ਕਾਂਗਰਸੀ ਆਬਜ਼ਰਵਰ ਨੇ ਜ਼ਿਲਾ ਕਾਂਗਰਸ ਸ਼ਹਿਰੀ ਤੇ ਦਿਹਾਤੀ ਨਾਲ ਸਬੰਧਤ ਆਗੂਆਂ ਨਾਲ ਕੀਤੀਆਂ ਮੀਟਿੰਗਾਂ

02/15/2019 3:55:38 AM

ਜਲੰਧਰ (ਚੋਪੜਾ)—ਲੋਕ ਸਭਾ ਚੋਣਾਂ ਦੇ ਸੰਦਰਭ ਵਿਚ ਆਲ ਇੰਡੀਆ ਕਾਂਗਰਸ ਵਲੋਂ ਨਿਯੁਕਤ ਕੀਤੇ ਆਬਜ਼ਰਵਰ ਗਿਰੀਸ਼ ਗਰਗ ਨੇ ਜ਼ਿਲਾ ਕਾਂਗਰਸ ਦਿਹਾਤੀ ਅਤੇ ਸ਼ਹਿਰੀ ਨਾਲ ਸਬੰਧਤ ਬਲਾਕ ਪ੍ਰਧਾਨਾਂ, ਇੰਟਕ ਆਗੂਆਂ ਅਤੇ ਵੱਖ-ਵੱਖ ਸੈੱਲਾਂ ਨਾਲ ਸਬੰਧਤ ਅਹੁਦੇਦਾਰਾਂ ਨਾਲ ਸਥਾਨਕ ਕਾਂਗਰਸ ਭਵਨ ਵਿਚ ਮੀਟਿੰਗਾਂ ਕੀਤੀਆਂ। ਇਸ ਦੌਰਾਨ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ, ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਵੀ ਮੌਜੂਦ ਸਨ। ਗਰਗ ਨੇ ਇਸ ਦੌਰਾਨ ਕਾਂਗਰਸੀ ਆਗੂਆਂ ਨੂੰ ਲੋਕ ਸਭਾ ਚੋਣਾਂ ਲਈ ਡਟ ਜਾਣ ਲਈ ਪ੍ਰੇਰਿਤ ਕਰਦਿਆਂ ਦੱਸਿਆ ਕਿ ਉਹ ਬੂਥ ਪੱਧਰ ’ਤੇ ਕਮੇਟੀਆਂ ਦਾ ਗਠਨ ਕਰਨ ਅਤੇ ਜਨਤਾ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਤਾਂ ਜੋ ਇਹ ਪ੍ਰਚਾਰ ਇਕ ਲੋਕ ਫਤਵਾ ਬਣ ਕੇ ਚੋਣਾਂ ਵਿਚ ਕਾਂਗਰਸ ਦੀ ਜਿੱਤ ਦਾ ਰਾਹ ਪੱਧਰਾ ਕਰੇ। ਗਰਗ ਨੇ ਦੱਸਿਆ ਕਿ ਉਹ ਲੋਕ ਸਭਾ ਚੋਣਾਂ ਤੱਕ ਇਸ ਜ਼ਿਲੇ ਵਿਚ ਕੰਮ ਕਰਨਗੇ। ਕਾਂਗਰਸ ਦੇ ਮੌਜੂਦਾ ਹਾਲਾਤ ਅਤੇ ਉਮੀਦਵਾਰ ਸਬੰਧੀ ਆਪਣੀ ਸੰਪੂਰਨ ਰਿਪੋਰਟ ਹਾਈਕਮਾਨ ਨੂੰ ਸੌਂਪਣਗੇ। ਬਲਦੇਵ ਦੇਵ ਅਤੇ ਸੁਖਵਿੰਦਰ ਲਾਲੀ ਨੇ ਦੱਸਿਆ ਕਿ ਜ਼ਿਲਾ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਬੂਥ ਅਤੇ ਪਿੰਡ ਪੱਧਰ ਤੱਕ ਆਪਣੇ ਬੂਥ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਵਲੋਂ ਐਲਾਨੇ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਜਾਵੇਗਾ। ਇਸ ਮੌਕੇ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਅੰਮ੍ਰਿਤ ਖੋਸਲਾ, ਯੂਥ ਕਾਂਗਰਸ ਜਲੰਧਰ ਲੋਕ ਸਭਾ ਦੇ ਪ੍ਰਧਾਨ ਅਸ਼ਵਨ ਭੱਲਾ, ਦਿਹਾਤੀ ਦੇ ਬਲਾਕ ਪ੍ਰਧਾਨਾਂ ਵਿਚ ਰਣਦੀਪ ਸਿੰਘ ਰਾਣਾ, ਪਰਮਿੰਦਰ ਸਿੰਘ ਮੱਲ੍ਹੀ, ਅਮਰਜੀਤ ਸਿੰਘ ਕੰਗ, ਹਰਭਜਨ ਸਿੰਘ, ਲਖਵਿੰਦਰ ਸਿੰਘ ਲੱਖਾ, ਹਰਦੇਵ ਸਿੰਘ ਪੀਤਾ, ਰਾਕੇਸ਼ ਕੁਮਾਰ ਦੁੱਗਲ, ਸਲਵੰਤ ਸਿੰਘ ਆਦਿ ਮੌਜੂਦ ਸਨ।