ਮਾਮਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਦਾ

03/20/2019 3:48:33 AM

ਜਲੰਧਰ (ਚਾਵਲਾ)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਵਿਖੇ ਅੱਜ ਉਸ ਵੇਲੇ ਵਿਵਾਦ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਵਿਖੇ ਸਾਬਕਾ ਪ੍ਰਬੰਧਕਾਂ ਅਤੇ ਸੰਗਤਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ। ਇਸ ਦੌਰਾਨ ਸਾਬਕਾ ਪ੍ਰਬੰਧਕ ਵਲੋਂ ਇਕ ਅੰਮ੍ਰਿਤਧਾਰੀ 80 ਸਾਲਾ ਬਜ਼ੁਰਗ ਹਰਜਿੰਦਰ ਸਿੰਘ ਨਾਲ ਧੱਕਾਮੁੱਕੀ ਕੀਤੀ ਗਈ, ਜਿਸ ਨਾਲ ਇਲਾਕੇ ਦੀਆਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪੁੱਜੀ।ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਕ ਧਿਰ ਦਾ ਦੋਸ਼ ਸੀ ਕਿ ਇਸ ਸਥਾਨ ’ਤੇ ਪਿਛਲੇ 15 ਸਾਲਾਂ ਤੋਂ ਸੇਵਾ ਕਰ ਰਹੇ ਗ੍ਰੰਥੀ ਸਿੰਘ ਵਲੋਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਅਤੇ ਫੰਡਾਂ ਵਿਚ ਹੇਰਾਫੇਰੀ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਇਹ ਸਾਰਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਲਿਆਂਦਾ ਗਿਆ। ਅੱਜ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਬੀਬੀ ਤਰਲੋਚਨ ਕੌਰ ਦੀ ਅਗਵਾਈ ਵਿਚ ਆਈ ਪੜਤਾਲੀਆ ਕਮੇਟੀ ਨੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਇਸ ਗੁਰੂਘਰ ਦਾ ਪ੍ਰਬੰਧ ਅੰਮ੍ਰਿਤਧਾਰੀ ਗੁਰ ਸਿੱਖਾਂ ਕੋਲ ਹੋਣਾ ਚਾਹੀਦਾ ਹੈ ਤਾਂ ਹੀ ਇਸ ਅਸਥਾਨ ਦਾ ਪ੍ਰਬੰਧ ਠੀਕ ਢੰਗ ਨਾਲ ਚੱਲੇਗਾ। ਇਸ ਮੌਕੇ ਅੰਮ੍ਰਿਤਧਾਰੀ ਬਜ਼ੁਰਗ ਹਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸਾਬਕਾ ਪ੍ਰਬੰਧਕ ਨੇ ਉਸ ਨੂੰ ਧੱਕੇ ਮਾਰੇ ਤੇ ਕੇਸਾਂ ਤੇ ਪੱਗ ਦੀ ਬੇਅਦਬੀ ਕੀਤੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਉਨ੍ਹਾਂ ਨੇ ਪੁਲਸ ਡਵੀਜ਼ਨ ਨੰ. 6 ਵਿਚ ਪ੍ਰਬੰਧਕ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।