ਡੇਰਾ ਚਹੇੜੂ ਵਿਖੇ ਸੰਗਤਾਂ ਦੀ ਵੱਡੀ ਸ਼ਮੂਲੀਅਤ

04/16/2019 4:14:33 AM

ਜਲੰਧਰ (ਵੇਦ ਪ੍ਰਕਾਸ਼)—ਡੇਰਾ ਸੰਤ ਬਾਬਾ ਫੂਲ ਨਾਥ ਅਤੇ ਸੰਤ ਬਾਬਾ ਬ੍ਰਹਮ ਨਾਥ ਨਾਨਕ ਨਗਰੀ ਜੀ. ਟੀ. ਰੋਡ ਚਹੇੜੂ ਵਿਖੇ ਐਤਵਾਰ ਨੂੰ ਵਿਸਾਖੀ ਦਾ ਪਵਿੱਤਰ ਦਿਹਾੜਾ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 128ਵਾਂ ਜਨਮ ਦਿਨ ਧੂਮਧਾਮ ਨਾਲ ਡੇਰੇ ਦੇ ਮੌਜੂਦਾ ਮੁਖੀ ਸੰਤ ਕ੍ਰਿਸ਼ਨ ਨਾਥ ਮਹਾਰਾਜ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡੇਰੇ ਦੇ ਸੇਵਾਦਾਰਾਂ ਵਲੋਂ ਮਨਾਇਆ ਗਿਆ। ਇਹ ਸਾਰਾ ਆਯੋਜਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਬਾਣੀ ਦੀ ਛਤਰ ਛਾਇਆ ਹੇਠ ਹੋਇਆ। ਸ੍ਰੀ ਅੰਮ੍ਰਿਤ ਬਾਣੀ ਦੇ ਅਖੰਡ ਜਾਪਾਂ ਦੇ ਭੋਗ ਉਪਰੰਤ ਸਜਾਏ ਗਏ ਦੀਵਾਨਾਂ ਵਿਚ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਪ੍ਰਸਿੱਧ ਜਥਿਆਂ ਤੇ ਕਲਾਕਾਰਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਮੁੱਖ ਤੌਰ ''ਤੇ ਮਹਿਮੀ ਕੀਰਤਨੀ ਜੱਥਾ ਜੈਤੇਵਾਲੀ, ਭਾਈ ਸਤੀਸ਼ ਜਲੰਧਰ ਕੈਂਟ, ਭਾਈ ਮੰਗਤ ਰਾਮ ਮਹਿਮੀ, ਪਵਨ ਕੁਮਾਰ ਬੈਂਸ ਜੰਡੂ ਸਿੰਘਾ, ਡਾ. ਕਾਬਲ ਰਾਮ ਜੱਖੂ, ਡਾ. ਹੁਸਨ ਲਾਲ ਮੇਹਟਾਂ, ਪਿਆਰਾ ਰਾਮ ਬਾਂਸੀਆਂ ਵਾਲਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ ਨੂੰ ਮਹਾਰਾਜ ਸੰਤ ਕ੍ਰਿਸ਼ਨ ਨਾਥ ਨੇ ਵਿਦੇਸ਼ ਤੋਂ ਲਾਈਵ ਹੋ ਕੇ ਵਿਸਾਖੀ ਅਤੇ ਬਾਬਾ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਵਿਸਾਖੀ ਦੇ ਇਤਿਹਾਸ ਅਤੇ ਬਾਬਾ ਸਾਹਿਬ ਦੇ ਜੀਵਨ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਨੇ ਮਹਾਪੁਰਸ਼ਾਂ ਦੇ ਜਨਮ ਦਿਨ ਅਤੇ ਉਨ੍ਹਾਂ ਵਲੋਂ ਕੀਤੇ ਗਏ ਪਰੋਉਪਕਾਰਾਂ ਨੂੰ ਯਾਦ ਰੱਖਣ ਦੀ ਵੀ ਵਚਨਬੱਧਤਾ ਦੂਹਰਾਈ।