ਹੁਣ ਜਲੰਧਰ 'ਚ 4 ਸਾਲਾ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼

06/04/2019 4:43:31 PM

ਜਲੰਧਰ (ਜ.ਬ.) :  ਜਲੰਧਰ ਦੇ ਰਾਮਾਮੰਡੀ ਵਿਚ 10 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹੁਣ ਮਿੱਠਾਪੁਰ 'ਚ ਐਤਵਾਰ ਰਾਤ ਨੂੰ ਇਕ ਵਿਅਕਤੀ ਵੱਲੋਂ ਸ਼ਰਾਬ ਦੇ ਨਸ਼ੇ 'ਚ 4 ਸਾਲ ਦੇ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼ ਕੀਤੀ ਗਈ। ਖੁਸ਼ਕਿਸਮਤੀ ਰਹੀ ਕਿ ਪੇਂਟਰ ਇਸ ਘਿਨੌਣੀ ਕਰਤੂਤ 'ਚ ਕਾਮਯਾਬ ਨਹੀਂ ਹੋ ਸਕਿਆ ਤੇ ਮੌਕੇ 'ਤੇ ਹੀ ਬੱਚੇ ਦੀ ਮਾਂ ਕਮਰੇ 'ਚ ਆ ਗਈ। ਮੁਲਜ਼ਮ ਪੇਂਟਰ ਨੂੰ ਬੱਚੇ ਦੀ ਮਾਂ ਨੇ ਫੜ ਲਿਆ ਸੀ ਪਰ ਉਹ ਹੱਥ ਛੁਡਾ ਕੇ ਭੱਜਣ 'ਚ ਸਫਲ ਰਿਹਾ। ਥਾਣਾ 7 ਦੀ ਪੁਲਸ ਨੇ ਪੇਂਟਰ ਰਾਮਦੀਨ ਪੁੱਤਰ ਰਾਮ ਕੁਮਾਰ ਵਾਸੀ ਮਿੱਠਾਪੁਰ ਖਿਲਾਫ ਕੇਸ ਦਰਜ ਕਰ ਲਿਆ ਹੈ।

ਥਾਣਾ 7 ਦੇ ਮੁਖੀ ਨਵੀਨ ਪਾਲ ਨੇ ਦੱਸਿਆ ਕਿ ਰਾਮਦੀਨ ਪੇਂਟ ਦਾ ਕੰਮ ਕਰਦਾ ਹੈ। ਉਹ ਕਾਫੀ ਸਮੇਂ ਤੋਂ ਮਿੱਠਾਪੁਰ 'ਚ ਬਣੇ ਕੁਆਰਟਰਾਂ 'ਚ ਰਹਿ ਰਿਹਾ ਸੀ, ਜਦਕਿ ਉਸ ਦੇ ਗੁਆਂਢ 'ਚ ਹੋਰ ਵੀ ਪ੍ਰਵਾਸੀ ਪਰਿਵਾਰ ਸਮੇਤ ਰਹਿੰਦੇ ਹਨ। ਇੰਸਪੈਕਟਰ ਨਵੀਨ ਪਾਲ ਨੇ ਦੱਸਿਆ ਕਿ ਐਤਵਾਰ ਦੀ ਰਾਤ ਕਰੀਬ 10 ਵਜੇ ਗੁਆਂਢ ਦੀ ਔਰਤ 4 ਸਾਲ ਦੇ ਬੱਚੇ ਨੂੰ ਘਰ 'ਚ ਇਕੱਲਿਆ ਛੱਡ ਕੇ ਕਿਸੇ ਕੰਮ ਤੋਂ ਬਾਹਰ ਗਈ ਤਾਂ ਰਾਮਦੀਨ ਗੁਆਂਢੀ ਦੇ ਕਮਰੇ 'ਚ ਦਾਖਲ ਹੋਇਆ। ਉਹ ਸ਼ਰਾਬ ਦੇ ਨਸ਼ੇ 'ਚ ਸੀ। ਰਾਮਦੀਨ ਨੇ ਸੌਂ ਰਹੇ 4 ਸਾਲ ਦੇ ਬੱਚੇ ਨਾਲ ਕੁਕਰਮ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਬੱਚੇ ਦੀ ਮਾਂ ਕਮਰੇ 'ਚ ਪਹੁੰਚ ਗਈ ਤੇ ਉਸ ਨੇ ਰੌਲਾ ਪਾ ਦਿੱਤਾ। ਬੱਚੇ ਦੀ ਮਾਂ ਨੇ ਮੁਲਜ਼ਮ ਨੂੰ ਫੜ ਵੀ ਲਿਆ ਸੀ ਪਰ ਰਾਮਦੀਨ ਆਪਣਾ ਹੱਥ ਛੁਡਵਾ ਕੇ ਭੱਜ ਗਿਆ। ਰੌਲਾ ਸੁਣ ਕੇ ਇਲਾਕੇ ਦੇ ਲੋਕ ਇਕੱਠੇ ਹੋਏ ਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ 7 ਦੀ ਪੁਲਸ ਮੌਕੇ 'ਤੇ ਪਹੁੰਚੀ।

ਇੰਸਪੈਕਟਰ ਨਵੀਨ ਪਾਲ ਨੇ ਦੱਸਿਆ ਕਿ ਸੋਮਵਾਰ ਨੂੰ ਪੀੜਤ ਬੱਚੇ ਦਾ ਮੈਡੀਕਲ ਸਿਵਲ ਹਸਪਤਾਲ ਤੋਂ ਕਰਵਾ ਦਿੱਤਾ ਹੈ ਤੇ ਮੁਲਜ਼ਮ ਰਾਮਦੀਨ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਫੜਨ ਲਈ ਰੇਡ ਕੀਤੀ ਜਾ ਰਹੀ ਹੈ।

cherry

This news is Content Editor cherry