ਮਾਮਲਾ ਹੱਤਿਆ ਤੋਂ ਬਾਅਦ ਖੁਦਕੁਸ਼ੀ ਦਾ, ਗੰਨਮੈਨ ਬਲਵਿੰਦਰ ਹੋਵੇਗਾ ਜਾਂਚ ''ਚ ਸ਼ਾਮਲ

03/21/2019 4:50:19 PM

ਜਲੰਧਰ (ਮਹੇਸ਼) - ਪੀ. ਏ. ਪੀ. ਦੀ 75 ਬਟਾਲੀਅਨ 'ਚ ਤਾਇਨਾਤ ਗੰਨਮੈਨ ਬਲਵਿੰਦਰ ਕੋਲੋਂ ਲਿਆਂਦੇ 38 ਬੋਰ ਦੇ ਸਰਵਿਸ ਰਿਵਾਲਵਰ ਨਾਲ ਪਤਨੀ ਵੰਦਨਾ ਭਾਰਦਵਾਜ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਥਾਣੇਦਾਰ ਗੁਰਬਖਸ਼ ਸਿੰਘ ਰਾਜੂ ਭਾਰਦਵਾਜ ਕੋਲ ਬਲਵਿੰਦਰ ਦੀ ਸਰਵਿਸ ਰਿਵਾਲਵਰ ਕਿਵੇਂ ਆਈ। ਰਿਵਾਲਵਰ ਦੇ ਇਸ ਮਾਮਲੇ ਨੂੰ ਲੈ ਕੇ ਪੁਲਸ ਦੀ ਜਾਂਚ ਅਜੇ ਜਾਰੀ ਹੈ ਤੇ ਇਸ ਜਾਂਚ 'ਚ ਗੰਨਮੈਨ ਬਲਵਿੰਦਰ ਸਿੰਘ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀ. ਏ. ਪੀ. 'ਚ 7 ਤੇ 75 ਬਟਾਲੀਅਨ ਦੇ ਸਿਹਤ ਕੇਂਦਰਾਂ 'ਚ ਸੇਵਾਵਾਂ ਦੇਣ ਵਾਲੇ ਇਕ ਡਾਕਟਰ ਦੇ ਗੰਨਮੈਨ ਵਜੋਂ ਤਾਇਨਾਤ ਬਲਵਿੰਦਰ ਦੇ ਸਾਹਮਣੇ ਆਉਣ 'ਤੇ ਪਤਾ ਲੱਗੇਗਾ ਕਿ ਉਸ ਦੀ ਸਰਵਿਸ ਰਿਵਾਲਵਰ 80 ਬਟਾਲੀਅਨ ਦੇ ਏ. ਐੱਸ. ਆਈ. ਗੁਰਬਖਸ਼ ਸਿੰਘ ਕੋਲ ਕਿਵੇਂ ਪਹੁੰਚੀ। 

ਏ. ਸੀ. ਪੀ. ਸੈਂਟਰਲ ਨੇ ਕਿਹਾ ਕਿ ਪੂਰੇ ਮਾਮਲੇ ਦੀ ਡੂੰੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਸ ਕੋਲੋਂ ਪੁੱਛਗਿੱਛ ਤੋਂ ਬਾਅਦ ਕਮਿਸ਼ਨਰੇਟ ਪੁਲਸ ਆਪਣੀ ਰਿਪੋਰਟ ਤਿਆਰ ਕਰ ਕੇ ਸਬੰਧਤ ਅਧਿਕਾਰੀਆਂ ਨੂੰ ਸੌਂਪੇਗੀ। ਬਲਵਿੰਦਰ ਸਿੰਘ ਦੇ ਅਜੇ ਜਾਂਚ 'ਚ ਸ਼ਾਮਲ ਨਾ ਹੋਣ ਕਾਰਨ ਵਾਰਦਾਤ ਵਾਲੀ ਜਗ੍ਹਾ ਤੋਂ ਬਰਾਮਦ ਹੋਇਆ ਰਿਵਾਲਵਰ ਅਜੇ ਪੁਲਸ ਦੇ ਹੀ ਕਬਜ਼ੇ 'ਚ ਹੈ। ਪਤਾ ਲੱਗਾ ਹੈ ਕਿ ਬਲਵਿੰਦਰ ਦਾ ਸਰਵਿਸ ਰਿਵਾਲਵਰ ਉਸ ਨੂੰ 7 ਬਟਾਲੀਅਨ ਦੀ ਅਸਲਾ ਬ੍ਰਾਂਚ 'ਚੋਂ ਜਾਰੀ ਹੋਇਆ ਸੀ। ਓਧਰ ਪੀ. ਏ. ਪੀ. ਦੇ ਅਧਿਕਾਰੀਆਂ ਨੇ ਸੰਪਰਕ ਕਰਨ 'ਤੇ ਕਿਹਾ ਹੈ ਕਿ ਕਮਿਸ਼ਨਰੇਟ ਪੁਲਸ ਜੋ ਵੀ ਰਿਪੋਰਟ ਉਨ੍ਹਾਂ ਨੂੰ ਸੌਂਪੇਗੀ, ਉਸ ਤੋਂ ਬਾਅਦ ਗੰਨਮੈਨ ਬਲਵਿੰਦਰ 'ਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।  

rajwinder kaur

This news is Content Editor rajwinder kaur