ਜਲੰਧਰ 'ਚ ਕੋਰੋਨਾ ਦਾ ਕਹਿਰ, ਇਕ ਹੋਰ ਪਾਜ਼ੇਟਿਵ ਕੇਸ ਆਇਆ ਸਾਹਮਣੇ

04/24/2020 12:14:06 PM

ਜਲੰਧਰ (ਰੱਤਾ): ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਕਾਰਨ ਜਲੰਧਰ ਪੰਜਾਬ ਵਿਚ ਪਹਿਲੇ ਨੰਬਰ ’ਤੇ ਆ ਗਿਆ ਹੈ । ਸ਼ੁੱਕਰਵਾਰ ਨੂੰ ਸ਼ਹਿਰ ਵਿਚ ਇਕ ਨਵਾਂ ਕੇਸ ਮਿਲਣ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 63 ’ਤੇ ਪਹੁੰਚ ਗਈ ਹੈ ।ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਸਤੀ ਬਾਵਾ ਖੇਲ ਵਿਚ ਪੈਂਦੇ ਰਾਜ ਨਗਰ ਖੇਤਰ ਨਿਵਾਸੀ ਵਿਕਾਸ ਕੁਮਾਰ ਮਿਸ਼ਰਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ । ਵਿਭਾਗ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰ ਲਿਆ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਂਪਲ ਲੈ ਕੇ ਲੈਬ ਵਿਚ ਜਾਂਚ ਲਈ ਭੇਜੇ ਗਏ ਹਨ ।

ਹਾਟ ਸਪਾਟ ਏਰੀਆ 'ਚ ਤਿੰਨ ਪੱਧਰੀ ਸੁਰੱਖਿਆ: ਜ਼ਿਲਾ ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਜੋ ਹਾਟਸਪਾਟ ਅਤੇ ਕੰਟੇਨਮੈਂਟ ਜ਼ੋਨ ਹਨ, ਉਨ੍ਹਾਂ 'ਚ ਸੁਰੱਖਿਆ ਹੋਰ ਵੀ ਸਖਤ ਕਰ ਦਿੱਤੀ ਜਾਵੇਗੀ। ਇੱਥੇ ਨਿਗਰਾਨੀ ਲਈ ਤਿੰਨ ਪੱਧਰੀ ਸੁਰੱਖਿਆ ਤਾਇਨਾਤ ਹੈ। ਹੈਲਥ, ਪੁਲਸ ਅਤੇ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਲਗਾਈਆਂ ਗਈਆਂ ਹਨ। ਪ੍ਰਸ਼ਾਸਨ ਮੁਤਾਬਕ 16 ਹਾਟ ਸਪਾਟ ਅਤੇ ਕੰਟੇਨਮੈਂਟ ਜ਼ੋਨ 'ਚ ਢਿੱਲ ਨਹੀਂ ਦਿੱਤੀ ਜਾ ਸਕਦੀ। 1600 ਪੁਲਸ ਕਰਮਚਾਰੀਆਂ ਦੀ ਮਦਦ ਲਈ 1000 ਵਾਲੰਟੀਅਰਸ ਨੂੰ ਲਗਾਇਆ ਗਿਆ ਹੈ। ਇਨ੍ਹਾਂ ਨੂੰ ਪੁਲਸ ਕਰਮਚਾਰੀਆਂ ਅਤੇ ਆਮ ਜਨਤਾ ਤੋਂ ਵੱਖ-ਵੱਖ ਦਿਖਾਉਣ ਲਈ ਵਿਸ਼ੇਸ਼ ਟੀ-ਸ਼ਰਟ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਨੂੰ ਪੁਲਸ ਲਾਈਨ 'ਚ ਵਿਸ਼ੇਸ਼ ਟ੍ਰੇਨਿੰਗ ਦੇਣ ਤੋਂ ਬਾਅਦ ਪੁਲਸ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਲਗਾਇਆ ਜਾਵੇਗਾ, ਜੋ ਕਿ 24 ਘੰਟੇ ਡਿਊਟੀ ਨਿਭਾਅ ਰਹੇ ਹਨ।

Shyna

This news is Content Editor Shyna