ਮੋਦੀ ਸਰਕਾਰ ਨੂੰ ਵੀ ਬੇਵਕੂਫ ਬਣਾ ਗਿਆ ਜਲੰਧਰ ਨਗਰ ਨਿਗਮ!

10/22/2017 5:13:54 AM

ਜਲੰਧਰ, (ਖੁਰਾਣਾ)- ਭਾਵੇਂ ਇਨ੍ਹੀਂ ਦਿਨੀਂ ਮੋਦੀ ਸਰਕਾਰ ਨੂੰ ਜੀ. ਐੱਸ. ਟੀ. ਤੇ ਨੋਟਬੰਦੀ ਕਾਰਨ ਕਾਰੋਬਾਰੀ ਜਗਤ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਪਰ ਫਿਰ ਵੀ ਸਰਕਾਰ ਨੂੰ ਵੱਡੇ ਪ੍ਰਸ਼ਾਸਨਿਕ ਸੁਧਾਰ ਲਈ ਜਾਣਿਆ ਜਾਂਦਾ ਹੈ। ਪਿਛਲੇ 3 ਸਾਲਾਂ ਦੌਰਾਨ ਮੋਦੀ ਸਰਕਾਰ ਨੇ ਕਈ ਵਿਭਾਗਾਂ ਦੀ ਕਾਰਜਪ੍ਰਣਾਲੀ ਸੁਧਾਰਨ ਦੇ ਯਤਨਾਂ ਤਹਿਤ ਕਈ ਪ੍ਰਾਜੈਕਟ ਲਾਗੂ ਕੀਤੇ ਪਰ ਅਜੇ ਵੀ ਜ਼ਿਆਦਾਤਰ ਸਰਕਾਰੀ ਵਿਭਾਗ ਪੁਰਾਣੀ ਚਾਲੇ ਹੀ ਚੱਲ ਰਹੇ ਹਨ।  ਜਲੰਧਰ ਨਗਰ ਨਿਗਮ ਦੀ ਗੱਲ ਕਰੀਏ ਤਾਂ ਇਸ 'ਤੇ ਮੋਦੀ ਸਰਕਾਰ ਦਾ ਜ਼ਰਾ ਵੀ ਅਸਰ ਨਹੀਂ ਦਿਸ ਰਿਹਾ, ਉਲਟਾ ਇਸ ਨੇ ਪਿਛਲੇ ਦਿਨੀਂ ਮੋਦੀ ਸਰਕਾਰ ਨੂੰ ਬੇਵਕੂਫ ਬਣਾਉਣ ਲਈ ਇਕ ਖੇਡ ਖੇਡੀ, ਜਿਸ ਤਹਿਤ ਸਿਰਫ ਫੋਟੋ ਖਿਚਵਾਉਣ ਲਈ ਕੁਝ ਘੰਟਿਆਂ ਲਈ ਇਕ ਡੰਪ ਦੀ ਸਫਾਈ ਕੀਤੀ ਗਈ।
ਜ਼ਿਕਰਯੋਗ ਹੈ ਕਿ ਕਪੂਰਥਲਾ ਰੋਡ ਨਹਿਰ ਦੀ ਪੁਲੀ ਤੋਂ ਜੋ ਸੜਕ ਮਾ. ਗੁਰਬੰਤਾ ਸਿੰਘ ਰੋਡ ਵੱਲੋਂ ਨਿਕਲਦੀ ਹੈ, ਉਥੇ ਨਹਿਰ ਦੇ ਕਿਨਾਰੇ ਨਗਰ ਨਿਗਮ ਨੇ ਕੂੜੇ ਦਾ ਵੱਡਾ ਡੰਪ ਬਣਾਇਆ ਹੋਇਆ ਹੈ। ਕਰੀਬ 50 ਮੀਟਰ ਦੇ ਏਰੀਏ 'ਚ ਪੈਂਦੇ ਇਸ ਡੰਪ ਦਾ ਜ਼ਿਆਦਾਤਰ ਕੂੜਾ ਨਹਿਰ ਵਿਚ ਡਿੱਗਦਾ ਰਹਿੰਦਾ ਹੈ, ਜਿਸ ਬਾਰੇ ਨਹਿਰੀ ਵਿਭਾਗ ਕਈ ਵਾਰ ਨਿਗਮ ਨੂੰ ਚਿੱਠੀ ਲਿਖ ਚੁੱਕਾ ਹੈ ਪਰ ਨਿਗਮ 'ਤੇ ਕੋਈ ਅਸਰ ਨਹੀਂ ਹੋਇਆ।
ਸਵੱਛ ਭਾਰਤ ਮੁਹਿੰਮ ਦੀ ਤੀਜੀ ਵਰ੍ਹੇਗੰਢ ਮੌਕੇ ਮੋਦੀ ਸਰਕਾਰ ਨੇ 15 ਸਤੰਬਰ ਤੋਂ 2 ਅਕਤੂਬਰ ਤੱਕ ਦੇਸ਼ ਪੱਧਰੀ ਸਵੱਛਤਾ ਪੰਦਰਵਾੜਾ ਆਯੋਜਿਤ ਕੀਤਾ, ਜਿਸ ਤਹਿਤ ਦੇਸ਼ ਭਰ ਦੇ ਸ਼ਹਿਰਾਂ ਵਿਚ ਨਿਗਮਾਂ ਨੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ। ਇਸ ਸਬੰਧੀ ਮੋਦੀ ਸਰਕਾਰ ਨੇ ਨਿਰਦੇਸ਼ ਭੇਜੇ ਸਨ ਕਿ ਹਰ ਨਗਰ ਨਿਗਮ ਜਨਤਾ ਤੇ ਸਮਾਜ ਸੇਵੀ ਸੰਸਥਾਵਾਂ ਦੀ ਹਿੱਸੇਦਾਰੀ ਲਈ ਸਾਫ-ਸਫਾਈ ਲਈ ਵਿਸ਼ੇਸ਼ ਪ੍ਰਾਜੈਕਟ ਚਲਾਏ। ਡੰਪ ਸਥਾਨਾਂ ਦੇ ਨਾਲ-ਨਾਲ ਸ਼ਹਿਰ ਦੇ ਅਹਿਮ ਖੇਤਰਾਂ, ਬਿਲਡਿੰਗਾਂ, ਹਸਪਤਾਲਾਂ ਆਦਿ ਦੀ ਵਿਸ਼ੇਸ਼ ਸਫਾਈ ਕੀਤੀ ਜਾਵੇ ਤੇ ਹਰ ਕੰਮ ਦੀ ਰਿਪੋਰਟ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਪੋਰਟਲ 'ਤੇ ਅਪਲੋਡ ਕੀਤੀ ਜਾਵੇ। ਕੇਂਦਰ ਸਰਕਾਰ ਦੇ ਨਿਰਦੇਸ਼ਾਂ ਵਿਚ ਸਾਫ ਲਿਖਿਆ ਸੀ ਕਿ ਜਿਸ ਜਗ੍ਹਾ 'ਤੇ ਸਵੱਛਤਾ ਮੁਹਿੰਮ ਚਲਾਈ ਜਾਣੀ ਹੈ, ਉਸ ਜਗ੍ਹਾ ਦੀ ਸਫਾਈ ਤੋਂ ਪਹਿਲਾਂ ਤੇ ਸਫਾਈ ਕਰਨ ਤੋਂ ਬਾਅਦ ਦੀਆਂ ਫੋਟੋਆਂ ਉਸ ਪੋਰਟਲ 'ਤੇ ਅਪਲੋਡ ਕੀਤੀਆਂ ਜਾਣ।
ਇਨ੍ਹਾਂ ਨਿਰਦੇਸ਼ਾਂ ਦੀ ਤਾਮੀਲ ਲਈ ਨਗਰ ਨਿਗਮ ਨੇ ਨਹਿਰ ਦੇ ਕਿਨਾਰੇ ਬਣੇ ਡੰਪ ਦੀ ਉਸ ਸਮੇਂ ਫੋਟੋ ਖਿੱਚੀ ਜਦੋਂ ਡੰਪ ਪੂਰੀ ਤਰ੍ਹਾਂ ਕੂੜੇ ਨਾਲ ਭਰਿਆ ਹੋਇਆ ਸੀ ਤੇ ਫਿਰ ਡੰਪ ਦੀ ਪੂਰੀ ਤਰ੍ਹਾਂ ਸਫਾਈ ਕਰ ਕੇ ਉਸੇ ਜਗ੍ਹਾ ਦੀਆਂ ਦੁਬਾਰਾ ਫੋਟੋਆਂ ਖਿੱਚੀਆਂ ਤੇ ਇਨ੍ਹਾਂ ਸਾਰੀਆਂ ਫੋਟੋਆਂ ਨੂੰ ਮੋਦੀ ਸਰਕਾਰ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ। ਖਾਸ ਗੱਲ ਇਹ ਰਹੀ ਕਿ ਜਿਸ ਥਾਂ ਦੀ ਸਫਾਈ ਦੀਆਂ ਤਸਵੀਰਾਂ ਮੋਦੀ ਸਰਕਾਰ ਨੂੰ ਭੇਜੀਆਂ ਗਈਆਂ, ਉਥੇ ਸਫਾਈ ਕੁਝ ਘੰਟੇ ਹੀ ਕਾਇਮ ਰਹੀ ਤੇ ਅੱਜ ਵੀ ਉਸ ਡੰਪ ਵਿਚ ਕੂੜਾ ਨੱਕੋ-ਨੱਕ ਭਰਿਆ ਰਹਿੰਦਾ ਹੈ।
ਹੁਣ ਸਵਾਲ ਇਹ ਹੈ ਕਿ ਜੇਕਰ ਇਸੇ ਤਰ੍ਹਾਂ ਕੁਝ ਘੰਟਿਆਂ ਲਈ ਸਵੱਛ ਭਾਰਤ ਮੁਹਿੰਮ ਚਲਾਉਣੀ ਹੈ ਤਾਂ ਸ਼ਹਿਰ ਤੇ ਦੇਸ਼ ਦੀ ਸਫਾਈ ਕਿਵੇਂ ਹੋਵੇਗੀ? ਹੋਣਾ ਤਾਂ ਚਾਹੀਦਾ ਸੀ ਕਿ ਸਵੱਛਤਾ ਪੰਦਰਵਾੜੇ ਦੇ ਤਹਿਤ ਨਿਗਮ ਸ਼ਹਿਰ ਦੀ ਦਸ਼ਾ ਨੂੰ ਕੁਝ ਸੁਧਾਰਦਾ ਪਰ ਸਿਰਫ ਰਸਮਾਂ ਨਿਭਾ ਕੇ ਖਾਨਾਪੂਰਤੀ ਕਰਨ ਦਾ ਕੀ ਫਾਇਦਾ।