ਜਲੰਧਰ : ਕਾਰ ਦੀ ਟੱਕਰ ਨਾਲ ਆਟੋ ਪਲਟਿਆ, ਸਕੂਲੀ ਵਿਦਿਆਰਥਣ ਦੀ ਮੌਤ

07/11/2019 12:16:16 PM

ਜਲੰਧਰ (ਸੁਨੀਲ ਮਹਾਜਨ,ਮ੍ਰਿਦੁਲ) : ਬਾਵਾਖੇਲ ਦੇ ਰਾਜ ਨਗਰ ਮੋੜ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦ ਤੇਜ਼ ਰਫਤਾਰ ਕਾਰ ਨੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਆਟੋ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਆਟੋ ਪਲਟ ਗਿਆ ਅਤੇ ਉਸ ਵਿਚ ਬੈਠੇ ਬੱਚੇ ਜ਼ਖਮੀ ਹੋ ਗਏ ਅਤੇ ਚਾਲਕ ਦੀ ਲੱਤ ਟੁੱਟ ਗਈ। ਇਸ ਹਾਦਸੇ ਵਿਚ ਇਕ 15 ਸਾਲ ਦੀ ਵਿਦਿਆਰਥਣ ਦੇ ਸਿਰ 'ਤੇ ਡੂੰਘੀ ਸੱਟ ਲੱਗੀ, ਜਿਸ ਨੇ ਇਲਾਜ ਦੌਰਾਨ ਸਿਵਲ ਹਸਪਤਾਲ ਵਿਚ ਦਮ ਤੋੜ ਦਿੱਤਾ। ਆਟੋ ਚਾਲਕ ਦੇ ਇਲਾਵਾ 6 ਬੱਚੇ ਜ਼ਖਮੀ ਹੋ ਗਏ। ਮਾਮਲੇ ਨੂੰ ਲੈ ਕੇ ਪੁਲਸ ਨੇ ਦੋਸ਼ੀ ਕਾਰ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਗ੍ਰੀਨ ਐਵੇਨਿਊ ਦੇ ਰਹਿਣ ਵਾਲੇ ਆਟੋ ਚਾਲਕ ਸਰਬਜੀਤ ਸਿੰਘ ਪੁੱਤਰ ਬਰਕਤ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਸਵੇਰੇ ਬੱਚਿਆਂ ਨੂੰ ਰੈਣਕ ਬਾਜ਼ਾਰ ਸਥਿਤ ਸਰਕਾਰੀ ਸਕੂਲ ਲਈ ਲੈ ਕੇ ਜਾ ਰਿਹਾ ਸੀ। ਉਹ ਕੁਝ ਬੱਚਿਆਂ ਨੂੰ ਰਾਜ ਨਗਰ ਇਲਾਕੇ ਵਿਚ ਲੈਣ ਲਈ ਆਇਆ ਸੀ। ਸਵੇਰੇ ਕਰੀਬ 7.30 ਵਜੇ ਜਦ ਉਹ ਰਾਜ ਨਗਰ ਮੋੜ ਤੋਂ ਹੁੰਦੇ ਹੋਏ ਜਾਣ ਲੱਗਾ ਤਾਂ ਦਰੋਣਾ ਗਾਰਡਨ ਰੋਡ ਵਲੋਂ ਤੇਜ਼ ਰਫਤਾਰ ਕਾਰ ਨੇ ਪਿੱਛੋਂ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਆਟੋ ਪਲਟਣ ਕਾਰਨ ਬੱਚਿਆਂ ਸਮੇਤ ਉਹ ਵੀ ਜ਼ਖਮੀ ਹੋ ਗਿਆ ਹਾਲਾਂਕਿ ਇਕ ਬੱਚੇ ਨੂੰ ਛੱਡ ਕੇ ਬਾਕੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਸਾਰਿਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ।

ਹਾਦਸੇ ਦੇ ਬਾਅਦ ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜਨ ਵਾਲੀ ਵਿਦਿਆਰਥਣ ਦੀ ਪਛਾਣ ਰਾਣੀ ਕੁਮਾਰੀ ਪੁਤਰੀ ਨਾਗੇਂਦਰ ਸ਼ਾਹ ਮੂਲ ਨਿਵਾਸੀ ਯੂ. ਪੀ. ਦੇ ਤੌਰ 'ਤੇ ਹੋਈ ਹੈ। ਹਾਦਸੇ ਦੀ ਖਬਰ ਸੁਣਦੇ ਹੀ ਵਿਦਿਆਰਥਣ ਦੇ ਪਰਿਵਾਰ ਸਮੇਤ ਰਿਸ਼ਤੇਦਾਰ ਹਸਪਤਾਲ ਪਹੁੰਚ ਗਏ। ਵਿਦਿਆਰਥਣ ਦੀ ਮੌਤ ਦੀ ਖਬਰ ਜਦ ਪੁਲਸ ਨੂੰ ਪਤਾ ਲੱਗੀ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੋਰਾਇਆ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਪੁੱਤਰ ਅਮਲੋਕ ਸਿੰਘ 'ਤੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਐੱਸ. ਐੱਚ. ਓ. ਮੇਜਰ ਸਿੰਘ ਨੇ ਦੱਸਿਆ ਕਿ ਦੋਸ਼ੀ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਕੇ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ।

ਰਾਣੀ ਦੀ ਮਾਂ ਬੇਟੀ ਦੀ ਮੌਤ ਦੀ ਖਬਰ ਸੁਣ ਕੇ ਹੋਈ ਬੇਸੁੱਧ
ਸਿਵਲ ਹਸਪਤਾਲ ਵਿਚ ਰਾਣੀ ਦੀ ਮਾਂ ਫੁਲਪਤੀ ਉਸ ਦੀ ਮੌਤ ਦੀ ਖਬਰ ਸੁਣ ਕੇ ਬੇਸੁੱਧ ਹੋ ਗਈ ਜਿਸ ਨੂੰ ਸੰਭਾਲਣ ਲਈ ਉਸ ਦੇ ਗੁਆਂਢੀ ਅਤੇ ਰਿਸ਼ਤੇਦਾਰ ਆ ਗਏ। ਪਿਤਾ ਨੇ ਦੱਸਿਆ ਕਿ ਰਾਣੀ ਉਨ੍ਹਾਂ ਦੀ 3 ਬੇਟੀਆਂ ਵਿਚੋਂ ਵਿਚਕਾਰਲੀ ਬੇਟੀ ਸੀ।

 

 

 

cherry

This news is Content Editor cherry