ਬਾਸਮਤੀ ਦੀ ਐਕਸਪੋਕਟ ਕੁਆਲਿਟੀ ਪੈਦਾਵਰ ਲਈ ਉਪਰਾਲੇ ਕਰਨ ਦੀ ਲੋੜ: ਡਾ.ਨਾਜਰ ਸਿੰਘ

06/27/2019 4:36:13 PM

ਜਲੰਧਰ ( ਗੁਲਾਟੀ ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ ਵਲੋਂ ਮਿਸ਼ਨ ਤੰਦਰੂਸਤ ਪੰਜਾਬ ਅਧੀਨ ਉਪਰਾਲੇ ਕਰਦੇ ਹੋਏ ਕਿਸਾਨਾਂ ਤੱਕ ਬਾਸਮਤੀ ਦੀ ਕੁਆਲਿਟੀ ਪੈਦਾਵਾਰ ਹਾਸਲ ਕਰਨ ਲਈ ਸੁਨੇਹੇ ਪੁੱਜਦੇ ਕੀਤੇ ਜਾ ਰਹੇ ਹਨ। ਡਾ.ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ 'ਚ ਇਸ ਸਾਲ 20,000 ਹੈਕ. ਰਕਬੇ ਅਧੀਨ ਬਾਸਮਤੀ ਦੀ ਕਾਸ਼ਤ ਕਰਨ ਦਾ ਟੀਚਾ ਹੈ। ਇਸ ਮਕਸਦ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਧੀਨ ਯੂ.ਪੀ.ਐੱਲ. ਕੰਪਨੀ ਨਾਲ ਮਿਲ ਕੇ ਵਿਆਪਕ ਮੁਹਿੰਮ ਛੇੜੀ ਗਈ ਹੈ, ਜਿਸ ਦੇ ਅਧੀਨ ਬਾਸਮਤੀ ਦੀ ਫਸਲ ਦੀ ਪੈਦਾਵਾਰ ਕਰ ਰਹੇ ਕਿਸਾਨਾਂ ਦੇ ਨਾਂ ਇਕ ਸਪੈਸ਼ਲ Basmati.net ਪੋਰਟਲ 'ਤੇ ਅਪਲੋਡ ਕੀਤੇ ਜਾਣਗੇ। ਕੰਪਨੀ ਨਾਲ ਮਿਲ ਕੇ ਕਿਸਾਨਾਂ ਨੂੰ ਕੁਆਲਿਟੀ ਬਾਸਮਤੀ ਦੀ ਪੈਦਾਵਾਰ ਬਾਰੇ ਜਾਗਰੂਕ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਤਰ੍ਹਾਂ ਦੇ ਪੈਸਟੀਸਾਈਡਜ ਕਾਰਬੇਨਡਾਜਿਮ, ਪ੍ਰੋਪੀਕੋਨਾਜੋਲ, ਐਸੀਫੇਟ, ਥਾਈਮੇਥੋਕਸਿਮ, ਟਰਾਈਸਾਇਕਲਾਜੋਲ, ਕਾਰਬੋਫਿਉਰੋਨ, ਬਿਉਪਰੋਫੇਜ਼ਨ, ਟ੍ਰਾਇਜੋਫਾਸ, ਥਾਈਫਿਨੇਟ ਮਿਥਾਇਲ ਦੀ ਵਰਤੋਂ ਬਾਸਮਤੀ 'ਤੇ ਨਾ ਕਰਨ।

ਡਾ.ਨਾਜਰ ਸਿੰਘ ਨੇ ਇਸ ਸਬੰਧ 'ਚ ਕੀਤੀ ਮੀਟਿੰਗ 'ਚ ਯੂ.ਪੀ.ਐੱਲ. ਕੰਪਨੀ ਦੇ ਨੁਮਾਇੰਦੇ ਨੂੰ ਕਿਹਾ ਕਿ ਬਾਸਮਤੀ ਦੀ ਫਸਲ 'ਚ ਕਿਸਾਨਾਂ ਦੇ ਰੁਝਾਨ ਨੂੰ ਵਧਾਉਣ ਅਤੇ ਕੁਆਲਿਟੀ ਪੈਦਾਵਾਰ ਹਾਸਲ ਕਰਨ ਲਈ ਵੱਖ-ਵੱਖ ਦਵਾਈ ਨਿਰਮਾਤਾ ਕੰਪਨੀਆ ਅਤੇ ਵਿਕਰੇਤਾਵਾ ਨਾਲ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਇਸ ਮਕਸਦ ਲਈ ਪਿੰਡਾਂ 'ਚ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਮੀਟਿੰਗ 'ਚ ਯੂ.ਪੀ.ਐੱਲ. ਕੰਪਨੀ ਦੇ ਨੁਮਾਇੰਦੇ ਸ਼੍ਰੀ ਹਰਪ੍ਰੀਤ ਸਿੰਘ ਨੇ ਯਕੀਨ ਦਿਵਾਇਆ ਕਿ ਉਹ ਕਿਸਾਨ ਹਿੱਤ 'ਚ ਵਿਭਾਗ ਦਾ ਸਾਥ ਦਿੰਦੇ ਹੋਏ ਬਲਾਕ ਪੱਧਰ 'ਤੇ ਕੰਪਨੀ ਦੇ ਮੁਲਾਜ਼ਮਾਂ ਨੂੰ ਬਲਾਕ ਖੇਤੀਬਾੜੀ ਅਫਸਰ ਨਾਲ ਜੋੜਨਗੇ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਯੋਗ ਉਪਰਾਲੇ ਕਰਨਗੇ। ਦੱਸ ਦੇਈਏ ਕਿ ਇਸ ਮੀਟਿੰਗ 'ਚ ਸੁਰਿੰਦਰ ਸਿੰਘ ਖੇਤੀਬਾੜੀ ਅਫਸਰ, ਨਰੇਸ਼ ਕੁਮਾਰ ਗੁਲਾਟੀ ਖੇਤੀਬਾੜੀ ਅਫਸਰ (ਬੀਜ), ਸੁਰਜੀਤ ਸਿੰਧ ਖੇਤੀਬਾੜੀ ਵਿਕਾਸ ਅਫਸਰ, ਗੁਰਚਰਨ ਸਿੰਘ ਖੇਤੀਬਾੜੀ ਵਿਕਾਸ ਅਫਸਰ ਆਦਿ ਸ਼ਾਮਲ ਸਨ।

rajwinder kaur

This news is Content Editor rajwinder kaur