ਜਲੰਧਰ ’ਚ ਅੱਧੀ ਸਰਕਾਰ 'ਆਪ' ਦੀ ਤੇ ਅੱਧੀ ਕਾਂਗਰਸ ਦੀ, ਕਹਿਣਾ ਮੰਨਣ ਲਈ ਦੁਵਿਧਾ ’ਚ ਨਿਗਮ ਦੇ ਅਧਿਕਾਰੀ

03/27/2022 12:24:58 PM

ਜਲੰਧਰ (ਖੁਰਾਣਾ)– ਪੰਜਾਬ 'ਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਅਣਕਿਆਸੀ ਜਿੱਤ ਤਾਂ ਪ੍ਰਾਪਤ ਕਰ ਲਈ ਹੈ ਪਰ ਜਲੰਧਰ ਦੀ ਗੱਲ ਕਰੀਏ ਤਾਂ ਅਜੇ ਇਥੇ ਅੱਧੀ ਸਰਕਾਰ ਆਮ ਆਦਮੀ ਪਾਰਟੀ ਦੀ ਅਤੇ ਅੱਧੀ ਕਾਂਗਰਸ ਦੀ ਹੈ ਕਿਉਂਕਿ ਚਾਰੋਂ ਸ਼ਹਿਰੀ ਸੀਟਾਂ ਵਿਚੋਂ 2 ਕਾਂਗਰਸੀ ਵਿਧਾਇਕ ਵੀ ਜਿੱਤੇ ਹਨ। ਅਜਿਹੇ ਵਿਚ ਜਲੰਧਰ ਨਗਰ ਨਿਗਮ, ਜਲੰਧਰ ਸਮਾਰਟ ਸਿਟੀ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਇਸ ਦੁਵਿਧਾ ਵਿਚ ਹਨ ਕਿ ਸਿਆਸੀ ਅਗਵਾਈ ਦੇ ਤੌਰ ’ਤੇ ਕਿਸ ਪਾਰਟੀ ਦਾ ਕਹਿਣਾ ਮੰਨਣ।

ਫਿਲਹਾਲ ਤਾਂ ਇਹ ਸਿਸਟਮ ਚੱਲਿਆ ਆ ਰਿਹਾ ਹੈ ਕਿ ਹਰ ਵਿਧਾਇਕ ਆਪਣੇ ਇਲਾਕੇ ਵਿਚ ਹੀ ਦਖ਼ਲਅੰਦਾਜ਼ੀ ਕਰਦਾ ਹੈ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਉਸ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ 2 ਜਿੱਤੇ ਵਿਧਾਇਕਾਂ ਨੂੰ ਬਾਕੀ ਦੋਵਾਂ ਵਿਧਾਨ ਸਭਾ ਹਲਕਿਆਂ ਵਿਚ ਵੀ ਆਪਣਾ ਦਬਦਬਾ ਵਿਖਾਉਣਾ ਹੋਵੇਗਾ। ਹੁਣ ਇਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ’ਤੇ ਵੀ ਨਿਰਭਰ ਕਰਦਾ ਹੈ ਕਿ ਉਹ ਉਨ੍ਹਾਂ ਵਿਧਾਨ ਸਭਾ ਹਲਕਿਆਂ ’ਚ ਕਿਸ ਨੂੰ ਜ਼ਿੰਮੇਵਾਰੀ ਸੌਂਪਦੇ ਹਨ, ਜਿਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਰੇ ਹਨ। ਜਲੰਧਰ ਉੱਤਰੀ ਵਿਚ ਦਿਨੇਸ਼ ਢੱਲ ਦੇ ਮੁਕਾਬਲੇ ਬਾਵਾ ਹੈਨਰੀ ਅਤੇ ਜਲੰਧਰ ਕੈਂਟ ’ਚ ਸੋਢੀ ਦੇ ਮੁਕਾਬਲੇ ਪਰਗਟ ਸਿੰਘ ਜੇਤੂ ਰਹੇ ਪਰ ਆਮ ਆਦਮੀ ਪਾਰਟੀ ਦੇ ਸ਼ਾਸਨ ਵਿਚ ਦਿਨੇਸ਼ ਢੱਲ ਅਤੇ ਸੋਢੀ ਦਾ ਕਿੰਨਾ ਦਬਦਬਾ ਰਹੇਗਾ, ਇਹ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ। ਜੇਕਰ ਨਗਰ ਨਿਗਮ ਵਰਗੇ ਸਰਕਾਰੀ ਵਿਭਾਗ ਅਜੇ ਵੀ ਬਾਵਾ ਹੈਨਰੀ ਅਤੇ ਪਰਗਟ ਸਿੰਘ ਦੀਆਂ ਗੱਲਾਂ ਮੰਨਦੇ ਹਨ ਤਾਂ ‘ਆਪ’ ਲੀਡਰਸ਼ਿਪ ਦਾ ਕੀ ਸਟੈਂਡ ਹੋਵੇਗਾ, ਇਸ ’ਤੇ ਵੀ ਭਵਿੱਖ ਦੀ ਸਿਆਸਤ ਨਿਰਭਰ ਕਰਦੀ ਹੈ।

ਇਹ ਵੀ ਪੜ੍ਹੋ: ਭਗਵੰਤ ਮਾਨ ਦੀ ਕਾਂਗਰਸ ਨੂੰ ਦੋ-ਟੁੱਕ, ਦਿੱਲੀ ’ਚ ਵਿਧਾਇਕ ਨੂੰ ਤਨਖ਼ਾਹ 12,000, ਭੱਤੇ ਮਿਲਾ ਕੇ 54,000 ਮਿਲਦੈ

ਨਾਜਾਇਜ਼ ਬਿਲਡਿੰਗਾਂ ਲਈ ‘ਆਪ’ ਆਗੂਆਂ ਦੇ ਫੋਨ ਆਉਣੇ ਸ਼ੁਰੂ
ਭਾਵੇਂ ਆਮ ਆਦਮੀ ਪਾਰਟੀ ਸਰਕਾਰੀ ਦਫ਼ਤਰਾਂ ਵਿਚ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਸਾਫ-ਸੁਥਰਾ ਸਿਸਟਮ ਦੇਣ ਦੇ ਵਾਅਦੇ ਜ਼ੋਰ-ਸ਼ੋਰ ਨਾਲ ਕਰੀ ਜਾ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਆਗੂ ਵੀ ਅਧਿਕਾਰੀਆਂ ’ਤੇ ਇਹ ਦਬਾਅ ਬਣਾਉਣ ਲੱਗ ਗਏ ਹਨ ਕਿ ਉਨ੍ਹਾਂ ਦੀਆਂ ਉਚਿਤ-ਅਣਉਚਿਤ ਗੱਲਾਂ ਮੰਨੀਆਂ ਜਾਣ। ਜਲੰਧਰ ਨਿਗਮ ਦੇ ਕੁਝ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਨਾਜਾਇਜ਼ ਬਿਲਡਿੰਗਾਂ ਨੂੰ ਲੈ ਕੇ ਸ਼ਹਿਰ ਦੇ ‘ਆਪ’ ਆਗੂਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਅਜਿਹੇ ਕੁਝ ਮਾਮਲੇ ਮਖਦੂਮਪੁਰਾ ਦੇ ਟੈਂਟ ਹਾਊਸ ਦੀ ਬਿਲਡਿੰਗ, ਪੀਰ ਬੋਦਲਾਂ ਬਾਜ਼ਾਰ ਦੇ ਨਾਜਾਇਜ਼ ਨਿਰਮਾਣ ਅਤੇ ਬਬਰੀਕ ਚੌਂਕ ਤੋਂ ਅੱਡਾ ਬਸਤੀ ਸ਼ੇਖ ਵੱਲ ਜਾਣ ਵਾਲੀ ਸੜਕ ਕੰਢੇ ਬਣ ਰਹੀ ਨਾਜਾਇਜ਼ ਬਿਲਡਿੰਗ ਨਾਲ ਸਬੰਧਤ ਹਨ, ਜਿਥੇ ਨਿਗਮ ਅਧਿਕਾਰੀ ‘ਆਪ’ ਆਗੂਆਂ ਦੇ ਦਬਾਅ ਵਿਚ ਹਨ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਦੇ ਆਗੂ ਸ਼ਹਿਰ ਵਿਚ ਨਾਜਾਇਜ਼ ਨਿਰਮਾਣਾਂ, ਨਾਜਾਇਜ਼ ਕਾਲੋਨੀਆਂ ਅਤੇ ਹੋਰ ਨਾਜਾਇਜ਼ ਕੰਮਾਂ ਨੂੰ ਸਰਪ੍ਰਸਤੀ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਸਖ਼ਤੀ ਨਾਲ ਬੰਦ ਕਰਵਾਉਂਦੇ ਹਨ।

ਇਹ ਵੀ ਪੜ੍ਹੋ: ਅਸ਼ਵਨੀ ਸ਼ਰਮਾ ਨੇ ‘ਆਪ’ ’ਤੇ ਕੱਸੇ ਤੰਜ, ਕਿਹਾ-ਗਾਰੰਟੀਆਂ ਤੋਂ ਭੱਜਣ ਲਈ ਲੱਭ ਰਹੇ ਨੇ ਰਸਤੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri