ਜਲੰਧਰ: ਹੁਣ ਜੇਲ੍ਹ ’ਚੋਂ ਨਵੇਂ ਨਾਂ ਨਾਲ ਚਲਾਇਆ ਜਾ ਰਿਹੈ ਸਪਾ ਸੈਂਟਰ, ਖੇਡੀ ਜਾ ਰਹੀ ਫਿਰ ਪੁਰਾਣੀ ਗੰਦੀ ਖੇਡ!

08/20/2021 1:27:37 PM

ਜਲੰਧਰ (ਕਸ਼ਿਸ਼)–ਬੀਤੇ ਦਿਨੀਂ ਕਲਾਊਡ ਸਪਾ ਸੈਂਟਰ ਦੀ ਆੜ ਵਿਚ ਲੋਕਾਂ ਅੱਗੇ ਜਿਸਮ ਪਰੋਸਣ ਵਾਲੇ ਅਤੇ ਖ਼ੁਦ ਮਾਸੂਮ ਲੜਕੀਆਂ ਦੇ ਸਰੀਰ ਨਾਲ ਖੇਡਣ ਵਾਲੇ ਮੁੱਖ ਮਾਸਟਰ ਮਾਈਂਡ ਆਸ਼ੀਸ਼ ਬਹਿਲ ਨੇ ਹੁਣ ਜੇਲ੍ਹ ਵਿਚੋਂ ਆਪਣੇ ਗੰਦੇ ਕਾਰੋਬਾਰ ਦਾ ਸੰਚਾਲਨ ਆਪਣੇ ਪੁਰਾਣੇ ਡੈਕੋਰੇਟਰ ਦੋਸਤ, ਜਿਸ ਦੇ ਨਾਂ ਦਾ ਪਹਿਲਾ ਅੱਖਰ ‘ਗੌ’ ਹੈ, ਸਹਾਰੇ ਦੋਬਾਰਾ ਪਿਮਸ ਦੇ ਸਾਹਮਣੇ ਵਾਲੀ ਮਾਰਕੀਟ ਵਿਚ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਜਦੋਂ ਸ਼ਹਿਰ ਵਿਚ ਧੜੱਲੇ ਨਾਲ ਸਪਾ ਸੈਂਟਰ ਦੀ ਆੜ ਵਿਚ ਚਲਾਏ ਜਾ ਰਹੇ ਦੇਹ ਵਪਾਰ ਨੂੰ ਲੈ ਕੇ ‘ਪੰਜਾਬ ਕੇਸਰੀ’ ਅਤੇ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਖ਼ਬਰਾਂ ਛਾਪੀਆਂ ਗਈਆਂ ਤਾਂ ਕਮਿਸ਼ਨਰ ਪੁਲਸ ਨੇ ਮਾਮਲੇ ਦਾ ਖ਼ੁਲਾਸਾ ਕਰਦਿਆਂ ਇਕ ਔਰਤ, ਕਲਾਊਡ ਸਪਾ ਸੈਂਟਰ ਦੇ ਮੁੱਖ ਸੰਚਾਲਕ ਅਤੇ ਹੋਰ ਨੌਜਵਾਨਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਆਈ. ਪੀ. ਸੀ. ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਪਾ ਸੈਂਟਰ ਦੀ ਆੜ ਵਿਚ ਚੱਲ ਰਿਹਾ ਦੇਹ ਵਪਾਰ ਦਾ ਗੋਰਖਧੰਦਾ ਕੋਈ ਨਵਾਂ ਨਹੀਂ ਹੈ। ਇਸ ਨੂੰ ਪੰਜਾਬ ਪੁਲਸ ਦੇ ਕੁਝ ਸੀਨੀਅਰ ਅਧਿਕਾਰੀਆਂ ਦੀ ਕਥਿਤ ਸਰਪ੍ਰਸਤੀ ਹਾਸਲ ਸੀ ਕਿਉਂਕਿ ਇਸ ਦੀ ਕਮਾਈ ਵਿਚੋਂ ਕਾਫ਼ੀ ਹਿੱਸਾ ਉਨ੍ਹਾਂ ਕੋਲ ਬੰਦ ਲਿਫ਼ਾਫ਼ਿਆਂ ਵਿਚ ਸਪਾ ਸੈਂਟਰ ਸੰਚਾਲਕਾਂ ਦੇ ਕਰਿੰਦੇ ਹਫ਼ਤੇ ਦੇ ਨਿਰਧਾਰਿਤ ਵਿਸ਼ੇਸ਼ ਦਿਨ ਪਹੁੰਚਾ ਦਿੰਦੇ ਸਨ ਅਤੇ ਹੁਣ ਜਿਹੜਾ ਸੈਂਟਰ ਖੋਲ੍ਹਿਆ ਗਿਆ ਹੈ, ਉਸ ਨੂੰ ਵੀ ਲੈ ਕੇ ਵੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਵੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੀ ਸ਼ਹਿ ’ਤੇ ਹੀ ਖੋਲ੍ਹਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਜਿਹੜਾ ਸਪਾ ਸੈਂਟਰ ਹੁਣ ਖੋਲ੍ਹਿਆ ਗਿਆ ਹੈ, ਇਸ ਨੂੰ ਪਹਿਲਾਂ ਆਸ਼ੀਸ਼ ਬਹਿਲ ਦਾ ਅੰਮ੍ਰਿਤਸਰ ਵਾਲਾ ਦੋਸਤ ਹੀ ਚਲਾਉਂਦਾ ਸੀ ਪਰ ਕੋਰੋਨਾ ਕਾਰਨ ਕੰਮ ਠੱਪ ਪੈਣ ’ਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।
ਹੁਣ ਆਸ਼ੀਸ਼ ਬਹਿਲ ਨੇ ਆਪਣੇ ਅੰਮ੍ਰਿਤਸਰ ਵਾਲੇ ਦੋਸਤ ਨਾਲ ਜੇਲ ਵਿਚੋਂ ਹੀ ਸੰਪਰਕ ਕਰਕੇ ਪਿਮਸ ਦੇ ਸਾਹਮਣੇ ਵਾਲੀ ਮਾਰਕੀਟ ਵਿਚ ਸਥਿਤ ਸਪਾ ਸੈਂਟਰ ਨੂੰ ਆਪਣੇ ਡੈਕੋਰੇਟਰ ਦੋਸਤ ਨੂੰ ਅੱਗੇ ਕਰਕੇ ਖ਼ਰੀਦ ਲਿਆ ਹੈ ਅਤੇ ਇਸ ਵਿਚ ਫਿਰ ਤੋਂ ਗੰਦੇ ਧੰਦੇ ਦੀ ਖੇਡ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਬਿਧੀਪੁਰ ਫਾਟਕ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਔਰਤਾਂ ਸਮੇਤ 3 ਦੀ ਮੌਤ

ਪੁਰਾਣੇ ਸਾਥੀਆਂ ਨਾਲ ਅੱਜ ਵੀ ਫੋਨ ’ਤੇ ਹੋ ਰਹੇ ਸੰਪਰਕ
ਸੂਤਰ ਦੱਸਦੇ ਹਨ ਕਿ ਆਸ਼ੀਸ਼ ਜਦੋਂ ਜੇਲ ਵਿਚ ਪੁੱਜਾ ਤਾਂ ਉਥੇ ਪਹਿਲਾਂ ਤੋਂ ਹੀ ਬੰਦ ਇਕ ਗੈਂਗਸਟਰ ਨਾਲ ਉਸਦਾ ਸੰਪਰਕ ਜੇਲ ਵਿਚੋਂ ਬਾਹਰ ਬੈਠੇ ਉਸ ਦੇ ਸਾਥੀ ਨੇ ਕਰਵਾਇਆ ਅਤੇ ਉਕਤ ਗੈਂਗਸਟਰ ਨੇ ਹੀ ਆਸ਼ੀਸ਼ ਦੀ ਜੇਲ੍ਹ ਵਿਚ ਕਾਫ਼ੀ ਮਦਦ ਕੀਤੀ ਅਤੇ ਉਸ ਨੂੰ 2 ਮੋਬਾਇਲਾਂ ਦੇ ਨਾਲ-ਨਾਲ ਕੁਝ ਸਿਮ ਵੀ ਮੁਹੱਈਆ ਕਰਵਾਏ। ਇਨ੍ਹਾਂ ਸਿਮਾਂ ਦੀ ਵਰਤੋਂ ਕਰਕੇ ਉਹ ਆਪਣੇ ਜੇਲ੍ਹ ਵਿਚੋਂ ਬਾਹਰ ਬੈਠੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਲਗਾਤਾਰ ਸੰਪਰਕ ਵਿਚ ਹੈ।

ਜੇਲ੍ਹਾਂ ਦੀ ਸੁਰੱਖਿਆ ’ਤੇ ਲੱਗਾ ਸਵਾਲੀਆ ਚਿੰਨ੍ਹ
ਜੇਲ੍ਹ ਦੇ ਅੰਦਰ ਮੋਬਾਇਲਾਂ ਦੀ ਹੋ ਰਹੀ ਵਰਤੋਂ ਨਾਲ ਜੇਲ੍ਹ ਦੀ ਸੁਰੱਖਿਆ ’ਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਹੈ। ਇਸ ਨਾਲ ਜੇਲ੍ਹ ਪ੍ਰਸ਼ਾਸਨ ਵੀ ਸ਼ੱਕ ਦੇ ਘੇਰੇ ਵਿਚ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜੇਲ੍ਹ ਵਿਚ ਪਰਿੰਦਾ ਵੀ ਪਰ ਨਹੀਂ ਮਾਰਦਾ। ਆਸ਼ੀਸ਼ ਵੱਲੋਂ ਰੋਜ਼ਾਨਾ ਜੇਲ ਵਿਚੋਂ ਵੱਖ-ਵੱਖ ਨੰਬਰਾਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਕੀਤੀ ਜਾ ਰਹੀ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਜੇਲ੍ਹ ਵਿਚ ਆਸ਼ੀਸ਼ ਕੋਲ ਹੀ ਨਹੀਂ, ਸਗੋਂ ਅਜਿਹੇ ਕਈ ਲੋਕਾਂ ਕੋਲ ਮੋਬਾਇਲ ਫੋਨ ਹਨ ਅਤੇ ਉਹ ਜੇਲ ਦੇ ਅੰਦਰੋਂ ਹੀ ਆਪਣੇ-ਆਪਣੇ ਗੰਦੇ ਧੰਦੇ ਨੂੰ ਚਲਾ ਰਿਹਾ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਕਿਸਾਨਾਂ ਨੇ ਲਾਏ ਹਾਈਵੇਅ 'ਤੇ ਡੇਰੇ, ਜਲੰਧਰ ਟ੍ਰੈਫਿਕ ਪੁਲਸ ਨੇ ਡਾਇਵਰਟ ਕੀਤੇ ਰੂਟ

ਆਸ਼ੀਸ਼ ਦੀ ਕਰੋੜਾਂ ਦੀ ਕਾਲੀ ਕਮਾਈ ਦਾ ਧਿਆਨ ਰੱਖਦੀ ਹੈ ਖ਼ਾਸ ਮਹਿਲਾ ਦੋਸਤ
ਭਰੋਸੇਯੋਗ ਸੂਤਰ ਦੱਸਦੇ ਹਨ ਕਿ ਪਿਮਸ ਦੇ ਸਾਹਮਣੇ ਵਾਲੀ ਮਾਰਕੀਟ ਵਿਚ ਖੁੱਲ੍ਹੇ ਉਕਤ ਸਪਾ ਸੈਂਟਰ ਵਿਚ ਆਸ਼ੀਸ਼ ਦਾ ਪੁਰਾਣਾ ਸਟਾਫ਼ ਹੀ ਕੰਮ ਕਰ ਰਿਹਾ ਹੈ। ਇਥੋਂ ਤੱਕ ਕਿ ਉਸ ਦੀ ਮੈਨੇਜਰ ਉਹੀ ਔਰਤ ਹੈ, ਜਿਹੜੀ ਉਸ ਦੇ ਸਾਰੇ ਪੁਰਾਣੇ ਕੰਮ ਨੂੰ ਸੰਭਾਲਦੀ ਸੀ ਅਤੇ ਉਸ ਨੂੰ ਆਸ਼ੀਸ਼ ਦੀ ਖ਼ਜ਼ਾਨਚੀ ਵੀ ਦੱਸਿਆ ਜਾਂਦਾ ਹੈ। ਇਹ ਮਹਿਲਾ ਦੋਸਤ ਆਸ਼ੀਸ਼ ਦੀ ਇੰਨੀ ਖਾਸ ਹੈ ਕਿ ਕਮਾਈ ਕਰੋੜਾਂ ਦੀ ਕਾਲੀ ਕਮਾਈ ਵੀ ਆਸ਼ੀਸ਼ ਇਸ ਕੋਲ ਹੀ ਜਮ੍ਹਾ ਕਰਵਾਉਂਦਾ ਸੀ ਅਤੇ ਹੁਣ ਵੀ ਉਸਨੇ ਉਸੇ ’ਤੇ ਆਪਣਾ ਭਰੋਸਾ ਜ਼ਾਹਿਰ ਕੀਤਾ ਹੈ।

ਮਾਮਲੇ ਨੂੰ ਨਿਬੇੜਨ ਲਈ ਹੋਈ ਸੀ ਇਕ ਕਰੋੜ ਦੀ ਮੰਗ
ਸੂਤਰ ਦੱਸਦੇ ਹਨ ਕਿ ਆਸ਼ੀਸ਼ ਅਤੇ ਉਸਦੇ ਸਾਥੀਆਂ ਨੂੰ ਜੇਲ ਵਿਚੋਂ ਬਾਹਰ ਲਿਆਂਦੇ ਜਾਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਇਕ ਆਗੂ ਜਿਸਦੀ ਪੁਲਸ ਨਾਲ ਵੀ ਕਥਿਤ ਵਧੀਆ ਗੰਢ-ਸੰਢ ਹੈ, ਜਿਹੜਾ ਆਸ਼ੀਸ਼ ਅਤੇ ਉਸਦੇ ਦੋਸਤਾਂ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਹੈ ਅਤੇ ਉਸਦੀ ਪਰਿਵਾਰਕ ਮੈਂਬਰਾਂ ਨਾਲ ਗੱਲ ਕਈ ਦਿਨਾਂ ਤੋਂ ਹੋ ਰਹੀ ਹੈ। ਇਹ ਆਗੂ ਪਹਿਲਾਂ ਲਗਭਗ ਇਕ ਕਰੋੜ ਦੀ ਮੰਗ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਤੁਸੀਂ ਪੈਸਿਆਂ ਦਾ ਇੰਤਜ਼ਾਮ ਕਰੋ, ਮੈਂ ਜਬਰ-ਜ਼ਿਨਾਹ ਦਾ ਦੋਸ਼ ਲਾਉਣ ਵਾਲੀ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਨਾ ਲਵਾਂਗਾ ਅਤੇ ਪੁਲਸ ਕੋਲ ਮਾਮਲਾ ਖਤਮ ਕਰਵਾ ਦੇਵਾਂਗਾ। ਪਰ ਸੂਤਰ ਦੱਸਦੇ ਹਨ ਕਿ ਆਸ਼ੀਸ਼ ਅਤੇ ਜੇਲ੍ਹ ਵਿਚ ਬੰਦ ਉਸ ਦੇ ਸਾਥੀਆਂ ਨੇ ਜੇਲ੍ਹ ਵਿਚੋਂ ਹੀ ਆਪਣੇ ਉਨ੍ਹਾਂ ਸਾਥੀਆਂ ਨਾਲ ਸੰਪਰਕ ਕੀਤਾ, ਜਿਹੜੇ ਇਸ ਸਮੇਂ ਉਨ੍ਹਾਂ ’ਤੇ ਜਬਰ-ਜ਼ਿਨਾਹ ਦਾ ਦੋਸ਼ ਲਾਉਣ ਵਾਲੀ ਲੜਕੀ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਨੂੰ ਇਹ ਮਾਮਲਾ 40 ਲੱਖ ਦੇ ਨੇੜੇ-ਤੇੜੇ ਨਿਬੇੜਨ ਦੀ ਗੱਲ ਕਹੀ ਹੈ ਪਰ ਆਸ਼ੀਸ਼ ਦੇ ਜੇਲ੍ਹ ਤੋਂ ਬਾਹਰ ਵਾਲੇ ਦੋਸਤ ਵੀ ਇਸ ਆਗੂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਵਿਚ ਹਨ ਅਤੇ ਉਨ੍ਹਾਂ ਸਿੱਧਾ ਪੀੜਤ ਲੜਕੀ ਨਾਲ ਸੰਪਰਕ ਬਣਾਇਆ ਹੋਇਆ ਹੈ। ਉਹ ਇਹ ਮਾਮਲਾ 20 ਲੱਖ ਰੁਪਏ ਵਿਚ ਨਿਬੇੜਨ ਦੀ ਕੋਸ਼ਿਸ਼ ਵਿਚ ਹਨ।

ਇਹ ਵੀ ਪੜ੍ਹੋ: ਆਦਮਪੁਰ 'ਚ ਸ਼ਰਮਨਾਕ ਘਟਨਾ, ਦਿਵਿਆਂਗ ਨੌਜਵਾਨ ਵੱਲੋਂ 11 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਕੀ ਸੀ ਮਾਮਲਾ
ਜ਼ਿਕਰਯੋਗ ਹੈ ਕਿ ਸਪਾ ਸੈਂਟਰ ਵਿਚ ਇਕ ਨਾਬਾਲਗ ਲੜਕੀ ਨਾਲ 4 ਲੜਕਿਆਂ ਵੱਲੋਂ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ ਸੀ। ਨਾਬਾਲਗਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਵੱਲੋਂ ਲੁਧਿਆਣੇ ਦੀ ਰਹਿਣ ਵਾਲੀ ਜੋਤੀ ਨਾਂ ਦੀ ਔਰਤ ਨੂੰ ਮਨ੍ਹਾ ਕਰਨ ਦੇ ਬਾਵਜੂਦ ਉਸਨੇ ਉਸਨੂੰ (ਨਾਬਾਲਗਾ) ਨੂੰ ਜ਼ਬਰਦਸਤੀ ਨਸ਼ਾ ਕਰਵਾ ਦਿੱਤਾ ਸੀ। ਇਸ ਨਾਲ ਉਹ ਨਸ਼ੇ ਦੀ ਆਦੀ ਹੁੰਦੀ ਚਲੀ ਗਈ, ਜਿਸ ਤੋਂ ਬਾਅਦ ਉਹ ਲਗਾਤਾਰ 2 ਮਹੀਨੇ ਜੋਤੀ ਦੇ ਘਰ ਜਾ ਕੇ ਨਸ਼ਾ ਕਰਦੀ ਰਹੀ। 6 ਮਈ ਦੀ ਸ਼ਾਮ ਨੂੰ ਜੋਤੀ ਨੇ ਜਦੋਂ ਉਸਨੂੰ ਆਪਣੇ ਘਰ ਬੁਲਾ ਕੇ ਨਸ਼ਾ ਕਰਵਾਇਆ ਤਾਂ ਉਸ ਨੂੰ ਇਕ ਕਾਰ (ਪੀ. ਬੀ 10 ਐੱਫ. ਬੀ. 5102) ਸਮੇਤ ਡਰਾਈਵਰ ਅੰਕਲ ਕਲਾਊਡ ਸਪਾ ਮਾਡਲ ਟਾਊਨ ਵਿਚ ਲੈ ਗਏ।

ਉਥੇ ਜਾ ਕੇ ਜੋਤੀ ਕਹਿਣ ਲੱਗੀ ਕਿ ਉਸ ਨੇ ਕਿਸੇ ਨੂੰ ਮਿਲਣਾ ਹੈ। ਇਸ ਦੌਰਾਨ ਜਦੋਂ ਉਹ ਲਿਫਟ ਜ਼ਰੀਏ ਜੋਤੀ ਅੰਟੀ ਨਾਲ ਦੂਜੀ ਮੰਜ਼ਿਲ ’ਤੇ ਗਈ ਤਾਂ ਉਥੇ ਉਸ ਨੇ 4 ਲੜਕਿਆਂ ਨਾਲ ਮਿਲਵਾਇਆ, ਜਿਨ੍ਹਾਂ ਦੇ ਨਾਂ ਆਸ਼ੀਸ਼, ਸੋਹਿਤ, ਇੰਦਰ ਅਤੇ ਖਾਨ ਸਨ। ਜੋਤੀ ਨੇ ਸਪਾ ਦੇ ਬਾਥਰੂਮ ਵਿਚ ਉਸਨੂੰ ਇਕ ਵਾਰ ਫਿਰ ਨਸ਼ਾ ਕਰਵਾਇਆ ਅਤੇ ਉਸ ਨੂੰ ਸਪਾ ਰੂਮ ਵਿਚ ਲੈ ਗਈ, ਜਿੱਥੇ ਆਸ਼ੀਸ਼ ਨਾਂ ਦੇ ਨੌਜਵਾਨ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਤੋਂ ਬਾਅਦ ਸੋਹਿਤ, ਇੰਦਰ ਅਤੇ ਖਾਨ ਨੇ ਵਾਰੀ-ਵਾਰੀ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੁਲਸ ਨੇ ਇਸ ਮਾਮਲੇ ਵਿਚ ਉਕਤ ਔਰਤ ਸਮੇਤ 4 ਲੜਕਿਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376-ਡੀ-ਏ, 328, 120-ਬੀ ਅਤੇ 6 ਪੋਕਸੋ ਐਕਟ ਤਹਿਤ ਕੇਸ ਦਰਜ ਕਰ ਕੇ ਸ਼ਿਵ ਸੈਨਾ (ਹਿੰਦ) ਵਿਚੋਂ ਕੱਢੇ ਸਾਬਕਾ ਪ੍ਰਧਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ:  ਗੰਨੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਦਾ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ, ਤਸਵੀਰਾਂ ’ਚ ਵੇਖੋ ਤਾਜ਼ਾ ਹਾਲਾਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri