ਕਿਸਾਨਾਂ ਦੇ ਘਰਾਂ ਵਿਚ ਖੁਸ਼ੀਆਂ ਲਿਆਉਂਦੀ ਹੈ ਵਿਸਾਖੀ

04/14/2019 10:00:35 AM

ਜਲੰਧਰ (ਜ.ਬ) : ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ 'ਤੇ ਵੀ ਕਾਫੀ ਅਹਿਮੀਅਤ ਹੈ। ਇਸ ਦਿਨ ਹੀ ਪੰਜਾਬ ਵਿਚ ਰਸਮੀ ਤੌਰ 'ਤੇ ਕਣਕ ਦੀ ਵਾਢੀ ਸ਼ੁਰੂ ਹੁੰਦੀ ਹੈ। ਹਾਲਾਂਕਿ ਕਣਕ ਦੀ ਸਰਕਾਰੀ ਖਰੀਦ ਦੀ ਤਰੀਕ 1 ਅਪ੍ਰੈਲ ਤੋਂ ਹੀ ਮਿੱਥੀ ਗਈ ਹੈ ਪਰ ਕਣਕ ਦੀ ਕਟਾਈ ਵਿਚ ਤੇਜ਼ੀ ਅਤੇ ਮੰਡੀਆਂ ਵਿਚ ਆਮਦ ਵਿਸਾਖੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਇਸ ਸਾਲ ਵੀ ਖੇਤਾਂ ਵਿਚ ਲੱਗੀ ਕਣਕ ਪੰਜਾਬ ਦੇ ਕਿਸਾਨਾਂ ਦੇ ਘਰਾਂ ਵਿਚ ਲਹਿਰਾਂ-ਬਹਿਰਾਂ ਲੈ ਕੇ ਆਵੇਗੀ ਕਿਉਂਕਿ ਚੰਗੇ ਮੌਸਮ ਕਾਰਨ ਇਸ ਵਾਰ ਕਣਕ ਦਾ ਝਾੜ ਵਧਣ ਦੀ ਉਮੀਦ ਲਗਾਈ ਜਾ ਰਹੀ ਹੈ। ਪਿਛਲੇ ਸਾਲ ਪੰਜਾਬ ਵਿਚ 175 ਲੱਖ ਟਨ ਕਣਕ ਦੀ ਪੈਦਾਵਾਰ ਹੋਈ ਸੀ ਜਦੋਂ ਕਿ ਇਸ ਵਾਰ ਇਹ ਪੈਦਾਵਾਰ 180 ਲੱਖ ਟਨ ਤੱਕ ਪੁੱਜਣ ਦਾ ਅਨੁਮਾਨ ਹੈ।

ਇਸ ਸਾਲ ਕਿਸਾਨਾਂ ਦੇ ਘਰਾਂ ਵਿਚ ਆਉਣਗੇ 19240 ਕਰੋੜ ਰੁਪਏ
ਇਸ ਸਾਲ ਕਣਕ ਦੀ ਬੰਪਰ ਪੈਦਾਵਾਰ ਕਾਰਨ ਪੰਜਾਬ ਵਿਚ ਕਿਸਾਨਾਂ ਦੇ ਘਰਾਂ ਵਿਚ 19240 ਕਰੋੜ ਰੁਪਏ ਆਉਣਗੇ ਅਤੇ ਇਸ ਪੈਸੇ ਨਾਲ ਹੀ ਕਿਸਾਨ ਦੇ ਘਰਾਂ ਵਿਚ ਵਿਆਹ ਅਤੇ ਹੋਰ ਸ਼ੁੱਭ ਕੰਮਾਂ ਦੇ ਖਰਚੇ ਹੋਣਗੇ। ਆਰ.ਬੀ.ਆਈ. ਨੇ ਇਸ ਸਾਲ ਦੀ ਰੱਬੀ ਦੀ ਖਰੀਦ ਲਈ 19240.91 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਨੂੰ ਮਨਜ਼ੂਰੀ ਦਿੱਤੀ ਹੈ। ਲੋਕ ਸਭਾ ਚੋਣਾਂ ਤਹਿਤ ਪੰਜਾਬ ਸਰਕਾਰ ਨੇ ਆਰ.ਬੀ.ਆਈ. ਪਾਸੋਂ ਪਹਿਲਾਂ ਤੋਂ ਹੀ 130 ਲੱਖ ਟਨ ਕਣਕ ਦੀ ਖਰੀਦ ਲਈ ਇਹ ਲਿਮਿਟ ਜਾਰੀ ਕਰਨ ਦੀ ਮਨਜ਼ੂਰੀ ਮੰਗੀ ਸੀ। ਇਸ ਪੈਸੇ ਨਾਲ ਹੀ ਪੰਜਾਬ ਸਰਕਾਰ ਕਿਸਾਨਾਂ ਪਾਸੋਂ ਖਰੀਦੀ ਜਾਣ ਵਾਲੀ ਕਣਕ ਦੇ ਬਦਲੇ ਅਦਾਇਗੀ ਕਰੇਗੀ। ਕਣਕ ਦੀ ਖਰੀਦ 25 ਮਈ ਤੱਕ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਸਾਲ ਕਣਕ ਦਾ ਭਾਅ 1840 ਰੁਪਏ ਪ੍ਰਤੀ ਕੁਇੰਟਲ ਹੈ ਜੋ ਕਿ ਪਿਛਲੇ ਸਾਲ ਦੇ 1735 ਰੁਪਏ ਕੁਇੰਟਲ ਦੇ ਮੁਕਾਬਲੇ 105 ਰੁਪਏ ਪ੍ਰਤੀ ਕੁਇੰਟਲ ਜ਼ਿਆਦਾ ਹੈ।

ਪਿਛਲੇ ਸਾਲ ਦੇ ਮੁਕਾਬਲੇ 1116 ਕਰੋੜ ਰੁਪਏ ਵਾਧੂ ਜਾਰੀ
ਪਿਛਲੇ ਸਾਲ ਵੀ ਪੰਜਾਬ ਵਿਚ ਕਣਕ ਦੀ ਬੰਪਰ ਪੈਦਾਵਾਰ ਹੋਈ ਸੀ ਅਤੇ ਆਰ.ਬੀ.ਆਈ. ਨੇ ਪਿਛਲੇ ਸਾਲ ਪੰਜਾਬ ਦੇ ਕਿਸਾਨਾਂ ਲਈ 18124.85 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕੀਤੀ ਸੀ। ਇਹ ਪੈਸਾ ਵੀ 130 ਲੱਖ ਟਨ ਕਣਕ ਦੀ ਖਰੀਦ ਲਈ ਹੀ ਜਾਰੀ ਕੀਤਾ ਗਿਆ ਸੀ। ਹਾਲਾਂਕਿ ਉਸ ਵੇਲੇ ਵੀ ਪੰਜਾਬ ਸਰਕਾਰ ਵਲੋਂ 21179 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਪਿਛਲੇ ਸਾਲ ਦੇ ਮੁਕਾਬਲੇ ਆਰ.ਬੀ.ਆਈ. ਨੇ ਇਸ ਸਾਲ 1116 ਕਰੋੜ ਰੁਪਏ ਵਾਧੂ ਜਾਰੀ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਕਣਕ ਦਾ ਸਮਰਥਨ ਮੁੱਲ ਵਧਣ ਕਾਰਨ ਇਹ ਜ਼ਿਆਦਾ ਪੈਸਾ ਜਾਰੀ ਹੋਇਆ ਹੈ ਅਤੇ ਜੇਕਰ ਕਣਕ ਦਾ ਝਾੜ ਵਧਣ ਕਾਰਨ ਜ਼ਿਆਦਾ ਫਸਲ ਮੰਡੀਆਂ ਵਿਚ ਆਉਂਦੀ ਹੈ ਤਾਂ ਆਰ.ਬੀ.ਆਈ. ਵਲੋਂ ਹੋਰ ਪੈਸਾ ਵੀ ਜਾਰੀ ਕੀਤਾ ਜਾ ਸਕਦਾ ਹੈ।
 

Baljeet Kaur

This news is Content Editor Baljeet Kaur