ਨਾਕਾਬੰਦੀ ਦੇਖ ਕੇ ਸ਼ਰਾਬ ਸਮੱਗਲਰ ਮੌਕੇ ਤੋਂ ਭੱਜੇ, 480 ਸ਼ਰਾਬ ਦੀਆਂ ਨਾਜਾਇਜ਼ ਬੋਤਲਾਂ ਬਰਾਮਦ

03/25/2019 4:08:25 AM

ਜਲੰਧਰ (ਸ਼ੋਰੀ)- ਥਾਣਾ ਭਾਰਗੋ ਕੈਂਪ ਦੀ ਪੁਲਸ ਦਾ ਨਾਕਾ ਦੇਖ ਕੇ ਕਾਰ ਸਵਾਰ ਤੇ ਕਾਰ ਦੇ ਅੱਗੇ ਪਾਇਲਟ ਲਾ ਕੇ ਮੋਟਰਸਾਈਕਲ ਚਲਾ ਰਿਹਾ ਸਮੱਗਲਰ ਵਾਹਨ ਛੱਡ ਕੇ ਫਰਾਰ ਹੋ ਗਏ। ਪੁਲਸ ਨੇ ਮੋਟਰਸਾਈਕਲ ਤੇ ਕਾਰ ’ਚੋਂ ਕੁਲ 480 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰ ਕੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਏ. ਸੀ. ਪੀ. ਵੈਸਟ ਬਲਜਿੰਦਰ ਸਿੰਘ ਦੇ ਹੁਕਮਾਂ ’ਤੇ ਪੁਲਸ ਨੇ ਨਸ਼ਾ ਸਮੱਗਲਰਾਂ ’ਤੇ ਕਾਰਵਾਈ ਕੀਤੀ ਹੈ। ਥਾਣੇ ’ਚ ਤਾਇਨਾਤ ਏ. ਐੱਸ. ਆਈ. ਵਿਜੇ ਕੁਮਾਰ ਨੇ ਉਦੈ ਨਗਰ ਨਾਖਾਂ ਵਾਲੇ ਬਾਗ ਤਿਲਕ ਨਗਰ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਮੋਟਰਸਾਈਕਲ ਛੱਡ ਕੇ ਖੇਤਾਂ ਵੱਲ ਭੱਜਣ ਲੱਗਾ ਤੇ ਉਸ ਦੇ ਪਿੱਛੇ ਆ ਰਿਹਾ ਕਾਰ ਸਵਾਰ ਵੀ ਭੱਜਣ ’ਚ ਸਫਲ ਰਿਹਾ। ਪੁਲਸ ਨੇ ਮੋਟਰਸਾਈਕਲ ਦੇ ਅੱਗੇ ਪਏ ਬੋਰੇ ’ਚੋਂ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਨ ਦੇ ਨਾਲ ਕਾਰ ’ਚੋਂ 456 ਸ਼ਰਾਬ ਦੀਆਂ ਨਾਜਾਇਜ਼ ਬੋਤਲਾਂ ਵੀ ਬਰਾਮਦ ਕੀਤੀਆਂ ਹਨ। ਕਾਰ ਦਾ ਅਗਲਾ ਤੇ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਸਮੱਗਲਰ ਕੋਈ ਨਾਕਾ ਤੋੜ ਕੇ ਫਰਾਰ ਹੋਏ ਸਨ, ਜਿਨ੍ਹਾਂ ਦੀ ਸ਼ਰਾਬ ਪੁਲਸ ਨੇ ਬਰਾਮਦ ਕੀਤੀ ਹੈ । ਇੰਸਪੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਮੋਟਰਸਾਈਕਲ ਨਵਾਂ ਹੋਣ ਕਾਰਨ ਉਸ ਦਾ ਨੰਬਰ ਅਜੇ ਅਪਲਾਈ ਹੋਇਆ ਪਿਆ ਹੈ, ਸੋਮਵਾਰ ਨੂੰ ਪੁਲਸ ਮੋਟਰਸਾਈਕਲ ਤੇ ਕਾਰ ਦਾ ਨੰਬਰ ਟਰੇਸ ਕਰ ਕੇ ਉਨ੍ਹਾਂ ਦੇ ਮਾਲਕਾਂ ਤਕ ਪਹੁੰਚੇਗੀ। ਫਿਲਹਾਲ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਟਰੇਸ ਕਰ ਕੇ ਗ੍ਰਿਫਤਾਰ ਵੀ ਕੀਤਾ ਜਾਵੇਗਾ। ਪੁਲਸ ਵਲੋਂ ਬਰਾਮਦ ਕੀਤੀ ਸ਼ਰਾਬ ਅਰੁਣਾਚਲ ਪ੍ਰਦੇਸ਼ ਦੀ ਹੈ ।