ਜਲੰਧਰ ''ਚ ਹੈਰੋਇਨ ਦੀ ਡਿਲਿਵਰੀ ਦੇਣ ਵਾਲਾ ਮਿਜ਼ੋਰਮ ਦਾ ਟੈਕਸੀ ਡਰਾਇਵਰ ਕਾਬੂ

01/10/2019 5:39:59 PM

ਜਲੰਧਰ (ਸੁਨੀਲ ਮਹਾਜਨ, ਕਮਲੇਸ਼)—ਸੀ.ਆਈ.ਏ. ਸਟਾਫ ਜਲੰਧਰ (ਦਿਹਾਤੀ) ਨੇ ਨਕੋਦਰ ਰੋਡ 'ਤੇ ਪੈਂਦੇ ਪਿੰਡ ਕੰਗ ਸਾਬੂ ਦੇ ਬੱਸ ਅੱਡੇ 'ਤੇ ਇਕ ਵਿਅਕਤੀ ਕੋਲੋਂ 3 ਕਿਲੋ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀ ਦੀ ਪਛਾਣ ਮਿਜ਼ੋਰਮ ਦੇ ਰਹਿਣ ਵਾਲੇ ਅਬਰਾਹਿਮ ਲਾਲਰਿੰਘੇਟਾ ਪੁੱਤਰ ਲਾਲਰਿਮਾਵਿਆ ਦੇ ਰੂਪ 'ਚ ਹੋਈ ਹੈ। ਅਬਰਾਹਿਮ ਟੈਕਸੀ ਡਰਾਇਵਰ ਹੈ ਅਤੇ ਉਹ ਇਕ ਮਹਿਲਾ ਦੇ ਕਹਿਣ 'ਤੇ ਜਲੰਧਰ 'ਚ ਹੈਰੋਇਨ ਦੀ ਡਿਲਿਵਰੀ ਦੇਣ ਆਇਆ ਸੀ।

ਬੈੱਗ ਦੀ ਤਲਾਸ਼ੀ ਦੌਰਾਨ ਬਰਾਮਦ ਹੋਈ ਹੈਰੋਇਨ
ਪ੍ਰੈੱਸ ਕਾਨਫਰੰਸ 'ਚ ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ-1 ਜਲੰਧਰ ਨੂੰ ਸੂਚਨਾ ਦੇ ਆਧਾਰ 'ਤੇ ਪੁਲਸ ਫੋਰਸ ਦੇ ਨਾਲ ਨਕੋਦਰ ਰੋਡ 'ਤੇ ਪੈਂਦੇ ਪਿੰਡ ਕੰਗ ਸਾਬੂ ਦੇ ਬੱਸ ਅੱਡੇ 'ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਉਸ ਸਮੇਂ ਇਕ ਵਿਅਕਤੀ ਬੱਸ 'ਚੋਂ ਉਤਰਿਆ ਜਿਸ ਦੇ ਮੋਢਿਆਂ 'ਤੇ ਕਿੱਟ ਬੈੱਗ ਸੀ। ਸ਼ੱਕ ਹੋਣ 'ਤੇ ਪੁਲਸ ਨੇ ਡੀ.ਐੱਸ.ਪੀ. ਸ਼ਾਹਕੋਟ ਪਰਮਿੰਦਰ ਸਿੰਘ ਦੇ ਸਾਹਮਣੇ ਜਦੋਂ ਉਸ ਦੇ ਬੈੱਗ ਦੀ ਤਲਾਸ਼ ਲਈ ਗਈ ਤਾਂ ਉਸ 'ਚੋਂ 3 ਕਿਲੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ।

ਜਲੰਧਰ 'ਚ ਆਇਆ ਸੀ ਡਿਲਿਵਰੀ ਦੇਣ
ਪੁਲਸ ਨੇ ਥਾਣਾ ਸਦਰ ਨਕੋਦਰ 'ਚ ਐੱਨ.ਡੀ.ਪੀ. ਐੱਸ.ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਅਬਰਾਹਿਮ ਨੇ ਜਾਂਚ 'ਚ ਦੱਸਿਆ ਕਿ ਉਹ ਆਈਜੋਲ, ਮਿਜ਼ੋਰਮ 'ਚ ਟੈਕਸੀ ਚਾਲਕ ਹੈ। ਉਸ ਨੇ ਦੱਸਿਆ ਕਿ ਉਹ ਦਿੱਲੀ ਤੋਂ ਹੈਰੋਇਨ ਲੈ ਕੇ ਉਕਤ ਜਗ੍ਹਾ 'ਤੇ ਡਿਲਿਵਰੀ ਦੇਣ ਆਇਆ ਸੀ। ਡਿਲਿਵਰੀ ਕਿਸ ਨੂੰ ਦੇਣੀ ਹੈ ਜਵਾਬ 'ਚ ਉਸ ਨੇ ਪੁਲਸ ਨੂੰ ਇਕ ਮੋਬਾਇਲ ਨੰਬਰ ਦਿੱਤਾ ਕਿ ਬੱਸ ਅੱਡੇ 'ਤੇ ਪਹੁੰਚ ਕੇ ਉਸ ਨੇ ਇਸ ਨੰਬਰ 'ਤੇ ਫੋਨ ਕਰਨਾ ਸੀ। ਜ਼ਿਕਰਯੋਗ ਹੈ ਕਿ ਸਾਲ ਦੀ ਸ਼ੁਰੂਆਤ 'ਚ ਹੀ ਪੁਲਸ ਨੇ ਹੁਣ ਤੱਕ 5 ਕਿਲੋ 155 ਗ੍ਰਾਮ ਹੈਰੋਇਨ ਫੜ੍ਹੀ ਹੈ।