ਜਲੰਧਰ: ਬੱਚੇ ਦੀ ਮੌਤ, ਡਾਕਟਰ ਤੇ ਸਟਾਫ 'ਤੇ ਲੱਗਾ ਲਾਪ੍ਰਵਾਹੀ ਦਾ ਦੋਸ਼

07/16/2019 11:02:08 PM

ਜਲੰਧਰ,(ਸ਼ੋਰੀ/ਸੋਨੂੰ): ਸਿਵਲ ਹਸਪਤਾਲ 'ਚ ਸਥਾਪਿਤ ਜੱਚਾ-ਬੱਚਾ ਵਾਰਡ 'ਚ ਮੰਗਲਵਾਰ ਦੇਰ ਸ਼ਾਮ ਹੰਗਾਮਾ ਹੋ ਗਿਆ। ਇਸ ਦੌਰਾਨ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਦੇ ਬਾਹਰ ਸੜਕ 'ਤੇ ਜਮ ਕੇ ਹੰਗਾਮਾ ਕੀਤਾ ਤੇ ਗੱਡੀਆਂ ਵੀ ਰੋਕੀਆਂ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਸਟਾਫ ਤੇ ਡਾਕਟਰ ਦੀ ਲਾਪ੍ਰਵਾਹੀ ਕਾਰਨ ਬੱਚੇ ਦੀ ਮੌਤ ਹੋਈ ਹੈ। ਹਾਲਾਂਕਿ ਸੂਚਨਾ ਮਿਲਣ 'ਤੇ ਥਾਣਾ ਨੰਬਰ 4 ਦੀ ਪੁਲਸ ਵੀ ਹਸਪਤਾਲ ਪਹੁੰਚ ਗਈ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ।
 

ਪੀੜਤ ਗੁਰਵਿੰਦਰ ਸਿੰਘ ਵਾਸੀ ਭਾਰਗੋ ਕੈਂਪ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਐਤਵਾਰ ਨੂੰ ਬੇਟੇ ਨੂੰ ਜਨਮ ਦਿੱਤਾ। ਬੇਟੇ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਨਿੱਕੂ ਵਾਰਡ ਵਿਚ ਰੱਖਿਆ ਗਿਆ। ਉਥੇ ਬੇਟੇ ਦੀ ਤਬੀਅਤ ਖਰਾਬ ਹੋਣ ਲੱਗੀ ਤਾਂ ਉਸ ਨੇ ਸਟਾਫ ਨੂੰ ਡਾਕਟਰ ਨੂੰ ਬੁਲਾਉਣ ਨੂੰ ਕਿਹਾ ਪਰ ਡਾਕਟਰ ਦੇਰ ਨਾਲ ਆਇਆ, ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।

ਓਧਰ ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਕਿਸੇ ਪ੍ਰਕਾਰ ਦੀ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਉਹ ਤਾਂ ਹੰਗਾਮੇ ਦੀ ਸੂਚਨਾ ਪਾ ਕੇ ਹਸਪਤਾਲ ਪਹੁੰਚੇ ਸਨ।