ਜਲੰਧਰ-ਹੁਸ਼ਿਆਰਪੁਰ ਫੋਰ ਲੇਨ ਪ੍ਰਾਜੈਕਟ ਪੰਜਾਬ ਸਰਕਾਰ ਦੀ ਲਾਪ੍ਰਵਾਹੀ ਕਾਰਨ ਲਟਕਿਆ : ਸੋਮ ਪ੍ਰਕਾਸ਼

07/26/2022 5:31:30 PM

ਹੁਸ਼ਿਆਰਪੁਰ (ਜੈਨ) : ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਜਲੰਧਰ-ਹੁਸ਼ਿਆਰਪੁਰ ਫੋਰ ਲੇਨ ਪ੍ਰਾਜੈਕਟ ਪੰਜਾਬ ਸਰਕਾਰ ਦੀ ਲਾਪ੍ਰਵਾਹੀ ਕਾਰਨ ਹੀ ਲਟਕਿਆ ਹੈ। ਅੱਜ ਇਥੇ ਲੋਕ ਨਿਰਮਾਣ ਵਿਭਾਗ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਲੰਧਰ-ਹੁਸ਼ਿਆਰਪੁਰ ਐੱਨ. ਐੱਚ.-70, ਜਿਸ ਦੀ ਕੁਲ ਲੰਬਾਈ 39.12 ਕਿਲੋਮੀਟਰ ਹੈ, ਦਾ 13.80 ਕਿਲੋਮੀਟਰ ਏਰੀਆ ਜ਼ਿਲ੍ਹਾ ਜਲੰਧਰ ’ਚ ਪੈਂਦਾ ਹੈ, ਜਦਕਿ 25.32 ਕਿਲੋਮੀਟਰ ਏਰੀਆ ਜ਼ਿਲ੍ਹਾ ਹੁਸ਼ਿਆਰਪੁਰ ’ਚ ਪੈਂਦਾ ਹੈ। ਇਹ ਪ੍ਰਾਜੈਕਟ 29 ਫਰਵਰੀ 2016 ਨੂੰ ਮਨਜ਼ੂਰ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਚੁੱਕਿਆ ਵੱਡਾ ਕਦਮ, ਇੰਸਪੈਕਟਰ ਸਣੇ 3 ਪੁਲਸ ਮੁਲਾਜ਼ਮ ਕੀਤੇ ਮੁਅੱਤਲ

ਇਸ ’ਤੇ ਕੁਲ 1069.59 ਕਰੋੜ ਰੁਪਏ ਲਾਗਤ ਆਉਣੀ ਹੈ। ਇਸ ’ਚੋਂ 402.01 ਕਰੋੜ ਸਿਵਲ ਵਰਕ ’ਤੇ ਖਰਚ ਹੋਣੇ ਹਨ ਤੇ ਬਾਕੀ ਬਚਦੀ ਰਕਮ ਜ਼ਮੀਨ ਐਕਵਾਇਰ ਕਰਨ ਲਈ ਅਦਾ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੂਰੀ ਰਕਮ ਦੀ ਅਦਾਇਗੀ ਪੰਜਾਬ ਸਰਕਾਰ ਨੂੰ ਕੀਤੀ ਜਾ ਚੁੱਕੀ ਹੈ ਪਰ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਲਾਪ੍ਰਵਾਹੀ ਕਾਰਨ ਇਹ ਪ੍ਰਾਜੈਕਟ ਲਟਕ ਗਿਆ ਹੈ। ਸੋਮ ਪ੍ਰਕਾਸ਼ ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਨਾਲ ਕਈ ਵਾਰ ਗੱਲ ਕਰ ਚੁੱਕੇ ਹਨ ਪਰ ਅਜੇ ਤਕ ਸਿਰਫ 42 ਫੀਸਦੀ ਕੰਮ ਹੀ ਪੂਰਾ ਹੋ ਸਕਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, 31 ਜੁਲਾਈ ਨੂੰ ਕਰੇਗਾ ਟਰੇਨਾਂ ਦਾ ਚੱਕਾ ਜਾਮ

ਕਿਆਸ ਲਾਏ ਜਾ ਰਹੇ ਹਨ ਕਿ ਸਰਕਾਰ ਵੱਲੋਂ ਹਿਸ ਪ੍ਰਾਜੈਕਟ ਦੀ ਰਕਮ ਕਿਤੇ ਹੋਰ ਖਰਚ ਕੀਤੀ ਜਾ ਚੁੱਕੀ ਹੈ। ਇਕ ਸਵਾਲ ਦੇ ਜਵਾਬ ਵਿਚ ਸੋਮ ਪ੍ਰਕਾਸ਼ ਨੇ ਕਿਹਾ ਕਿ ਹੁਸ਼ਿਆਰਪੁਰ-ਫਗਵਾੜਾ ਤੇ ਹੁਸ਼ਿਆਰਪੁਰ-ੳੂਨਾ ਰੋਡ ਦੀ ਵੀ ਜਲਦ ਫੋਰ ਲੇਨਿੰਗ ਕੀਤੀ ਜਾ ਰਹੀ ਹੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ 60 ਫੀਸਦੀ ਹਿੱਸੇਦਾਰੀ ਤੋਂ ਹੁਸ਼ਿਆਰਪੁਰ ਵਿਚ 325 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਦੇ ਨਿਰਮਾਣ ’ਚ ਵੀ ਪੰਜਾਬ ਸਰਕਾਰ ਦੇਰੀ ਕਰ ਰਹੀ ਹੈ। ਕੇਂਦਰੀ ਰਾਜ ਮੰਤਰੀ ਨੇ ਅੱਗੇ ਦੱਸਿਆ ਕਿ ਮੁਕੇਰੀਆਂ-ਤਲਵਾੜਾ ਰੇਲ ਲਿੰਕ ਦਾ 411 ਕਰੋੜ ਦਾ ਟੈਂਡਰ ਅਲਾਟ ਹੋ ਚੁੱਕਾ ਹੈ ਤੇ ਕੰਮ ਜਲਦ ਸ਼ੁਰੂ ਹੋ ਜਾਵੇਗਾ। ਇਸ ਮੌਕੇ ’ਤੇ ਸਾਬਕਾ ਮੰਤਰੀ ਤੀਕਸ਼ਣ ਸੂਦ, ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ, ਉਪ ਪ੍ਰਧਾਨ ਸੁਰੇਸ਼ ਭਾਟੀਆ ਬਿੱਟੂ, ਜਨਰਲ ਸਕੱਤਰ ਵਿਨੋਦ ਪਰਮਾਰ ਤੇ ਮੋਨੂੰ ਸੇਠੀ, ਯਸ਼ਪਾਲ ਸ਼ਰਮਾ ਆਦਿ ਵੀ ਮੌਜੂਦ ਸਨ।

 

Manoj

This news is Content Editor Manoj