ਚੋਣਾਂ ਦੇ ਮੱਦੇਨਜ਼ਰ ਪੁਲਸ ਚੌਕਸ, ਥਾਣਾ ਪਤਾਰਾ ਨੇ ਕੱਟੇ ਚਲਾਨ

03/16/2019 5:01:23 AM

ਜਲੰਧਰ (ਮਹੇਸ਼)–ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਿ਼ਲਾ ਦਿਹਾਤੀ ਦੀ ਪੁਲਸ ਵੀ ਪੂਰੀ ਤਰ੍ਹਾਂ ਨਾਲ ਚੌਕਸ ਹੋ ਗਈ ਹੈ, ਜਿਸ ਦੇ ਚਲਦੇ ਐੱਸ. ਐੱਚ. ਓ. ਪਤਾਰਾ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਰਾਸ਼ਟਰਪਤੀ ਐਵਾਰਡੀ ਡੀ. ਐੱਸ. ਪੀ. ਆਦਮਪੁਰ ਗੁਰਦੇਵ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਅੱਜ ਥਾਣਾ ਪਤਾਰਾ ਅਧੀਨ ਪੈਂਦੇ ਕਈ ਇਲਾਕਿਆਂ ਵਿਚ ਨਾਕਾਬੰਦੀ ਕਰਦੇ ਹੋਏ ਸ਼ੱਕੀ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਵਾਹਨਾਂ ਦੀ ਚੈਕਿੰਗ ਵੀ ਕੀਤੀ। ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਦਰਜਨ ਦੇ ਕਰੀਬ ਚਲਾਨ ਵੀ ਕੱਟੇ ਗਏ। ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ ਗਰੇਵਾਲ ਨੇ ਕਿਹਾ ਕਿ ਇਹ ਚੈਕਿੰਗ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਸ ਦੌਰਾਨ ਡੀ. ਐੱਸ. ਪੀ. ਗੁਰਦੇਵ ਸਿੰਘ ਆਹਲੂਵਾਲੀਆ ਨੇ ਵੀ ਆਪਣੇ ਹਲਕੇ ਵਿਚ ਆਉਂਦੇ ਥਾਣਾ ਪਤਾਰਾ, ਆਦਮਪੁਰ ਤੇ ਭੋਗਪੁਰ ਦੇ ਇਲਾਕਿਆਂ ਵਿਚ ਰਹਿੰਦੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਚੋਣਾਂ ਨੂੰ ਸ਼ਾਂਤੀਪੂਰਵਕ ਕਰਵਾਉਣ ਲਈ ਉਹ ਪੁਲਸ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਲਾਇਸੈਂਸੀ ਅਸਲਾ ਸਬੰਧਤ ਪੁਲਸ ਸਟੇਸ਼ਨਾਂ ਵਿਚ ਜਮ੍ਹਾ ਕਰਵਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਾਜਾਇਜ਼ ਸ਼ਰਾਬ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਨਸ਼ੇ ਨਾਲ ਫੜਿਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਤਿੰਨਾਂ ਥਾਣਿਆਂ ਅਤੇ ਤਿੰਨਾਂ ਪੁਲਸ ਚੌਕੀਆਂ ਦੇ ਮੁਖੀਆਂ ਸਮੇਤ ਸਾਰੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਪੂਰੀ ਈਮਾਨਦਾਰੀ ਨਾਲ ਨਿਭਾਉਣ ਨੂੰ ਲੈ ਕੇ ਵੀ ਦਿਸ਼ਾ-ਨਿਰਦੇਸ਼ ਦਿੱਤੇ।