ਜਲੰਧਰ ਦੀ ਜ਼ਿਮਨੀ ਚੋਣ ਆਮ ਜਨਤਾ ਲਈ ਬਣੀ ਆਫ਼ਤ

04/21/2023 3:47:36 PM

ਜਲੰਧਰ (ਅਨਿਲ ਪਾਹਵਾ)– ਜਲੰਧਰ ਵਿਚ ਇਸ ਸਮੇਂ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਜ਼ੋਰ-ਅਜਮਾਇਸ਼ ਕਰਨ ਵਿਚ ਲੱਗੀਆਂ ਹੋਈਆਂ ਹਨ। ਇਸ ਜ਼ੋਰ-ਅਜਮਾਇਸ਼ ਵਿਚਕਾਰ ਆਉਣ ਵਾਲੀ 8 ਮਈ ਤੱਕ ਜਲੰਧਰ ਦੇ ਲੋਕਾਂ ਲਈ ਕੁਝ ਪ੍ਰੇਸ਼ਾਨੀ ਭਰੇ ਦਿਨ ਹੋ ਸਕਦੇ ਹਨ ਕਿਉਂਕਿ ਆਏ ਦਿਨ ਸਿਆਸੀ ਪਾਰਟੀਆਂ ਰੈਲੀਆਂ ਜਾਂ ਹੋਰ ਤਰ੍ਹਾਂ ਦੇ ਪ੍ਰੋਗਰਾਮ ਕਰਦੀਆਂ ਰਹਿਣਗੀਆਂ। ਬੇਸ਼ੱਕ ਇਹ ਸਭ ਵੋਟਾਂ ਖਾਤਿਰ ਕੀਤਾ ਜਾ ਰਿਹਾ ਹੈ ਪਰ ਇਸ ਕਾਰਨ ਆਮ ਜਨਤਾ ਪ੍ਰੇਸ਼ਾਨ ਹੋ ਰਹੀ ਹੈ। ‘ਜਗ ਬਾਣੀ’ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਆਮ ਲੋਕਾਂ ਤੋਂ ਉਨ੍ਹਾਂ ਦੀ ਰਾਏ ਜਾਣਨੀ ਚਾਹੀ ਤਾਂ ਵਧੇਰੇ ਲੋਕਾਂ ਦਾ ਇਹੀ ਕਹਿਣਾ ਸੀ ਕਿ ਕਿਸੇ ਨੇ ਕਿਸ ਨੂੰ ਵੋਟ ਪਾਉਣੀ ਹੈ, ਉਹ ਰੈਲੀ ਜਾਂ ਰੋਡ ਸ਼ੋਅ ’ਤੇ ਨਿਰਭਰ ਨਹੀਂ ਕਰਦਾ, ਸਗੋਂ ਸਿਆਸੀ ਪਾਰਟੀਆਂ ਦੇ ਕੰਮ ਬੋਲਣੇ ਚਾਹੀਦੇ ਹਨ। ਪੇਸ਼ ਹਨ ਲੋਕਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :

ਸਿਆਸੀ ਪਾਰਟੀਆਂ ਜਨਤਾ ਬਾਰੇ ਕੁਝ ਨਹੀਂ ਸੋਚਦੀਆਂ
‘ਜਲੰਧਰ ਵਿਚ ਪਿਛਲੇ ਲਗਭਗ 10 ਦਿਨਾਂ ਤੋਂ ਸਿਆਸੀ ਪਾਰਟੀਆਂ ਵੋਟਾਂ ਲਈ ਤਰ੍ਹਾਂ-ਤਰ੍ਹਾਂ ਦੇ ਆਯੋਜਨ ਕਰ ਰਹੀਆਂ ਹਨ। ਰੈਲੀਆਂ ਅਤੇ ਨਾਮਜ਼ਦਗੀਆਂ ਵਰਗੇ ਪ੍ਰੋਗਰਾਮਾਂ ਦੌਰਾਨ ਆਮ ਜਨਤਾ ਨੂੰ ਜਿਹੜੀ ਪ੍ਰੇਸ਼ਾਨੀ ਹੁੰਦੀ ਹੈ, ਉਸ ਨੂੰ ਲੈ ਕੇ ਸਿਆਸੀ ਪਾਰਟੀਆਂ ਕੁਝ ਨਹੀਂ ਸੋਚਦੀਆਂ। ਇਹ 1-2 ਦਿਨ ਦੀ ਗੱਲ ਹੋਵੇ ਤਾਂ ਫਿਰ ਵੀ ਠੀਕ ਹੈ ਪਰ ਲਗਭਗ ਇਕ ਮਹੀਨਾ ਲੋਕ ਪ੍ਰੇਸ਼ਾਨ ਰਹਿਣਗੇ।’- ਅਵਤਾਰ ਕੌਰ

ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਕੈਨੇਡਾ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ

ਰੋਜ਼ੀ-ਰੋਟੀ ਦੇ ਨੁਕਸਾਨ ਦਾ ਕੀ?
‘ਪੁਰਾਣੇ ਦੌਰ ਵਿਚ ਵੀ ਚੋਣਾਂ ਹੁੰਦੀਆਂ ਸਨ ਪਰ ਅਜਿਹੀ ਅਵਿਵਸਥਾ ਨਹੀਂ ਹੁੰਦੀ ਸੀ। ਸਿਆਸੀ ਪਾਰਟੀਆਂ ਦੇ ਲੋਕ ਆਪਣੀ ਅਪੀਲ ਕਰ ਕੇ ਚਲੇ ਜਾਂਦੇ ਸਨ। ਗਲੀ-ਮੁਹੱਲੇ ਦੇ ਲੋਕਾਂ ਨੂੰ ਵੀ ਕੋਈ ਤਕਲੀਫ ਨਹੀਂ ਹੁੰਦੀ ਸੀ ਪਰ ਹੁਣ ਤਾਂ ਰੈਲੀਆਂ ਅਤੇ ਰੋਡ ਸ਼ੋਅ ਲਈ 2-2 ਦਿਨ ਪਹਿਲਾਂ ਹੀ ਰਸਤੇ ਬੰਦ ਕਰ ਦਿੱਤੇ ਜਾਂਦੇ ਹਨ। ਹੁਣ ਰਸਤਿਆਂ ’ਤੇ ਕੰਮ ਧੰਦੇ ਕਰਨ ਵਾਲੇ ਲੋਕਾਂ ਨੂੰ ਰੋਟੀ ਕਿਥੋਂ ਮਿਲੇਗੀ, ਇਹ ਵੀ ਨਹੀਂ ਸੋਚਿਆ ਜਾਂਦਾ।’-ਸੋਹਣ ਸਿੰਘ

ਸਕੂਲੀ ਬੱਚਿਆਂ ਨੂੰ ਭੁਗਤਣੀ ਪੈਂਦੀ ਹੈ ਪ੍ਰੇਸ਼ਾਨੀ
‘ਪਿਛਲੇ ਹਫਤੇ ਤਾਂ ਜਲੰਧਰ ਵਿਚ ਨਾਮਜ਼ਦਗੀਆਂ ਭਰਨ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਕੁਝ ਸਿਆਸੀ ਪਾਰਟੀਆਂ ਦੇ ਲੋਕ ਨਾਮਜ਼ਦਗੀਆਂ ਭਰਨ ਇੰਝ ਆਏ ਜਿਵੇਂ ਜੰਗ ਜਿੱਤ ਕੇ ਆਏ ਹੋਣ। ਸਕੂਲਾਂ ਵਿਚ ਛੁੱਟੀ ਦਾ ਸਮਾਂ ਸੀ ਅਤੇ ਇਧਰੋਂ ਰਸਤੇ ਬੰਦ ਹੋ ਗਏ। ਜਿਹੜੇ ਬੱਚੇ ਛੁੱਟੀ ਤੋਂ ਬਾਅਦ ਅੱਧੇ ਘੰਟੇ ਵਿਚ ਘਰ ਪਹੁੰਚ ਜਾਂਦੇ ਹੁੰਦੇ ਸਨ, ਉਹ ਇਕ ਤੋਂ ਦੋ ਘੰਟੇ ਸਕੂਲ ਬੱਸ ਜਾਂ ਆਟੋ ਵਿਚ ਹੀ ਭਟਕਦੇ ਰਹੇ। ਹੈਰਾਨ ਹਾਂ ਕਿ ਬੱਚਿਆਂ ’ਤੇ ਵੀ ਕਿਸੇ ਨੂੰ ਤਰਸ ਨਹੀਂ ਆਇਆ।’-ਨਰਿੰਦਰ ਸਿੰਘ

ਇਹ ਵੀ ਪੜ੍ਹੋ :  ਜ਼ਿਮਨੀ ਚੋਣ ਦੀ ਰੈਲੀ ਦੌਰਾਨ CM ਮਾਨ ਬੋਲੇ, ਜਲੰਧਰ ਦੀਆਂ ਸਮੱਸਿਆਵਾਂ ਮੇਰੀਆਂ ਉਂਗਲੀਆਂ 'ਤੇ ਹਨ

ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਤੈਅ ਹੋਵੇ
‘ਜੇਕਰ ਸ਼ਹਿਰ ਵਿਚ ਰਸਤੇ ਬੰਦ ਕਰਨੇ ਹਨ ਤਾਂ ਪ੍ਰਸ਼ਾਸਨ ਨੂੰ ਘੱਟ ਤੋਂ ਘੱਟ ਅਜਿਹੀ ਵਿਵਸਥਾ ਕਰਨੀ ਚਾਹੀਦੀ ਹੈ ਕਿ ਆਮ ਲੋਕ ਪ੍ਰੇਸ਼ਾਨ ਨਾ ਹੋਣ। ਜੇਕਰ ਕੋਈ ਰਸਤਾ ਬੰਦ ਹੈ ਤਾਂ ਪ੍ਰਸ਼ਾਸਨ ਲੋਕਾਂ ਨੂੰ ਸੂਚਿਤ ਕਰੇ ਕਿ ਉਹ ਦੂਜੇ ਰਸਤੇ ਤੋਂ ਲੰਘ ਜਾਣ ਪਰ ਅਜਿਹਾ ਹੁੰਦਾ ਨਹੀਂ। ਪ੍ਰਸ਼ਾਸਨ ਸਿਰਫ ਰਸਤੇ ਬੰਦ ਕਰ ਦਿੰਦਾ ਹੈ, ਅੱਗੇ ਦੀ ਪ੍ਰੇਸ਼ਾਨੀ ਲੋਕਾਂ ਨੂੰ ਖੁਦ ਭੁਗਤਣੀ ਪੈਂਦੀ ਹੈ।’-ਸ਼ਿਵਮ

ਪ੍ਰੇਸ਼ਾਨੀ ’ਚ ਵੋਟ ਪਾਉਣ ਨੂੰ ਦਿਲ ਨਹੀਂ ਕਰਦਾ
‘ਜਿਸ ਜਨਤਾ ਲਈ ਰੈਲੀ ਜਾਂ ਰੋਡ ਸ਼ੋਅ ਰੱਖਿਆ ਗਿਆ ਹੈ, ਜੇਕਰ ਉਸੇ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾਣਾ ਹੈ ਤਾਂ ਫਿਰ ਅਜਿਹੇ ਆਯੋਜਨਾਂ ਦਾ ਫਾਇਦਾ ਹੀ ਕੀ। ਅਸੀਂ ਕਈ ਵਾਰ ਇਨ੍ਹਾਂ ਆਯੋਜਨਾਂ ਕਾਰਨ ਇੰਨੇ ਪ੍ਰੇਸ਼ਾਨ ਹੋ ਜਾਂਦੇ ਹਾਂ ਕਿ ਜਿਸ ਨੇ ਵੀ ਆਯੋਜਨ ਲਈ ਰਸਤੇ ਬੰਦ ਕਰਵਾਏ ਹੋਣ, ਉਸਨੂੰ ਵੋਟ ਪਾਉਣ ਨੂੰ ਦਿਲ ਹੀ ਨਹੀ ਕਰਦਾ।’-ਰਾਜੀਵ ਚਾਵਲਾ

ਚੋਣਾਂ ਤਾਂ ਵਿਦੇਸ਼ਾਂ ’ਚ ਵੀ ਹੁੰਦੀਆਂ ਹਨ ਪਰ...
‘ਮੇਰੇ ਖਿਆਲ ਵਿਚ ਤਾਂ ਰੈਲੀ ਅਤੇ ਰੋਡ ਸ਼ੋਅ ਦਾ ਆਯੋਜਨ ਹੋਣਾ ਹੀ ਨਹੀਂ ਚਾਹੀਦਾ। ਦੇਸ਼ ਤੋਂ ਬਾਹਰ ਦੂਜੇ ਦੇਸ਼ਾਂ ਵਿਚ ਵੀ ਚੋਣਾਂ ਹੁੰਦੀਆਂ ਹਨ ਪਰ ਆਮ ਲੋਕਾਂ ਨੂੰ ਅਜਿਹੀ ਪ੍ਰੇਸ਼ਾਨੀ ਨਹੀਂ ਝੱਲਣੀ ਪੈਂਦੀ। ਹੈਰਾਨੀ ਦੀ ਗੱਲ ਹੈ ਕਿ ਭਾਰਤ ਲੋਕਤੰਤਰਿਕ ਦੇਸ਼ ਹੈ ਅਤੇ ਇਥੇ ਲੋਕਾਂ ਨੂੰ ਅਜਿਹੀਆਂ ਸੈਂਕੜੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਕੋਲੋਂ ਵੋਟ ਲੈਣੀ ਹੈ ਤਾਂ ਉਸ ਨੂੰ ਅਪੀਲ ਕਰਨ ਲਈ ਸੋਸ਼ਲ ਮੀਡੀਆ ਵਰਗੇ ਵਧੀਆ ਸਾਧਨ ਹਨ।’-ਰੇਖਾ

ਇਹ ਵੀ ਪੜ੍ਹੋ :  ਜਲੰਧਰ ਦੇ ਇਸ ਇਲਾਕੇ 'ਚ ਚੱਲ ਰਿਹੈ ਦੇਹ ਵਪਾਰ ਦਾ ਧੰਦਾ, ਸਟਿੰਗ ਆਪ੍ਰੇਸ਼ਨ ਦੌਰਾਨ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri