ਪਟਿਆਲਾ ਰੈਲੀ ਲਈ ਮਜ਼ਦੂਰਾਂ ਨੇ ਕੀਤੀ ਲਾਮਬੰਦੀ

02/16/2019 4:19:39 AM

ਜਲੰਧਰ (ਤ੍ਰੇਹਨ, ਮਰਵਾਹਾ)-ਖੇਤ ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਖੁਦਕੁਸ਼ੀ ਕਰਨ ਵਾਲਿਆਂ ਦੇ ਪੀਡ਼ਤ ਪਰਿਵਾਰਾਂ ਲਈ ਮੁਆਵਜ਼ੇ ਤੇ ਨੌਕਰੀਆਂ, ਬੇਰੁਜ਼ਗਾਰਾਂ ਲਈ ਰੋਜ਼ਗਾਰ ਅਤੇ ਰਿਹਾਇਸ਼ੀ ਪਲਾਟਾਂ ਤੋਂ ਇਲਾਵਾ ਅਨੇਕਾਂ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 4 ਮਾਰਚ ਨੂੰ ਪਟਿਆਲਾ ਵਿਖੇ ‘ਖੇਤ ਮਜ਼ਦੂਰ ਲਲਕਾਰ ਰੈਲੀ’ ਕੀਤੀ ਜਾ ਰਹੀ ਹੈ। ਇਸ ਰੈਲੀ ਦੇ ਸਬੰਧ ’ਚ ਯੂਨੀਅਨ ਨੇ ਇਲਾਕਾ ਸ਼ਾਹਕੋਟ ਤੇ ਨਕੋਦਰ ’ਚ ਜ਼ੋਰਦਾਰ ਤਿਆਰੀਆਂ ਵਿੱਢੀਆਂ ਹੋਈਆਂ ਹਨ। ਉਸੇ ਲਡ਼ੀ ਤਹਿਤ ਅੱਜ ਯੂਨੀਅਨ ਨੇ ਪਿੰਡ ਮਲਸੀਆਂ ਵਿਚ ਯੂਨੀਅਨ ਦੀ ਇਕ ਇਲਾਕਾ ਪੱਧਰੀ ਮੀਟਿੰਗ ਪ੍ਰਧਾਨ ਹਰਪਾਲ ਬਿੱਟਾ ਦੀ ਪ੍ਰਧਾਨਗੀ ਹੇਠ ਕੀਤੀ। ਮੀਟਿੰਗ ’ਚ ਪੁੱਜੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲਡ਼ੀ ਨੇ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੀ ਮਜ਼ਦੂਰਾਂ ਨੂੰ ਲਾਰੇ-ਲੱਪੇ ਲਾ ਕੇ ਡੰਗ ਟਪਾ ਰਹੀ ਹੈ। ਸਕੂਲਾਂ, ਡਿਸਪੈਂਸਰੀਆਂ ਤੇ ਹੋਰ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ’ਚ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਮਜ਼ਦੂਰਾਂ ਨੂੰ ਇਕ ਵਾਰ ਫਿਰ ਰਿਹਾਇਸ਼ੀ ਪਲਾਟਾਂ ਦਾ ਚੋਗਾ ਪਾਇਆ ਜਾ ਰਿਹਾ ਹੈ ਪਰ ਅਸਲ ਵਿਚ ਸਰਕਾਰ ਦੀ ਮਜ਼ਦੂਰਾਂ ਨੂੰ ਪਲਾਟ ਦੇਣ ਦੀ ਕੋਈ ਨੀਤੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਭ ਤੋਂ ਵੱਧ ਦਰਡ਼ੇ ਹੋਏ ਲੋਕਾਂ ਨੂੰ ਸਿਰਫ ਵੋਟਾਂ ਖਾਤਿਰ ਵੋਟ ਬਟੋਰੂ ਪਾਰਟੀਆਂ ਹੁਣ ਤੱਕ ਇਸਤੇਮਾਲ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਖੇਤ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕ ਹਾਸਲ ਕਰਨ ਲਈ 4 ਮਾਰਚ ਨੂੰ ਵਹੀਰਾਂ ਘੱਤ ਕੇ ਪਟਿਆਲੇ ਪੁੱਜਣ। ਇਲਾਕਾ ਸਕੱਤਰ ਸੁਖਜਿੰਦਰ ਲਾਲੀ ਨੇ ਕਿਹਾ ਕਿ 4 ਮਾਰਚ ਦੀ ਲਲਕਾਰ ਰੈਲੀ ਦੀ ਤਿਆਰੀ ਵਜੋਂ ਇਲਾਕੇ ਅੰਦਰ ਲਾਮਬੰਦੀ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਇਲਾਕੇ ਵਿਚ ਵੱਡੀ ਗਿਣਤੀ ’ਚ ਯੂਨੀਅਨ ਦੇ ਇਸ਼ਤਿਹਾਰ ਲਗਾਏ ਗਏ ਹਨ। ਹਜ਼ਾਰਾਂ ਦੀ ਗਿਣਤੀ ਵਿਚ ਇਲਾਕੇ ਵਿਚੋਂ ਖੇਤ ਮਜ਼ਦੂਰ ਪਟਿਆਲੇ ਪੁੱਜਣਗੇ।