ਰਾਸ਼ਟਰਪਤੀ ਐਵਾਰਡੀ ਪੁਲਸ ਅਫਸਰ ਹਰਮੇਲ ਸਿੰਘ ਚੰਦੀ ਨਹੀਂ ਰਹੇ, ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ’ਚ ਪੁੱਜੇ ਲੋਕ

03/25/2019 4:08:35 AM

ਜਲੰਧਰ (ਮਹੇਸ਼)— ਸ਼ਾਨਦਾਰ ਪੁਲਸ ਸੇਵਾਵਾਂ ਲਈ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਨ ਵਾਲੇ ਰਿਟਾ. ਪੀ. ਪੀ. ਐੱਸ. ਅਫਸਰ ਹਰਮੇਲ ਸਿੰਘ ਚੰਦੀ ਵਾਹਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਨੇ ਸੇਵਾਮੁਕਤੀ ਤੋਂ ਬਾਅਦ ਆਪਣੇ ਬੇਟੇ ਨਰਿੰਦਰ ਪਾਲ ਸਿੰਘ ਚੰਦੀ ਐੱਮ. ਡੀ. ਅਤੇ ਨੂੰਹ ਬਰਿੰਦਰ ਕੌਰ ਪ੍ਰਿੰਸੀਪਲ ਦੇ ਨਾਲ ਮਿਲ ਕੇ ਦਕੋਹਾ-ਤੱਲ੍ਹਣ ਰੋਡ ’ਤੇ ਚਾਣਕਿਆ ਇੰਟਰਨੈਸ਼ਨਲ ਪਬਲਿਕ ਸਕੂਲ ਆਰੰਭ ਕੀਤਾ ਸੀ । ਸੀ. ਬੀ. ਐੱਸ. ਈ. ਪੈਟਰਨ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਨੇ ਬਹੁਤ ਥੋੜ੍ਹੇ ਸਮੇਂ ਵਿਚ ਸਿੱਖਿਆ ਦੇ ਖੇਤਰ ਵਿਚ ਆਪਣੀ ਇਕ ਵੱੱਖਰੀ ਪਛਾਣ ਬਣਾਈ। ਸਵ. ਹਰਮੇਲ ਸਿੰਘ ਚੰਦੀ ਬਤੌਰ ਚੇਅਰਮੈਨ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਦਾ ਦੂਸਰਾ ਬੇਟਾ ਅਮਰਪ੍ਰੀਤ ਸਿੰਘ ਚੰਦੀ ਵਿਦੇਸ਼ ਵਿਚ ਸੈਟਲ ਹੈ। ਦਕੋਹਾ ਸ਼ਿਵਪੁਰੀ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਵੱਖ-ਵੱਖ ਪਾਰਟੀਆਂ ਦੇ ਆਗੂ, ਪੁਲਸ ਅਫਸਰ ਅਤੇ ਹੋਰ ਅਨੇਕਾਂ ਸ਼ਖਸੀਅਤਾਂ ਮੌਜੂਦ ਸਨ। ਨਰਿੰਦਰ ਪਾਲ ਸਿੰਘ ਚੰਦੀ ਨੇ ਕਿਹਾ ਉਨ੍ਹਾਂ ਦੇ ਪਰਿਵਾਰ ਨੂੰ ਪਿਤਾ ਜੀ ਦੀ ਮੌਤ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜ਼ਿਕਰਯੋਗ ਹੈ ਕਿ ਸਵ. ਹਰਮੇਲ ਸਿੰਘ ਚੰਦੀ ਸ਼ਨੀਵਾਰ ਸ਼ਾਮ ਨੂੰ ਘਰ ਵਿਚ ਸਥਿਤ ਪਾਰਕ ’ਚ ਹੀ ਬੈਠੇ ਹੋਏ ਸਨ। ਅਚਾਨਕ ਹਾਰਟ ਅਟੈਕ ਆਉਣ ’ਤੇ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।