ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ’ਚ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਸਪੈਸ਼ਲ ਟਰੇਨ ਹੋਈ ਰਵਾਨਾ

02/13/2022 7:33:19 PM

ਜਲੰਧਰ (ਗੁਲਸ਼ਨ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਰਾਣਸੀ ਲਈ ਸਪੈਸ਼ਲ ਟਰੇਨ ਸਿਟੀ ਰੇਲਵੇ ਸਟੇਸ਼ਨ ਤੋਂ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ’ਚ ਰਵਾਨਾ ਕੀਤੀ ਗਈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੈਕਾਰੇ ਲਾਉਂਦੇ ਹੋਏ ਸੰਗਤ ਸੰਤ ਨਿਰੰਜਨ ਦਾਸ ਜੀ ਦੇ ਨਾਲ ਸਪੈਸ਼ਲ ਟਰੇਨ ’ਚ ਰਵਾਨਾ ਹੋਈ। ਇਸ ਮੌਕੇ ਲੰਗਰ ਦੀ ਵੀ ਵਿਵਸਥਾ ਕੀਤੀ ਗਈ। ਇਸ ਮੌਕੇ ਲੋਕ ਸਭਾ ਸੰਸਦ ਮੈਂਬਰ ਅਤੇ ਪੰਜਾਬ ਚੋਣ ਸਹਿ-ਇੰਚਾਰਜ ਵਿਨੋਦ ਚਾਵੜਾ, ਸੂਬਾ ਜਨਰਲ ਸਕੱਤਰ ਰਾਜੇਸ਼ ਬੱਗਾ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਅਤੇ ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਨੇ ਸੰਤਾਂ ਦਾ ਆਸ਼ੀਰਵਾਦ ਲਿਆ ਅਤੇ ਸ਼ਰਧਾਲੂਆਂ ਨੂੰ ਨਿਰਵਿਘਨ ਯਾਤਰਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਟਰੇਨ ਡੇਰਾ ਸੱਚਖੰਡ ਬੱਲਾਂ ਵੱਲੋਂ ਬੁੱਕ ਕਰਵਾਈ ਗਈ ਹੈ, ਜਿਸ ਵਿਚ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਸਮੂਹ ਸੰਗਤ ਨਾਲ ਵਾਰਾਨਸੀ ਗਏ ਹਨ। ਇਸ ਸਪੈਸ਼ਲ ਟਰੇਨ ਵਿਚ 22 ਕੋਚ ਹੋਣਗੇ, ਜਿਨ੍ਹਾਂ ਵਿਚ ਕੁੱਲ 1580 ਯਾਤਰੀ ਰਵਾਨਾ ਹੋਣਗੇ। ਯਾਤਰੀਆਂ ਦੀਆਂ ਸੀਟਾਂ ਦੀ ਬੁਕਿੰਗ, ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਡੇਰੇ ਵੱਲੋਂ ਕੀਤਾ ਜਾਵੇਗਾ। ਸਪੈਸ਼ਲ ਟਰੇਨ ਦੇ ਰਵਾਨਾ ਹੋਣ ਸਮੇਂ ਡੇਰੇ ਦੇ ਵੱਡੀ ਗਿਣਤੀ ਵਿਚ ਸ਼ਰਧਾਲੂ ਸਟੇਸ਼ਨ ’ਤੇ ਪਹੁੰਚਦੇ ਹਨ। ਇਸ ਕਾਰਨ ਜੀ. ਆਰ. ਪੀ., ਆਰ. ਪੀ. ਐੱਫ. ਅਤੇ ਕਮਿਸ਼ਨਰੇਟ ਪੁਲਸ ਵੱਲੋਂ ਸਟੇਸ਼ਨ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਸ਼ਨੀਵਾਰ ਨੂੰ ਸਾਰਾ ਦਿਨ ਸਟੇਸ਼ਨ ’ਤੇ ਸਰਚ ਮੁਹਿੰਮ ਜਾਰੀ ਰਹੀ।

ਇਹ ਵੀ ਪੜ੍ਹੋ: ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲਾ: ਸਾਬਕਾ ACP ਬਿਮਲਕਾਂਤ ਦੇ ਸਾਥੀ ਜੀਤਾ ਮੌੜ ਦੇ ਘਰੋਂ ਮਿਲੀ ਲੱਖਾਂ ਦੀ ਨਕਦੀ

ਜੀ. ਆਰ. ਪੀ. ਦੇ ਡੀ. ਐੱਸ. ਪੀ. ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ਐੱਸ. ਐੱਚ. ਓ. ਬਲਬੀਰ ਸਿੰਘ ਘੁੰਮਣ ਅਤੇ ਆਰ. ਪੀ. ਐੱਫ. ਦੇ ਪੋਸਟ ਇੰਚਾਰਜ ਇੰਸ. ਮੋਹਨ ਲਾਲ ਨੇ ਪੁਲਸ ਮੁਲਾਜ਼ਮਾਂ ਨਾਲ ਸਟੇਸ਼ਨ ਦੇ ਚੱਪੇ-ਚੱਪੇ ਨੂੰ ਛਾਣਿਆ। ਇਸ ਦੌਰਾਨ ਉਨ੍ਹਾਂ ਨਾਲ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਦੇ ਮੈਂਬਰ ਵੀ ਮੌਜੂਦ ਸਨ। ਸਟੇਸ਼ਨ ’ਤੇ ਪੁਲਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ।

ਆਉਣ-ਜਾਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ ਗਈ। ਸਿਟੀ ਸਟੇਸ਼ਨ ’ਤੇ ਪੁੱਜੀਆਂ ਕੁਝ ਟਰੇਨਾਂ ਦੇ ਅੰਦਰ ਵੀ ਜਾਂਚ ਕੀਤੀ ਗਈ। ਦੁਪਹਿਰ ਬਾਅਦ ਕਮਿਸ਼ਨਰੇਟ ਪੁਲਸ ਦੇ ਡੀ. ਸੀ. ਪੀ. ਅਤੇ ਏ. ਸੀ. ਪੀ. ਵੈਸਟ ਤੋਂ ਇਲਾਵਾ ਕਈ ਥਾਣਿਆਂ ਦੀ ਪੁਲਸ ਨੇ ਵੀ ਆਪਣੇ ਪੱਧਰ ’ਤੇ ਸਟੇਸ਼ਨ ਦੇ ਅੰਦਰ ਅਤੇ ਸਰਕੁਲੇਟਿੰਗ ਏਰੀਆ ਵਿਚ ਸਰਚ ਮੁਹਿੰਮ ਚਲਾਈ। ਵਰਣਨਯੋਗ ਹੈ ਕਿ 14 ਫਰਵਰੀ ਨੂੰ ਦੁਪਹਿਰੇ ਇਕ ਹੋਰ ਟਰੇਨ ਵਾਰਾਨਸੀ ਲਈ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ: ਕੋਟਕਪੂਰਾ ਪਹੁੰਚੀ ਪ੍ਰਿਯੰਕਾ ਗਾਂਧੀ ਨੇ ਵਿਰੋਧੀਆਂ ’ਤੇ ਕੀਤੇ ਵੱਡੇ ਸ਼ਬਦੀ ਹਮਲੇ, ਕੈਪਟਨ ਵੀ ਨਿਸ਼ਾਨੇ ’ਤੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri