਕਰਫ਼ਿਊ ਲਗਾ ਦਿੱਤਾ ਗਿਆ ਹੈ, ਤਾਂਕਿ ਲੋਕ ਘਰੋਂ ਬਾਹਰ ਨਾ ਨਿਕਲਣ। ਨਾਈਟ ਕਰਫ਼ਿਊ ਲੱਗਣ ਦੇ ਬਾਵਜੂਦ ਲੋਕ ਨਾਈਟ ਕਰਫ਼ਿਊ ਦੀ ਉਲੰਘਣਾ ਕਰਦੇ ਵੇਖੇ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ’ਚ ਵੀ ਵੇਖਣ ਨੂੰ ਮਿਲਿਆ, ਜਿੱਥੇ ਥਾਣਾ ਨੰਬਰ ਇਕ ਦੇ ਐੱਸ. ਐੱਚ. ਓ. ਨੂੰ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਣਾ ਮਹਿੰਗਾ ਪੈ ਗਿਆ ਅਤੇ ਉਨ੍ਹਾਂ ਨੇ ਉਸ ਥਾਣੇਦਾਰ ਦੀ ਕੁੱਟਮਾਰ ਕਰਕੇ ਵਰਦੀ ਤੱਕ ਪਾੜ ਦਿੱਤੀ। 

ਇਹ ਵੀ ਪੜ੍ਹੋ : ਜਲੰਧਰ: ਵਿਆਹ ਦੀ ਵਰ੍ਹੇਗੰਢ ਤੋਂ ਅਗਲੇ ਹੀ ਦਿਨ ਘਰ ’ਚ ਵਿਛੇ ਸੱਥਰ, ਵਿਆਹੁਤਾ ਨੇ ਹੱਥੀਂ ਤਬਾਹ ਕਰ ਲਈਆਂ ਖ਼ੁਸ਼ੀਆਂ

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਥਾਣਾ ਭਾਰਗਵ ਕੈਂਪ ਦੇ ਥਾਣਾ ਮੁਥੀ ਭਗਵਾਨ ਸਿੰਘ ਭੁੱਲਰ ਮਾਡਲ ਹਾਊਸ ਦੇ ਮਾਤਾ ਰਾਣੀ ਚੌਂਕ ’ਚ ਦੇਰ ਰਾਤ ਨਾਕਾ ਲਗਾ ਕੇ ਬੈਠੇ ਸਨ ਕਿ ਚਾਰ ਤੋਂ ਪੰਜ ਵਿਅਕਤੀ ਦੋ ਕਾਰਾਂ ’ਚ ਸਵਾਰ ਹੋ ਕੇ ਉਥੇ ਪਹੁੰਚੇ ਅਤੇ ਉਥੇ ਖੜ੍ਹੇ ਹੋ ਗਏ। ਜਦੋਂ ਉਨ੍ਹਾਂ ਨੇ ਕਰਫ਼ਿਊ ਦੀ ਉਲੰਘਣਾ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੌਜਵਾਨਾਂ ਨੇ ਥਾਣਾ ਮੁਖੀ ਦੇ ਮੂੰਹ ’ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਬਾਅਦ ਐੱਸ. ਐੱਚ. ਓ. ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। 

ਇਹ ਵੀ ਪੜ੍ਹੋ : ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਭਗਵੰਤ ਭੁੱਲਰ ਨੇ ਦੱਸਿਆ ਕਿ ਬੀਤੀ ਰਾਤ ਲਗਭਗ 1.45 ਵਜੇ ਮਾਡਲ ਹਾਊਸ ਕਾਲੜਾ ਆਈਸਕ੍ਰੀਮ ਨੇੜੇ 3 ਨੌਜਵਾਨ ਖੜ੍ਹੇ ਸਨ। ਨਾਈਟ ਕਰਫਿਊ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਉਥੇ ਖੜ੍ਹੇ ਹੋਣ ਬਾਰੇ ਪੁੱਛਿਆ ਤਾਂ ਉਹ ਝਗੜਾ ਕਰਨ ਲੱਗੇ ਅਤੇ ਨਾਲ ਹੀ ਕਹਿਣ ਲੱਗੇ ਕਿ ਉਨ੍ਹਾਂ ਨੂੰ ਸੜਕ ’ਤੇ ਖੜ੍ਹੇ ਹੋਣ ਤੋਂ ਕੋਈ ਨਹੀਂ ਰੋਕ ਸਕਦਾ।

ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਜੇ ਉਹ ਆਪਣੇ ਘਰਾਂ ਨੂੰ ਨਾ ਗਏ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਜਿਸ ’ਤੇ ਇਕ ਨੌਜਵਾਨ ਨੇ ਕਿਹਾ ਕਿ ਪੁਲਸ ਵਾਲਿਆਂ ਨੂੰ ਜਾਣ ਨਹੀਂ ਦੇਣਾ। ਇਹ ਸਾਰਿਆਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਇਸੇ ਦੌਰਾਨ ਇਕ ਹੋਰ ਨੌਜਵਾਨ ਮੌਕੇ ’ਤੇ ਆ ਗਿਆ ਅਤੇ ਬੋਲਿਆ ਮਨਪ੍ਰੀਤ, ਕਮਲ, ਹਰਮਨ ਅੱਜ ਪੁਲਸ ਵਾਲੇ ਬਚਣੇ ਨਹੀਂ ਚਾਹੀਦੇ।
ਉਨ੍ਹਾਂ ਦੱਸਿਆ ਕਿ ਹਮਲਾਵਰ ਆਪਣੇ ਸਾਥੀ ਚਾਚਾ ਅਵਤਾਰ ਦੇ ਘਰੋਂ ਤਲਵਾਰ ਲੈ ਕੇ ਆਏ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਨੱਕ ਦੀ ਹੱਡੀ ਟੁੱਟ ਗਈ। ਉਥੇ ਹੀ ਸਰਕਾਰੀ ਗੱਡੀ ਦੇ ਡਰਾਈਵਰ ਜਗਰੂਪ ਸਿੰਘ ਦੀ ਵਰਦੀ ਨੂੰ ਵੀ ਹਮਲਾਵਰਾਂ ਨੇ ਪਾੜ ਦਿੱਤੀ ਅਤੇ ਗੰਨਮੈਨ ਲਵਪ੍ਰੀਤ ਕੋਲੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਗਸ਼ਤ ਕਰ ਰਹੀ ਜ਼ੂਲੋ ਗੱਡੀ ਦੇ ਜਵਾਨ ਮੌਕੇ ’ਤੇ ਪਹੁੰਚੇ ਅਤੇ ਕਾਫ਼ੀ ਮੁਸ਼ਕਿਲ ਨਾਲ ਦੋਵੇਂ ਹਮਲਾਵਰਾਂ ਨੂੰ ਕਾਬੂ ਕੀਤਾ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਰਵਿੰਦਰ ਪਾਲ ਸਿੰਘ ਵਾਸੀ 11 ਡੀ. ਮਾਡਲ ਹਾਊਸ ਅਤੇ ਕਮਲਪ੍ਰੀਤ ਸਿੰਘ ਪੁੱਤਰ ਯਸ਼ਪਾਲ ਸਿੰਘ ਵਾਸੀ 25 ਬੀ ਮਾਡਲ ਹਾਊਸ ਵਜੋਂ ਹੋਈ ਹੈ। ਫਰਾਰ ਮੁਲਜ਼ਮ ਦੀ ਪਛਾਣ ਹਰਮਨਦੀਪ ਸਿੰਘ ਅਤੇ ਅਵਤਾਰ ਸਿੰਘ ਵਾਸੀ ਮਾਡਲ ਹਾਊਸ ਵਜੋਂ ਹੋਈ ਹੈ, ਜਿਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ।

ਡੀ. ਐੱਸ. ਪੀ. ਜਗਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਖਿਲਾਫ ਧਾਰਾ 332 (ਸਰਕਾਰੀ ਮੁਲਾਜ਼ਮ ’ਤੇ ਹਮਲਾ ਕਰਨਾ), 333 (ਸਰਕਾਰੀ ਕਰਮਚਾਰੀ ਨੂੰ ਨੁਕਸਾਨ ਪਹੁੰਚਾਉਣਾ), 186, 353, 188, 32 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਫਰਾਰ 2 ਮੁਲਜ਼ਮਾਂ ਦੀ ਭਾਲ ਵਿਚ ਪੁਲਸ ਦੀਆ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਨਾ ਲਾਉਣ ਨਾਲ ਕਰਮਚਾਰੀਆਂ ਵਿਚ ਰੋਸ
ਐੱਸ. ਐੱਚ. ਓ. ਭਗਵੰਤ ਭੁੱਲਰ ’ਤੇ ਹੋਏ ਹਮਲੇ ਵਿਚ ਸੀਨੀਅਰ ਅਧਿਕਾਰੀਆਂ ਵੱਲੋਂ ਧਾਰਾ 307 (ਹੱਤਿਆ ਦੀ ਕੋਸ਼ਿਸ਼) ਨਾ ਲਾਉਣ ਕਾਰਨ ਮਹਾਨਗਰ ਦੇ ਪੁਲਸ ਕਰਮਚਾਰੀਆਂ ਵਿਚ ਰੋਸ ਹੈ। ਸੋਸ਼ਲ ਮੀਡੀਆ ਵਿਚ ਕਈ ਲੋਕਾਂ ਨੇ ਪੋਸਟਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਐੱਸ. ਐੱਚ. ਓ. ਭਗਵੰਤ ਭੁੱਲਰ ਦੇ ਨਾਲ ਹਨ ਅਤੇ ਹਮਲਾਵਰਾਂ ਖ਼ਿਲਾਫ਼ ਧਾਰਾ 307 ਦਾ ਕੇਸ ਦਰਜ ਕਰਨ ਦੀ ਉਨ੍ਹਾਂ ਮੰਗ ਕੀਤੀ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਵਿਚ ਕੁਝ ਕੱਦਾਵਰ ਕਾਂਗਰਸੀ ਆਗੂ ਪੈ ਚੁੱਕੇ ਹਨ ਇਸੇ ਕਾਰਨ ਹਮਲਾਵਰਾਂ ’ਤੇ ਧਾਰਾ 307 ਨਹੀਂ ਲੱਗੀ ਹਾਲਾਂਕਿ ਸੀਨੀਅਰ ਪੁਲਸ ਅਧਿਕਾਰੀ ਇਹ ਧਾਰਾ ਲਾਉਣ ਲੱਗੇ ਸਨ ਜਿਸ ਤੋਂ ਬਾਅਦ ਦਬਾਅ ਵਿਚ ਉਕਤ ਫੈਸਲਾ ਬਦਲਣਾ ਪਿਆ।

ਨਾਮ ਨਾ ਛਾਪਣ ਦੀ ਸ਼ਰਤ ’ਤੇ ਕੁਝ ਥਾਣਿਆਂ ਵਿਚ ਤਾਇਨਾਤ ਪੁਲਸ ਦੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਐੱਸ. ਐੱਚ. ਓ. ਭਗਵੰਤ ਭੁੱਲਰ ਨੂੰ ਇੰਨਾ ਕੁੱਟਿਆ ਗਿਆ ਕਿ ਉਨ੍ਹਾਂ ਦੇ ਨੱਕ ਦੀ ਹੱਡੀ ਟੁੱਟ ਗਈ। ਇਸ ਗੱਲ ਦੀ ਵੀ ਸੀਨੀਅਰ ਅਧਿਕਾਰੀਆਂ ਨੂੰ ਸ਼ਰਮ ਨਹੀਂ ਆਈ ਅਤੇ ਉਨ੍ਹਾਂ ਭੁੱਲਰ ਦੀ ਮਦਦ ਤੱਕ ਨਹੀਂ ਕੀਤੀ।

ਕਹਾਣੀ ਤਾਂ ਕੁਝ ਹੋਰ ਹੀ ਨਿਕਲੀ
ਸੂਤਰਾਂ ਤੋਂ ਪਤਾ ਲਗਾ ਹੈ ਕਿ ਅਸਲ ਕਹਾਣੀ ਮਾਡਲ ਹਾਊਸ ਦੀ ਇਕ ਕੋਠੀ ਵਿਚ ਚੱਲ ਰਹੀ ਪਾਰਟੀ ਦੀ ਸੀ ਅਤੇ ਉਸ ਪਾਰਟੀ ਵਿਚ ਸੀਨੀਅਰ ਕਾਂਗਰਸੀ ਆਗੂ ਜਿਹੜਾ ਕਿ ਮਾਡਲ ਹਾਊਸ ਇਲਾਕੇ ਤੋਂ ਆਪਣੇ ਪਰਿਵਾਰ ਸਮੇਤ ਮੌਜੂਦ ਸੀ। ਪਾਰਟੀ ਵਿਚ ਗਾਣੇ ਉੱਚੀ ਆਵਾਜ਼ ਵਿਚ ਲੱਗੇ ਹੋਏ ਸਨ ਅਤੇ ਕਿਸੇ ਨੇ ਪੁਲਸ ਕੰਟਰੋਲ ਰੂਮ ਵਿਚ ਇਸ ਦੀ ਸ਼ਿਕਾਇਤ ਕੀਤੀ ਸੀ।
ਐੱਸ. ਐੱਚ. ਓ. ਭੁੱਲਰ ਪਾਰਟੀ ਦੇ ਨਾਲ ਨਾਲ ਗਾਣੇ ਬੰਦ ਕਰਵਾਉਣ ਉਥੇ ਪਹੁੰਚਿਆ ਤਾਂ ਕੁਝ ਨੌਜਵਾਨਾਂ ਨੇ ਉਨ੍ਹਾਂ ਨਾਲ ਝਗੜਾ ਕੀਤਾ ਅਤੇ ਬਾਅਦ ਵਿਚ ਹਮਲਾ ਕਰ ਦਿੱਤਾ। ਹਾਲਾਂਕਿ ਇਕ ਹਮਲਾਵਰ ਨੌਜਵਾਨ ਮਰਚੈਂਟ ਨੇਵੀ ਵਿਚ ਤਾਇਨਾਤ ਹੈ ਪਰ ਪੁਲਸ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਹ ਪ੍ਰਾਈਵੇਟ ਕੰਪਨੀ ਵਿਚ ਜਾਬ ਕਰਦਾ ਹੈ, ਜੋ ਨੇਵੀ ਦੇ ਸ਼ਿਪ ਚਲਾਉਂਦੀ ਹੈ ਅਤੇ ਸਾਲ 2018 ਦੇ ਬਾਅਦ ਉਹ ਡਿਊਟੀ ’ਤੇ ਨਹੀਂ ਗਿਆ।

ਕਾਂਗਰਸ ਸਰਕਾਰ ਵਿਚ ਇਹੀ ਹੁੰਦਾ ਹੈ ਹਾਲ : ਐੱਚ. ਐੱਸ. ਵਾਲੀਆ
ਸੀਨੀਅਰ ਅਕਾਲੀ ਆਗੂ ਐੱਚ. ਐੱਸ. ਵਾਲੀਆ ਨੇ ਇਸ ਮਾਮਲੇ ਵਿਚ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ਲੋਕਾਂ ਨੂੰ ਗੁੰਮਰਾਹ ਕਰ ਕੇ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਲਾਅ ਐਂਡ ਆਰਡਰ ਖ਼ਤਮ ਹੋ ਚੁੱਕਾ ਹੈ। ਕਾਂਗਰਸੀ ਆਗੂ ਆਮ ਲੋਕਾਂ ਨਾਲ ਧੱਕਾ ਤਾਂ ਕਰਦੇ ਹਨ ਪਰ ਹੁਣ ਥਾਣਿਆਂ ਦੇ ਐੱਸ. ਐੱਚ. ਓਜ਼ ’ਤੇ ਹਮਲੇ ਵੀ ਹੋਣ ਲੱਗੇ ਹਨ ਜੋ ਕਿ ਨਿੰਦਣਯੋਗ ਹੈ। ਵਾਲੀਆ ਨੇ ਕਿਹਾ ਕਿ ਚੋਣਾਂ ਵਿਚ ਜਨਤਾ ਕਾਂਗਰਸ ਨੂੰ ਮੂੰਹ ਤੋੜ ਜਵਾਬ ਦੇਵੇਗੀ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri