ਚੋਰੀ ਦੇ ਵਾਹਨਾਂ ’ਤੇ ਜਾਅਲੀ ਨੰਬਰ ਲਾ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ 3 ਗਿ੍ਫਤਾਰ

12/31/2019 11:40:11 AM

ਜਲੰਧਰ (ਸੋਨੂੰ, ਮਾਹੀ) - ਦਿਹਾਤੀ ਥਾਣਾ ਮਕਸੂਦਾਂ ਦੀ ਪੁਲਸ ਨੇ 21 ਚੋਰੀਸ਼ੁਦਾ ਮੋਬਾਇਲ, 1 ਜਾਅਲੀ ਨੰਬਰ ਪਲੇਟ ਲੱਗਾ ਮੋਟਰਸਾਈਕਲ, 1 ਸਾਈਕਲ ਅਤੇ 3 ਲੈਪਟਾਪ ਸਣੇ 3 ਨੌਜਵਾਨਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰੈੱਸ ਕਾਨਫਰੰਸ ’ਚ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਸਣੇ ਪੁਲਸ ਪਾਰਟੀ ਪਿੰਡ ਬਿਧੀਪੁਰ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ 3 ਨੌਜਵਾਨ 1 ਮੋਟਰਸਾਈਕਲ ’ਤੇ ਸਵਾਰ ਹੋ ਕਰਤਾਰਪੁਰ ਤੋਂ ਜਲੰਧਰ ਨੂੰ ਆ ਰਹੇ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਰੋਕ ਲਿਆ। ਤਲਾਸ਼ੀ ਲੈਣ ’ਤੇ ਉਕਤ ਨੌਜਵਾਨਾਂ ਤੋਂ 14 ਮੋਬਾਇਲ, 2 ਲੈਪਟਾਪ ਬਰਾਮਦ ਹੋਏ। ਮੋਟਰਸਾਈਕਲ ਦੇ ਕਾਗਜ਼ ਪੱਤਰ ਚੈੱਕ ਕੀਤੇ ਗਏ ਤਾਂ ਮੋਟਰਸਾਈਕਲ ’ਤੇ ਲੱਗੀ ਨੰਬਰ ਪਲੇਟ ਅਤੇ ਕਾਗਜ਼ਾਤ ਜਾਅਲੀ ਪਾਏ ਗਏ।

ਪੁਲਸ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਜਦ ਇਨ੍ਹਾਂ ਬਰਾਮਦ ਮੋਬਾਇਲਾਂ ਅਤੇ ਲੈਪਟਾਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਬੂਲਿਆ ਕਿ ਇਹ ਮੋਬਾਇਲ ਤੇ ਲੈਪਟਾਪ ਚੋਰੀ ਦੇ ਹਨ। ਪੁਲਸ ਉਕਤ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਕੇ ਥਾਣਾ ਮਕਸੂਦਾਂ ਲੈ ਗਈ। ਇਸ ਦੌਰਾਨ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਘਰੋਂ 7 ਮੋਬਾਇਲ, ਇਕ ਰੇਸਰ ਸਾਈਕਲ ਅਤੇ ਇਕ ਲੈਪਟਾਪ ਹੋਰ ਬਰਾਮਦ ਕੀਤਾ। ਡੀ. ਐੱਸ. ਪੀ. ਧੋਗੜੀ ਨੇ ਦੱਸਿਆ ਕਿ ਇਹ ਨੌਜਵਾਨ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ ’ਤੇ ਮੁਸਾਫਰਾਂ ਦੇ ਬੈਗ, ਪੈਸੇ, ਮੋਬਾਇਲ ਆਦਿ ਚੋਰੀ ਕਰਨ ਦੇ ਆਦੀ ਹਨ, ਜੋ ਥਾਣਾ ਕਰਤਾਰਪੁਰ ਅਤੇ ਚੌਕੀ ਮੰਡ ਦੇ ਏਰੀਏ ਵਿਚ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ।

ਨੌਜਵਾਨਾਂ ਦੀ ਪਛਾਣ ਮਨਜੀਤ ਸਿੰਘ ਉਰਫ਼ ਹੈਪੀ ਪੁੱਤਰ ਜਸਵੀਰ ਸਿੰਘ, ਜੋ ਆਟੋ ਚਲਾਉਣ ਦਾ ਕੰਮ ਕਰਦਾ ਹੈ, ਦੂਜਾ ਸਤਨਾਮ ਸਿੰਘ ਉਰਫ਼ ਕਾਕਾ ਪੁੱਤਰ ਕਰਨੈਲ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ਼ ਭੀਮਾ ਪੁੱਤਰ ਭਗੰਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਖਿਲਾਫ ਥਾਣਾ ਮਕਸੂਦਾਂ ਵਿਖੇ 379, 482, 411 ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਨੌਜਵਾਨਾਂ ਨੂੰ ਮਾਣਯੋਗ ਅਦਾਲਤ ਪੇਸ਼ ਕਰ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।  

rajwinder kaur

This news is Content Editor rajwinder kaur