ਜਲੰਧਰ ਦੇ ਗੋਪਾਲ ਨਗਰ ''ਚ ਸ਼ਰੇਆਮ ਚੱਲੀਆਂ ਗੋਲੀਆਂ, ਇਕ ਗੰਭੀਰ ਜ਼ਖਮੀ (ਵੀਡੀਓ)

04/15/2022 1:27:57 AM

ਜਲੰਧਰ (ਸੁਧੀਰ)–ਗੋਪਾਲ ਨਗਰ 'ਚ ਦੇਰ ਰਾਤ ਉਸ ਸਮੇਂ ਭਾਜੜ ਮਚ ਗਈ, ਜਦੋਂ 2 ਧੜਿਆਂ ਦੇ ਝਗੜੇ 'ਚ ਕੁਝ ਨੌਜਵਾਨਾਂ ਨੇ ਸ਼ਰੇਆਮ ਸੜਕ ਦੇ ਵਿਚਾਲੇ ਗੋਲੀਆਂ ਚਲਾ ਦਿੱਤੀਆਂ। ਅਚਾਨਕ ਗੋਲੀਆਂ ਚੱਲਣ ਨਾਲ ਇਲਾਕੇ 'ਚ ਭਾਜੜ ਮਚ ਗਈ। ਘਟਨਾ 'ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਦੋਂ ਕਿ ਉਸ ਦੇ ਪਿੱਛੇ ਬੈਠੀ ਪਤਨੀ ਅਤੇ ਉਸ ਦੀ ਤਿੰਨ ਸਾਲਾ ਮਾਸੂਮ ਬੱਚੀ ਘਟਨਾ 'ਚ ਵਾਲ-ਵਾਲ ਬਚੀਆਂ। ਘਟਨਾ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਲੋਕਾਂ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਅਚਾਨਕ ਸ਼ਹਿਰ 'ਚ ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਕਮਿਸ਼ਨਰੇਟ ਪੁਲਸ 'ਚ ਹੜਕੰਪ ਮਚ ਗਿਆ।

ਇਹ ਵੀ ਪੜ੍ਹੋ : ਸਲੀਨਸ ਕੈਲੀਫੋਰਨੀਆ ਦੇ ਟੇਲਰ ਫ਼ਾਰਮ 'ਚ ਲੱਗੀ ਭਿਆਨਕ ਅੱਗ

ਸਾਰੀ ਵਾਰਦਾਤ ਘਟਨਾ ਸਥਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਸਡ਼ਕ ਵਿਚਾਲੇ ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਨਵ-ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਤੁਰੰਤ ਸਿਵਲ ਹਸਪਤਾਲ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ। ਹਮਲੇ ਵਿਚ ਜ਼ਖ਼ਮੀ ਹਰਮੇਲ ਦੇਵਗਨ ਨਿਵਾਸੀ ਤੋਬੜੀ ਮੁਹੱਲਾ ਨੇ ਦੱਸਿਆ ਕਿ ਉਹ ਰਾਤੀਂ ਆਪਣੀ ਪਤਨੀ ਤੇ ਬੱਚੀ ਸਮੇਤ ਆਪਣੇ ਸਹੁਰੇ ਕ੍ਰਿਸ਼ਨਾ ਨਗਰ ਤੋਂ ਆਪਣੇ ਘਰ ਵੱਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦੋਂ ਉਹ ਗੋਪਾਲ ਨਗਰ ਸਥਿਤ ਬੱਤਰਾ ਪੈਲੇਸ ਨੇੜੇ ਪੁੱਜੇ ਤਾਂ 2 ਧੜਿਆਂ ਦੇ ਨੌਜਵਾਨ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਝਗੜ ਰਹੇ ਸਨ, ਜਦੋਂ ਕਿ ਇਕ ਨੌਜਵਾਨ ਦੇ ਪਿੱਛੇ ਕੁਝ ਲੋਕ ਭੱਜ ਰਹੇ ਸਨ।

ਇਹ ਵੀ ਪੜ੍ਹੋ : ਗੈਰ ਸਰਕਾਰੀ ਸੰਗਠਨਾਂ ਲਈ ਸੰਯੁਕਤ ਰਾਸ਼ਟਰ ਦੀ ਕਮੇਟੀ 'ਚ ਮੁੜ ਚੁਣਿਆ ਗਿਆ ਪਾਕਿਸਤਾਨ

ਇੰਨੇ ਵਿਚ ਕੁਝ ਨੌਜਵਾਨਾਂ ਨੇ ਸੜਕ ਦੇ ਵਿਚਾਲੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਕ ਗੋਲੀ ਉਸ ਦੀ ਲੱਤ 'ਚ ਵੱਜੀ। ਉਸ ਨੇ ਦੱਸਿਆ ਕਿ ਉਹ ਹਮਲਾਵਰਾਂ ਨੂੰ ਨਹੀਂ ਜਾਣਦਾ। ਦੂਜੇ ਪਾਸੇ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਸ਼ਨਾਖਤ ਕਰਨ 'ਚ ਜੁਟੀ ਹੋਈ ਹੈ। ਖਬਰ ਲਿਖੇ ਜਾਣ ਤੱਕ ਪੁਲਸ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਬਾਰੇ ਸੁਰਾਗ ਲਾ ਰਹੀ ਸੀ।

ਇਹ ਵੀ ਪੜ੍ਹੋ : ਰੂਸ ਦੀ ਚਿਤਾਵਨੀ, ਸਵੀਡਨ-ਫਿਨਲੈਂਡ ਨਾਟੋ 'ਚ ਹੋਏ ਸ਼ਾਮਲ ਤਾਂ ਤਾਇਨਾਤ ਕਰ ਦੇਣਗੇ ਪ੍ਰਮਾਣੂ ਹਥਿਆਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar